ਕਰਨਲ ਬਾਠ ਦੇ ਪੀੜਤ ਪਰਿਵਾਰ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ 

ਚੰਡੀਗੜ੍ਹ, 31 ਮਾਰਚ 2025 : ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਕੁੱਟਮਾਰ ਦੇ ਮਾਮਲੇ ਵਿੱਚ ਅੱਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੀੜਤ ਪਰਿਵਾਰ ਵੱਲੋਂ ਮੁਲਾਕਾਤ ਕਰਕੇ ਇਨਸਾਫ ਦੀ ਮੰਗ ਕੀਤੀ ਗਈ। ਮੁਲਾਕਾਤ ਤੋਂ ਬਾਅਦ ਕਰਨਲ ਬਾਠ ਦੀ ਪਤਨੀ ਜਸਵਿਦਰ ਕੌਰ ਨੇ ਮੁੱਖ ਮੰਤਰੀ ਨਾਲ ਮਿਲਣੀ ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਉਨ੍ਹਾਂ ਦੀ ਸਾਰੀ ਗੱਲ ਬੜੇ ਧਿਆਨ ਨਾਲ ਸੁਣੀ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਸ਼ਾਮ ਨੂੰ ਉਹ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ ਅਤੇ ਉਨ੍ਹਾਂ ਦੀ ਮੰਗਾਂ ਤੇ ਚਰਚਾ ਕਰਨਗੇ ਤੇ ਉਨ੍ਹਾਂ ਦੇ ਕੇਸ ਨਾਲ ਸਬੰਧਿਤ ਰਿਪੋਰਟਾਂ ਲਈਆਂ ਜਾਣਗੀਆਂ। ਜਸਵਿੰਦਰ ਕੌਰ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਇਨਸਾਫ ਦੇਣਗੇ। ਜਿਕਰਯੋਗ ਹੈ ਕਿ ਕਰਨਲ ਬਾਠ ਦੇ ਪਰਿਵਾਰ ਵੱਲੋਂਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੀਟਿੰਗ ਕੀਤੀ ਗਈ ਸੀ। ਇਸ ਮਾਮਲੇ ਵਿੱਚ ਦੂਜੇ ਪਾਸੇ ਕੇਸ ਦੀ ਜਾਂਚ ਕਰਨ ਲਈ ਬਣਾਈ ਐਸਆਈਟੀ ਦੇ ਮੁੱਖੀ ਏਡੀਜੀਪੀ ਰਾਏ ਨੇ ਪਟਿਆਲਾ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਹੋਵੇਗੀ ਅਤੇ ਐੱਸਐੱਸਪੀ ਪਟਿਆਲਾ ਨੂੰ ਵੀ ਤਲਬ ਕੀਤਾ ਜਾ ਸਕਦਾ ਹੈ। ਏਡੀਜੀਪੀ ਰਾਏ ਨੇ ਕਿਹਾ ਕਿ ਜਾਂਚ ਟੀਮ ਅਗਲੇ ਦੋ ਦਿਨਾਂ ਵਿੱਚ ਸਾਰੇ ਸਬੂਤ ਇਕੱਠੇ ਕਰੇਗੀ। ਰਾਏ ਨੇ ਕਿਹਾ ਕਿ ਜਿਸ ਥਾਂ 'ਤੇ ਲੜਾਈ ਹੋਈ ਸੀ, ਉਸ ਤੋਂ ਇਲਾਵਾ ਇਸ ਮਾਮਲੇ 'ਚ ਹੁਣ ਤੱਕ ਜੋ ਵੀ ਕਾਗਜ਼ੀ ਕਾਰਵਾਈ ਹੋਈ ਹੈ, ਉਨ੍ਹਾਂ ਸਾਰੇ ਦਸਤਾਵੇਜ਼ਾਂ ਨੂੰ ਸਬੂਤ ਵਜੋਂ ਇਕੱਠਾ ਕਰਕੇ ਜਾਂਚ ਦੇ ਘੇਰੇ 'ਚ ਲਿਆ ਜਾਵੇਗਾ। ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਰਾਏ ਨੇ ਕਿਹਾ ਕਿ ਪੂਰੇ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਐਸ.ਐਸ.ਪੀ. ਪਟਿਆਲਾ ਨੂੰ ਵੀ ਜਾਂਚ ਵਿੱਚ ਬੁਲਾਇਆ ਜਾ ਸਕਦਾ ਹੈ।