ਸਰੀ : ਸਿੱਖ ਕੌਮ ਦੇ ਉੱਘੇ ਵਿਦਵਾਨ ਅਤੇ ਨਾਨਕਸ਼ਾਹੀ ਕੈਲੰਡਰ ਦੇ ਰਚੈਤਾ ਸ. ਪਾਲ ਸਿੰਘ ਪੁਰੇਵਾਲ ਦੇ ਚਲਾਣੇ 'ਤੇ ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੁਸਾਇਟੀ ਵੱਲੋਂ ਸਰੀ ਦੇ ਯੌਰਕ ਸੈਂਟਰ ਵਿਖੇ ਇਕੱਤਰਤਾ ਕੀਤੀ ਗਈ। ਜਿਸ ਵਿਚ ਕੈਨੇਡਾ ਦੀਆਂ ਵੱਖ-ਵੱਖ ਸਿੱਖ ਸੁਸਾਇਟੀਆਂ, ਜਿਨ੍ਹਾਂ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ, ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ, ਗੁਰਦੁਆਰਾ ਦਸਮੇਸ਼ ਦਰਬਾਰ ਸਰੀ, ਗੁਰਦੁਆਰਾ ਗੁਰੂ ਨਾਨਕ ਨਿਵਾਸ ਰਿਚਮੰਡ, ਗੁਰਦੁਆਰਾ ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ, ਗੁਰਦੁਆਰਾ ਕਲਗੀਧਰ ਦਰਬਾਰ ਐਬਟਸਫੋਰਡ ਅਤੇ ਗੁਰਦੁਆਰਾ ਰਾਮਗੜ੍ਹੀਆ ਸਿੱਖ ਸੁਸਾਇਟੀ ਸਰੀ ਸਮੇਤ ਪ੍ਰਮੁੱਖ ਸੰਸਥਾਵਾਂ ਦੇ ਪ੍ਰਬੰਧਕ ਸਾਹਿਬਾਨਾਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ 'ਤੇ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ ਵਾਲੇ ਸ ਪਾਲ ਸਿੰਘ ਪੁਰੇਵਾਲ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ, ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਲਗਾਉਣ ਅਤੇ ਨਾਨਕਸ਼ਾਹੀ ਕੈਲੰਡਰ ਮੁਕੰਮਲ ਰੂਪ ਵਿੱਚ ਲਾਗੂ ਕਰਨ ਸੰਬੰਧੀ ਮਤਿਆਂ ਨੂੰ ਜੈਕਾਰੇ ਗਜਾ ਕੇ ਪ੍ਰਵਾਨਗੀ ਦਿੱਤੀ ਗਈ। ਕੈਨੇਡਾ ਦੀਆਂ ਉਪਰੋਕਤ ਸਿੱਖ ਸੁਸਾਇਟੀਆਂ ਨੇ ਸਰਬਸੰਮਤੀ ਨਾਲ ਇਹ ਮਤੇ ਪਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਾਗੂ ਕਰਨ ਦੀ ਮੰਗ ਨੂੰ ਸਮੂਹਿਕ ਰੂਪ ਵਿੱਚ ਵਿੱਚ ਪ੍ਰਵਾਨਗੀ ਦਿੱਤੀ। ਇਸ ਤੋਂ ਇਲਾਵਾ ਮੌਜੂਦ ਸਿੱਖ ਸੰਗਤਾਂ ਨੇ ਗੁਰੂ ਨਾਨਕ ਸਾਹਿਬ ਦਾ ਆਗਮਨ ਪੁਰਬ ਪਹਿਲੀ ਵਿਸਾਖ ਨੂੰ ਮਨਾਉਣ ਸਬੰਧੀ ਵੀ ਸਰਬਸੰਮਤੀ ਨਾਲ ਫੈਸਲਾ ਲਿਆ ਅਤੇ ਇਸ ਨੂੰ ਲਾਗੂ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ।ਇਸ ਮੌਕੇ ਤੇ ਸ. ਪਾਲ ਸਿੰਘ ਪੁਰੇਵਾਲ ਦੀ ਕਿਤਾਬ 'ਨਾਨਕਸ਼ਾਹੀ ਕੈਲੰਡਰ'ਰਿਲੀਜ਼ ਕੀਤੀ। ਇਸ ਤੋਂ ਇਲਾਵਾ ਡਾ ਬਲਵੰਤ ਸਿੰਘ ਢਿੱਲੋਂ ਦੀਆਂ, ਗੁਰੂ ਤੇਗ ਬਹਾਦਰ ਜੀ ਅਤੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਖੋਜ ਭਰਪੂਰ ਕਿਤਾਬਾਂ ਵੀ ਲੋਕ ਅਰਪਣ ਕੀਤੀਆਂ ਗਈਆਂ।