- ਪੰਜਾਬ ਸਰਕਾਰ ਵੱਲੋਂ ਹੁਣ ਬੁਢਾਪਾ ਪੈਨਸ਼ਨ ਅਤੇ ਹੋਰ ਸਮਾਜਿਕ ਸੁਰੱਖਿਆ ਪੈਨਸ਼ਨਾਂ ਤਹਿਤ ਯੋਗ ਲਾਭਪਾਤਰੀਆਂ ਨੂੰ ਦਿੱਤਾ ਜਾ ਰਿਹਾ ਹੈ 1500 ਰੁਪਏ ਪ੍ਰਤੀ ਮਹੀਨਾ
ਕਪੂਰਥਲਾ, 8 ਅਗਸਤ 2024 : ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਤਹਿਤ ਮਹੀਨਾ ਜੁਲਾਈ, 2024 ਦੌਰਾਨ ਜ਼ਿਲੇ ਦੇ 86 ਹਜ਼ਾਰ 931 ਯੋਗ ਲਾਭਪਾਤਰੀਆਂ ਨੂੰ 13 ਕਰੋੜ 3 ਲੱਖ 96 ਹਜ਼ਾਰ 500 ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਪੈਨਸ਼ਨ ਸਕੀਮਾਂ ਤਹਿਤ ਸਹਾਇਤਾ ਰਾਸ਼ੀ ਦਾ ਭੁਗਤਾਨ ਆੱਨਲਾਈਨ ਅਦਾਇਗੀ ਰਾਹੀਂ ਸਿੱਧਾ ਯੋਗ ਲਾਭਪਾਤਰੀਆਂ ਦੇ ਬੈਂਕ ਖਾਤੇ ਵਿੱਚ ਕੀਤਾ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੈਨਸ਼ਨ ਸਕੀਮਾਂ ਅਧੀਨ ਜੁਲਾਈ 2024 ਦੌਰਾਨ ਬੁਢਾਪਾ ਪੈਂਨਸ਼ਨ ਦੇ 55850, ਵਿਧਵਾ ਪੈਂਨਸ਼ਨ ਦੇ 17866, 6385 ਦਿਵਿਆਂਗ ਬੱਚੇ ਅਤੇ 6830 ਆਸ਼ਰਿਤ ਬੱਚੇ ਸ਼ਾਮਲ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਅਤੇ ਹੋਰ ਸਮਾਜਿਕ ਸੁਰੱਖਿਆ ਪੈਨਸ਼ਨਾਂ ਤਹਿਤ ਯੋਗ ਲਾਭਪਾਤਰੀਆਂ ਨੂੰ ਮਹੀਨਾ ਜੁਲਾਈ, 2021 ਤੋਂ 750 ਰੁਪਏ ਤੋਂ ਵਧਾ ਕੇ 1500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਸਕੀਮ ਅਧੀਨ 65 ਸਾਲ ਤੋ ਵੱਧ ਪੁਰਸ਼ਾਂ ਅਤੇ 58 ਸਾਲ ਤੋ ਵੱਧ ਉਮਰ ਦੀਆਂ ਔਰਤਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਵਿਧਵਾ ਅਤੇ ਨਿਆਸ਼ਰਿਤ ਔਰਤਾਂ ਨੂੰ ਪੈਨਸ਼ਨ ਦੇਣ ਦੀ ਸਕੀਮ ਅਧੀਨ 58 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਅਤੇ ਨਿਆਸ਼ਰਿਤ ਔਰਤਾਂ ਨੂੰ ਸਰਕਾਰ ਵੱਲੋ 1500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਆਸ਼ਰਿਤ ਬੱਚਿਆਂ ਦੀ ਵਿੱਤੀ ਸਹਾਇਤਾ ਸਕੀਮ ਅਧੀਨ ਵਿਧਵਾ ਔਰਤ ਦੇ ਦੋ ਬੱਚਿਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਜਿਸ ਦੀ ਉਮਰ 21 ਸਾਲ ਤੋ ਵੱਧ ਨਾ ਹੋਵੇ। ਇਸ ਸਕੀਮ ਤਹਿਤ ਸਰਕਾਰ ਵੱਲੋ 1500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦੇਣ ਦੀ ਸਕੀਮ ਅਧੀਨ ਜਿਸ ਵਿਅਕਤੀ ਦੀ ਦਿਵਿਆਂਗਤਾ 50 ਫੀਸਦੀ ਜਾਂ ਇਸ ਤੋ ਵੱਧ ਹੋਵੇ ਉਸ ਨੂੰ 1500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਂਦਾ ਹੈ।