
ਕਾਬੁਲ, 28 ਦਸੰਬਰ 2024 : ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਜੰਗ ਦੀ ਸਥਿਤੀ ਬਣੀ ਹੋਈ ਹੈ। ਪਾਕਿਸਤਾਨ ਅਫਗਾਨਿਸਤਾਨ 'ਤੇ ਲਗਾਤਾਰ ਹਵਾਈ ਹਮਲੇ ਕਰ ਰਿਹਾ ਹੈ, ਜਿਸ ਕਾਰਨ ਦੋਵਾਂ ਵਿਚਾਲੇ ਤਣਾਅ ਕਾਫੀ ਵਧ ਗਿਆ ਹੈ। ਇਸ ਦੌਰਾਨ 15 ਹਜ਼ਾਰ ਤਾਲਿਬਾਨੀ ਲੜਾਕੇ ਪਾਕਿਸਤਾਨ ਵੱਲ ਵਧ ਰਹੇ ਹਨ। ਤਾਲਿਬਾਨ ਲੜਾਕਿਆਂ ਨਾਲ ਨਜਿੱਠਣ ਲਈ ਪਾਕਿਸਤਾਨੀ ਫੌਜ ਅਤੇ ਹਵਾਈ ਫੌਜ ਨੇ ਪੇਸ਼ਾਵਰ ਅਤੇ ਕਵੇਟਾ ਵਿਚ ਫੌਜਾਂ ਨੂੰ ਤਾਇਨਾਤ ਕੀਤਾ ਹੈ। ਪਾਕਿਸਤਾਨੀ ਫੌਜ ਦੇ ਕੁਝ ਜਵਾਨ ਅਫਗਾਨ ਸਰਹੱਦ 'ਤੇ ਪਹੁੰਚ ਗਏ ਹਨ। ਦੂਜੇ ਪਾਸੇ ਅਫਗਾਨ ਤਾਲਿਬਾਨ ਦੇ ਲੜਾਕੇ ਮੀਰ ਅਲੀ ਸਰਹੱਦ 'ਤੇ ਪਹੁੰਚ ਗਏ ਹਨ। ਸ਼ਨੀਵਾਰ ਨੂੰ ਅਫਗਾਨਿਸਤਾਨ ਦੇ ਤਾਲਿਬਾਨ ਬਲਾਂ ਨੇ ਪਾਕਿਸਤਾਨ ਦੀ ਸਰਹੱਦ ਨੇੜੇ ਗੋਲੀਬਾਰੀ ਕੀਤੀ। ਇਸ ਦੇ ਨਾਲ ਹੀ ਜਾਣਕਾਰੀ ਸਾਹਮਣੇ ਆਈ ਹੈ ਕਿ ਤਾਲਿਬਾਨ ਲੜਾਕਿਆਂ ਨੇ ਪਾਕਿਸਤਾਨ ਦੀਆਂ ਦੋ ਚੌਕੀਆਂ ਨੂੰ ਤਬਾਹ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਈ ਜਵਾਨਾਂ ਦੇ ਮਾਰੇ ਜਾਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਅਲ ਜਜ਼ੀਰਾ ਦੇ ਅਨੁਸਾਰ, ਅਫਗਾਨਿਸਤਾਨ ਨੇ ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਸਰਹੱਦ, ਡੂਰੰਡ ਲਾਈਨ ਨੂੰ ਰੱਦ ਕਰ ਦਿੱਤਾ ਹੈ, ਜੋ 19ਵੀਂ ਸਦੀ ਵਿੱਚ ਬ੍ਰਿਟਿਸ਼ ਦੁਆਰਾ ਖਿੱਚੀ ਗਈ ਸੀ। ਤਾਲਿਬਾਨ ਇਸ ਨੂੰ ਸਰਹੱਦ ਦੇ ਦੋਵੇਂ ਪਾਸੇ ਪਸ਼ਤੂਨਾਂ ਵਿਚਕਾਰ ਵੰਡਣ ਵਾਲੀ ਰੇਖਾ ਦੇ ਤੌਰ 'ਤੇ ਦੇਖਦਾ ਹੈ। ਹਾਲਾਂਕਿ ਤਾਲਿਬਾਨ ਦੇ ਬੁਲਾਰੇ ਇਨਾਇਤੁੱਲਾ ਖੋਵਰਜ਼ਮੀ ਨੇ ਕਿਹਾ, ''ਅਸੀਂ ਇਸ ਨੂੰ ਪਾਕਿਸਤਾਨ ਦਾ ਇਲਾਕਾ ਨਹੀਂ ਮੰਨਦੇ।ਖੋਸਤ ਅਤੇ ਪਕਤੀਆ ਸੂਬਿਆਂ ਦੀ ਸਰਹੱਦ 'ਤੇ ਅੱਜ ਸਵੇਰ ਤੋਂ ਹੀ ਝੜਪਾਂ ਚੱਲ ਰਹੀਆਂ ਹਨ। ਅਫਗਾਨਿਸਤਾਨ ਦਾ ਪਾਕਿਸਤਾਨ ਨਾਲ ਗੁੰਝਲਦਾਰ ਇਤਿਹਾਸ ਰਿਹਾ ਹੈ। ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਸਥਾਪਨਾ ਵਿੱਚ ਪਾਕਿਸਤਾਨ ਨੇ ਵੱਡੀ ਭੂਮਿਕਾ ਨਿਭਾਈ ਸੀ। ਹਾਲਾਂਕਿ, ਹੁਣ ਤਾਲਿਬਾਨ 'ਤੇ ਸਿਰਫ ਪਾਕਿਸਤਾਨ ਦੀ ਨਜ਼ਰ ਹੈ। (ANI)