ਜਲਦ ਪੱਤਰਕਾਰ ਭਾਈਚਾਰੇ ਲਈ ਖੁਸ਼ਖਬਰੀ ਲੈ ਕੇ ਆਵਾਂਗੇ : ਮੰਤਰੀ ਅਰੋੜਾ

ਪ੍ਰੈੱਸ ਦੀ ਅਜ਼ਾਦੀ ਅਤੇ ਚੁਣੌਤੀਆਂ ਵਿਸ਼ੇ ਉੱਤੇ ਸੈਮੀਨਾਰ ਕਰਵਾਇਆ
ਚੰਡੀਗਡ਼੍ਹ
: ਪੰਜਾਬ ਐਂਡ ਚੰਡੀਗਡ਼੍ਹ ਜਰਨਲਿਸਟਸ ਯੂਨੀਅਨ ਅਤੇ ਚੰਡੀਗਡ਼੍ਹ ਐਂਡ ਹਰਿਆਣਾ ਜਰਨਲਿਸਟਸ ਯੂਨੀਅਨ ਵੱਲੋਂ ਪ੍ਰੈੱਸ ਦੀ ਅਜ਼ਾਦੀ ਅਤੇ ਚੁਣੌਤੀਆਂ ਵਿਸ਼ੇ ਉੱਤੇ ਸੈਕਟਰ 16 ਸਥਿਤ ਪੰਜਾਬ ਕਲਾ ਭਵਨ ਵਿਖੇ ਸੈਮੀਨਾਰ ਕਰਵਾਇਆ ਗਿਆ। ਕ੍ਰਮਵਾਰ ਦੋਵੇਂ ਯੂਨੀਅਨਾਂ ਦੇ ਪ੍ਰਧਾਨ ਬਲਬੀਰ ਸਿੰਘ ਜੰਡੂ ਅਤੇ ਰਾਮ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਕਰਵਾਏ ਇਸ ਸੈਮੀਨਾਰ ਵਿੱਚ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਮੰਤਰੀ ਅਮਨ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਜਰਨਲਿਸਟਸ ਯੂਨੀਅਨ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਉੱਘੇ ਚਿੰਤਕ ਡਾ. ਪਿਆਰੇ ਲਾਲ ਗਰਗ ਅਤੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਸੈਮੀਨਾਰ ਦੇ ਮੁੱਖ ਬੁਲਾਰੇ ਸਨ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੈ ਅਤੇ ਇਸ ਨੂੰ ਸਮਾਜ ਦਾ ਸ਼ੀਸ਼ਾ ਵੀ ਕਿਹਾ ਜਾਂਦਾ ਹੈ। ਇਸ ਕਰਕੇ ਸਮਾਜ ਅਤੇ ਦੇਸ਼ ਨੂੰ ਤਰੱਕੀ ਦੀਆਂ ਹੋਰ ਉੱਚੀਆਂ ਬੁਲੰਦੀਆਂ ਉਤੇ ਪਹੁੰਚਾਉਣ ਵਿੱਚ ਮੀਡੀਆ ਦੀ ਭੂਮਿਕਾ ਬੇਹੱਦ ਅਹਿਮ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪਿਛਲੇ ਲੰਬੇ ਸਮੇਂ ਭੰਗ ਹੋਈ ਐਕਰੀਡੀਸ਼ਨ ਕਮੇਟੀ ਮੁਡ਼ ਗਠਿਤ ਕਰਨ ਲਈ ਲਗਭਗ ਤਿਆਰੀ ਕਰ ਲਈ ਗਈ ਹੈ। ਯੂਨੀਅਨ ਵੱਲੋਂ ਸੌਂਪੇ ਗਏ ਮੰਗ ਪੱਤਰ ਬਾਰੇ ਸ੍ਰੀ ਅਰੋੜਾ ਨੇ ਕਿਹਾ ਕਿ ਬਹੁਤ ਜਲਦ ਪੱਤਰਕਾਰ ਭਾਈਚਾਰੇ ਲਈ ਖੁਸ਼ਖਬਰੀ ਲੈ ਕੇ ਆਵਾਂਗੇ। ਇੰਡੀਅਨ ਜਰਨਲਿਸਟਸ ਯੂਨੀਅਨ ਦੇ ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ ਨੇ ਵਰਕਿੰਗ ਜਰਨਲਿਸਟਸ ਐਕਟ ਨੂੰ ਖ਼ਤਮ ਕੀਤੇ ਜਾਣ ਬਾਰੇ ਗੰਭੀਰ ਚਿੰਤਾ ਪ੍ਰਗਟਾਈ ਅਤੇ ਕਰੋਨਾ ਕਾਲ ਵਿੱਚ ਹੋਰਨਾਂ ਸ਼੍ਰੇਣੀਆਂ ਦੀ ਤਰ੍ਹਾਂ ਮੀਡੀਆ ਨੂੰ ਕਰੋਨਾ ਯੋਧੇ ਗਰਦਾਨ ਕੇ ਮੌਤ ਦੇ ਮੰੂਹ ਵਿੱਚ ਜਾ ਚੁੱਕੇ ਪੱਤਰਕਾਰਾਂ ਨੂੰ ਮੁਆਵਜ਼ੇ ਦੇਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਪੱਤਰਕਾਰਾਂ ਲਈ ਪੈਨਸ਼ਨ ਸਕੀਮ, ਮੁਫ਼ਤ ਬੱਸ ਸਫ਼ਰ ਸਕੀਮ ਸ਼ੁਰੂ ਕਰਨ ਅਤੇ ਐਕਰੀਡੇਸ਼ਨ ਕਮੇਟੀ ਗਠਿਤ ਕਰਨ ਦੀ ਮੰਗ ਕੀਤੀ। ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਕਿਸ ਪ੍ਰਕਾਰ ਕਾਰਪੋਰੇਟ ਸੈਕਟਰ ਨੇ ਮੀਡੀਆ ਨੂੰ ਪ੍ਰਭਾਵਿਤ ਕੀਤਾ ਅਤੇ ਇੱਥੋਂ ਤੱਕ ਕਿ ਦੇਸ਼ ਦੀ ਜੁਡੀਸ਼ੀਅਰੀ ਵੀ ਪ੍ਰਭਾਵਿਤ ਹੋ ਚੁੱਕੀ ਹੈ। ਅਜਿਹੇ ਦੌਰ ਵਿੱਚ ਸਿਰ ਤਲ਼ੀ ਉਤੇ ਰੱਖ ਕੇ ਪੱਤਰਕਾਰੀ ਕਰਨੀ ਪੈ ਰਹੀ ਹੈ। ਪ੍ਰੈੱਸ ਦੀ ਅਜ਼ਾਦੀ ਦਾ ਦਾਇਰਾ ਲਗਾਤਾਰ ਸੁੰਗਡ਼ਦਾ ਜਾ ਰਿਹਾ ਹੈ ਅਤੇ ਪੱਤਰਕਾਰਾਂ ਲਈ ਰੈਗੂਲਰ ਨੌਕਰੀ ਦਾ ਸਿਸਟਮ ਖ਼ਤਮ ਹੋ ਚੁੱਕਾ ਹੈ। ਰਾਮ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼ੋਸ਼ਲ ਮੀਡੀਆ ਦੇ ਇਸ ਯੁੱਗ ਵਿੱਚ ਕਿਸ ਪ੍ਰਕਾਰ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕਾਹਲ਼ ਵਿੱਚ ਗਲਤ ਖ਼ਬਰਾਂ ਪਰੋਸੀਆਂ ਜਾ ਰਹੀਆਂ ਹਨ ਅਤੇ ਆਮ ਜਨਤਾ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਸਕੱਤਰ ਜਨਰਲ ਪਾਲ ਸਿੰਘ ਨੌਲੀ ਨੇ ਪੱਤਰਕਾਰ ਭਾਈਚਾਰੇ ਦੀਆਂ ਮੁੱਖ ਮੰਗਾਂ ਬਾਰੇ ਸੈਮੀਨਾਰ ਵਿੱਚ ਮੌਜੂਦ ਮੁੱਖ ਮਹਿਮਾਨ ਨੂੰ ਵਿਸਥਾਰ ਨਾਲ ਦੱਸਿਆ। ਇਸ ਤੋਂ ਪਹਿਲਾਂ ਸੈਮੀਨਾਰ ਦੀ ਸ਼ੁਰੂਆਤ ਵਿੱਚ ਪ੍ਰੀਤਮ ਰੁਪਾਲ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਮੰਚ ਸੰਚਾਲਕ ਦੀ ਭੂਮਿਕਾ ਪੰਜਾਬ ਚੰਡੀਗਡ਼੍ਹ ਜਰਨਲਿਸਟਸ ਯੂਨੀਅਨ ਦੇ ਮੀਤ ਪ੍ਰਧਾਨ ਜੈ ਸਿੰਘ ਛਿੱਬਰ ਵੱਲੋਂ ਨਿਭਾਈ ਗਈ। ਅੰਤ ਵਿੱਚ ਬਲਬੀਰ ਸਿੰਘ ਜੰਡੂ ਵੱਲੋਂ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਮੁੱਖ ਮਹਿਮਾਨ ਸਮੇਤ ਹੋਰਨਾਂ ਸ਼ਖਸੀਅਤਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ।