ਡੋਰ ਸਟੈਪ ਸੇਵਾਵਾਂ ਦਾ ਲਾਭ ਉਠਾਉਣ ਹੁਸ਼ਿਆਰਪੁਰ ਵਾਸੀ : ਡਿਪਟੀ ਕਮਿਸ਼ਨਰ

  • ਟੋਲ ਫਰੀ ਨੰਬਰ 1076 ’ਤੇ ਕਾਲ ਕਰਕ ਘਰ ਬੈਠੇ ਲਈਆਂ ਜਾ ਸਕਦੀਆਂ ਹਨ 43 ਪ੍ਰਕਾਰ ਦੀਆਂ ਸਰਕਾਰੀ ਸੇਵਾਵਾਂ
  • ਜ਼ਿਲ੍ਹੇ ’ਚ ਤਾਇਨਾਤ ਸੇਵਾ ਸਹਾਇਕ ਘਰ ਆ ਕੇ ਦੇਣਗੇ ਸਰਕਾਰੀ ਸੇਵਾਵਾਂ
  • ਜ਼ਿਲ੍ਹੇ ਵਿਚ ਹੁਣ ਤੱਕ 2450 ਲੋਕਾਂ ਨੂੰ ਡੋਰ ਸਟੈਪ ਡਲੀਵਰੀ ਦਾ ਦਿੱਤਾ ਗਿਆ ਲਾਭ

ਹੁਸ਼ਿਆਰਪੁਰ, 2 ਅਗਸਤ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਡੋਰ ਸਟੈਪ ’ਤੇ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸੇ ਲੜੀ ਵਿਚ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ 43 ਪ੍ਰਕਾਰ ਦੀਆਂ ਸਰਕਾਰੀ ਸੇਵਾਵਾਂ, ਜੋ ਕਿ ਸੇਵਾ ਕੇਂਦਰਾਂ ਵਿਚ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਘਰ ਬੈਠੇ ਹੀ ਮਿਲਣਗੀਆਂ। ਉਨ੍ਹਾਂ ਕਿਹਾ ਕਿ ਸੇਵਾ ਲੈਣ ਵਾਲੇ ਨਾਗਰਿਕ ਨੂੰ ਸੇਵਾ ਕੇਂਦਰ ਵੱਲੋਂ ਤਾਇਨਾਤ ਸੇਵਾ ਸਹਾਇਕ ਜਿਥੇ ਨਾਗਰਿਕ ਦੇ ਘਰ ਜਾ ਕੇ ਉਸ ਦੀ ਲਾਈਵ ਫੋਟੋ ਕਰਕੇ ਹੋਰ ਦਸਤਾਵੇਜ਼ ਪ੍ਰਾਪਤ ਕਰੇਗਾ, ਉਥੇ ਸਰਟੀਫਿਕੇਟ ਬਣਨ ’ਤੇ ਘਰ ਹੀ ਸਰਟੀਫਿਕੇਟ ਦੀ ਡਲੀਵਰੀ ਵੀ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤੱਕ 2450 ਲੋਕਾਂ ਨੂੰ ਡੋਰ ਸਟੈਪ ਡਲੀਵਰੀ ਦਾ ਲਾਭ ਦਿੱਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ’ਤੇ ਮਿਲਣ ਵਾਲੀਆਂ43 ਪ੍ਰਕਾਰ ਦੀਆਂ ਸੇਵਾਵਾਂ ਘਰ ਬੈਠੇ ਪ੍ਰਾਪਤ ਕਰਨ ਲਈ ਜ਼ਿਲ੍ਹਾ ਵਾਸੀ ਟੋਲ ਫਰੀ ਨੰਬਰ 1076 ’ਤੇ ਕਾਲ ਕਰ ਸਕਦੇ ਹਨ। ਇਸ ’ਤੇ ਕਾਲ ਕਰਨ ਤੋਂ ਬਾਅਦ ਉਹ ਸਰਕਾਰੀ ਨੁਮਾਇੰਦੇ ਨੂੰ ਦੱਸ ਸਕਦੇ ਹਨ ਕਿਸ ਸਮੇਂ ’ਤੇ ਉਨ੍ਹਾਂ ਦੇ ਘਰ ਆ ਕੇ ਉਨ੍ਹਾਂ ਦੀ ਫੋਟੋ ਜਾਂ ਹੋਰ ਦਸਤਾਵੇਜ਼ ਲੈ ਕੇ ਉਨ੍ਹਾਂ ਨੂੰ ਸਰਕਾਰੀ ਸੇਵਾ ਦਾ ਲਾਭ ਦੇ ਸਕਦਾ ਹੈ। ਸਰਕਾਰੀ ਸੇਵਾ ਤਹਿਤ ਜੋ ਵੀ ਸਰਟੀਫਿਕੇਟ ਬਣੇਗਾ ਉਹ ਵੀ ਵਿਅਕਤੀ ਨੂੰ ਉਸ ਦੇ ਘਰ ’ਤੇ ਹੀ ਸਰਕਾਰੀ ਨੁਮਾਇੰਦਾ ਦੇ ਕੇ ਜਾਵੇਗਾ। ਕੋਮਲ ਮਿੱਤਲ ਨੇ ਦੱਸਿਆ ਕਿ ਨਾਗਰਿਕਾਂ ਨੂੰ ਦਿੱਤੀਆਂ ਜਾਣ ਵਾਲੀ ਡੋਰ ਸਟੈਪ ਸੇਵਾਵਾਂ ਵਿਚ ਜਾਤੀ ਸਰਟੀਫਿਕੇਟ, ਜਨਮ-ਮੌਤ ਸਰਟੀਫਿਕੇਟ, ਲੇਬਰ ਕਾਰਡ, ਬੁਢਾਪਾ, ਵਿਧਵਾ, ਦਿਵਆਂਗਜਨ ਅਤੇ ਆਸ਼ਰਿਤ ਪੈਨਸ਼ਨ, ਆਮਦਨ ਸਰਟੀਫਿਕੇਟ, ਰਿਹਾਇਸ਼ ਦਾ ਸਰਟੀਫਿਕੇਟ, ਮੈਰਿਜ ਸਰਟੀਫਿਕੇਟ ਸਹਿਤ 43 ਸੇਵਾਵਾਂ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਸ ਸੁਵਿਧਾ ਨਾਲ ਆਮ ਲੋਕਾਂ ਦੇ ਦਫ਼ਤਰਾਂ ਵਿਚ ਆਉਣ-ਜਾਣ ਦੇ ਨਾਲ-ਨਾਲ ਉਨ੍ਹਾਂ ਦੇ ਸਮੇਂ ਦੀ ਬੱਚਤ ਹੁੰਦੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਸੁਵਿਧਾ ਦਾ ਲਾਭ ਲੈਣ। ਇਸ ਸਬੰਧੀ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਜ਼ਿਲ੍ਹਾ ਆਈ.ਟੀ ਮੈਨੇਜਰ ਕਰਮਜੀਤ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਇਹ ਸੇਵਾ 11 ਦਸੰਬਰ 2023 ਤੋਂ ਸ਼ੁਰੂ ਹੋ ਗਈ ਸੀ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਫਾਈਲ ਪੂਰੀ ਕਰਨ ਤੋਂ ਬਾਅਦ ਹੀ ਟੋਲ ਫਰੀ ਨੰਬਰ 1076 ’ਤੇ ਅਪੁਆਇੰਟਮੈਂਟ ਬੁੱਕ ਕਰਵਾਉਣ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਆਦਾਤਰ ਸੇਵਾਵਾਂ ਜਨਮ ਸਰਟੀਫਿਕੇਟ ਜਾਰੀ ਕਰਨ, ਜਨਮ ਸਰਟੀਫਿਕੇਟ ਵਿਚ ਸੁਧਾਰ ਕਰਨ, ਜਾਤੀ, ਰਿਹਾਇਸ਼, ਬੁਢਾਪਾ ਪੈਨਸ਼ਨ, ਆਮਦਨ ਅਤੇ ਮੈਰਿਜ ਸਰਟੀਫਿਕੇਟ ਬਣਾਉਣ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਇਕ ਸਮੇਂ ’ਤੇ ਇਕ ਸਿਟੀਜ਼ਨ ਵੱਧ ਤੋਂ ਵੱਧ ਚਾਰ ਸੇਵਾਵਾਂ ਹਾਸਲ ਕਰ ਸਕਦਾ ਹੈ।