- ਦੋ ਸਰਪੰਚ ਤੇ ਇੱਕ ਪੰਚਾਇਤ ਸਕੱਤਰ ਨੂੰ ਕੀਤਾ ਗ੍ਰਿਫਤਾਰ
ਚੰਡੀਗੜ੍ਹ 4 ਜਨਵਰੀ : ਪੰਜਾਬ ਵਿਜੀਲੈਂਸ ਬਿਉਰੋ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਚਲਾਈ ਮੁਹਿੰਮ ਤਹਿਤ ਦੋ ਸਰਪੰਚਾਂ ਅਤੇ ਦੋ ਪੰਚਾਇਤ ਸਕੱਤਰਾਂ ਵੱਲੋਂ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਲੱਖਾਂ ਰੁਪਏ ਦਾ ਗਬਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧ ਵਿੱਚ ਦੋ ਸਰਪੰਚਾਂ ਤੇ ਇੱਕ ਪੰਚਾਇਤ ਸਕੱਤਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਸਰਬਜੀਤ ਸਿੰਘ, ਸਾਬਕਾ ਸਰਪੰਚ, ਪਿੰਡ ਅਲਾਲ, ਜਿਲ੍ਹਾ ਸੰਗਰੂਰ ਅਤੇ ਨਰੇਸ਼ ਕੁਮਾਰ ਸਿੰਗਲਾ, ਪੰਚਾਇਤ ਸਕੱਤਰ (ਰਿਟਾਇਰਡ) ਨੂੰ ਜਾਂਚ ਦੌਰਾਨ ਪੰਚਾਇਤੀ ਫੰਡਾਂ ਵਿੱਚੋਂ 2,00,927 ਰੁਪਏ ਦੀ ਰਕਮ ਅਤੇ ਹੋਰ ਉਸਾਰੀ ਦੇ ਮਟੀਰੀਅਲ ਦਾ ਗਬਨ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਦੋਹਾਂ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ 01, ਮਿਤੀ 01-04-2024 ਤਹਿਤ ਆਈ.ਪੀ.ਸੀ ਦੀ ਧਾਰਾ 409 ਤੇ 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ 13(1)-ਏ ਅਤੇ 13(2) ਅਧੀਨ ਵਿਜੀਲੈਂਸ ਬਿਉਰੋ ਦੀ ਪਟਿਆਲਾ ਰੇਂਜ ਦੇ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਇੱਕ ਵੱਖਰੇ ਕੇਸ ਵਿੱਚ ਪੜਤਾਲ ਦੌਰਾਨ ਜਤਿੰਦਰ ਸਿੰਘ, ਸਰਪੰਚ, ਪਿੰਡ ਚਾਂਦੂ, ਜਿਲ੍ਹਾ ਸੰਗਰੂਰ ਅਤੇ ਪੰਚਾਇਤ ਸਕੱਤਰ ਗੁਰਮੀਤ ਸਿੰਘ ਵੱਲੋਂ ਜਨਵਰੀ 2019 ਤੋਂ 31 ਮਾਰਚ 2022 ਤੱਕ ਪਿੰਡ ਚਾਂਦੂ ਵਿਖੇ ਕਰਵਾਏ ਗਏ ਵਿਕਾਸ ਕਾਰਜਾਂ ਵਿੱਚ ਕਰੀਬ 74 ਲੱਖ ਰੁਪਏ ਦਾ ਗਬਨ ਕਰਨ ਦਾ ਦੋਸ਼ ਸਾਬਤ ਹੋਇਆ ਹੈ। ਇੰਨਾਂ ਦੋਹਾਂ ਮੁਲਜਮਾਂ ਖ਼ਿਲਾਫ਼ ਮੁਕੱਦਮਾ ਨੰਬਰ 43, ਮਿਤੀ 13-12-2023 ਤਹਿਤ ਆਈ.ਪੀ.ਸੀ ਦੀ ਧਾਰਾ 409 ਤੇ 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ 13(1)-ਏ ਅਤੇ 13(2) ਅਧੀਨ ਵਿਜੀਲੈਂਸ ਬਿਉਰੋ ਦੀ ਪਟਿਆਲਾ ਰੇਂਜ ਦੇ ਥਾਣੇ ਵਿੱਚ ਦਰਜ ਕੀਤਾ ਗਿਆ ਹੈ। ਇਸ ਮੁਕੱਦਮੇ ਵਿੱਚ ਸਰਪੰਚ ਜਤਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਕੇਸ ਦੀ ਹੋਰ ਪੜਤਾਲ ਜਾਰੀ ਹੈ।