ਚੰਡੀਗੜ੍ਹ : ਮੂਲ ਨਿਵਾਸੀ ਯੂਥ ਫੈੱਡਰੇਸ਼ਨ, ਨਰੇਗਾ ਵਰਕਰ ਫਰੰਟ, ਮਜ਼ਦੂਰ ਕਿਸਾਨ ਦਲਿਤ ਫਰੰਟ ਨੇ ਬਸਪਾ ਸੰਸਥਾਪਕ ਬਾਬੂ ਕਾਂਸ਼ੀ ਰਾਮ ਦੇ ਪ੍ਰੀ ਨਿਰਵਾਣ ਦਿਵਸ ਦੇ ਮੌਕੇ 'ਤੇ ਤੁਗਲਕਾਬਾਦ ਬਚਾਓ ਬੇਗਮਪੁਰਾ ਵਸਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਨਰੇਗਾ ਵਰਕਰ ਫਰੰਟ ਦੇ ਕੌਮੀ ਪ੍ਰਧਾਨ ਰੇਸ਼ਮ ਸਿੰਘ ਕਾਹਲੋਂ, ਜਨਰਲ ਸਕੱਤਰ ਗੁਰਮੁਖ ਸਿੰਘ ਢੋਲਣ ਮਾਜਰਾ, ਮੀਡੀਆ ਇੰਚਾਰਜ ਲਖਵੀਰ ਸਿੰਘ ਬੌਬੀ ਅਤੇ ਯੂਥ ਫੈਡਰੇਸ਼ਨ ਦੇ ਆਗੂ ਸੰਦੀਪ ਕੁਮਾਰ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਬੂ ਕਾਂਸ਼ੀ ਰਾਮ ਨੇ ਦਲਿਤ ਸਮਾਜ ਵਿੱਚ ਰਾਜਸੀ ਚੇਤਨਾ ਦੀ ਨਵੀਂ ਚਿਣਗ ਪੈਦਾ ਕੀਤੀ ਸੀ। ਉਨ੍ਹਾਂ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਅੱਜ ਤੁਗਲਕਾਬਾਦ ਸਥਿਤ ਗੁਰੂ ਰਵਿਦਾਸ ਜੀ ਦੇ ਮੰਦਰ ਦਾ ਪੁਨਰ ਨਿਰਮਾਣ ਕਰਨ ਅਤੇ ਸਾਰੀ ਜਮੀਨ ਮੁੜ ਸੌਪਣ ਲਈ ਦਸਤਖ਼ਤ ਮੁਹਿੰਮ ਸ਼ੁਰੂ ਕੀਤੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਚੋਂ ਕਰੀਬ ਵੀਹ ਲੱਖ ਲੋਕਾਂ ਤੋਂ ਦਸਤਖਤ ਕਰਵਾ ਕੇ 6 ਦਸੰਬਰ ਨੂੰ ਪ੍ਰਧਾਨ ਮੰਤਰੀ ਨੂੰ ਨਵੀਂ ਦਿੱਲੀ ਵਿਖੇ ਮੰਗ ਪੱਤਰ ਵੀ ਦਿੱਤਾ ਜਾਵੇਗਾ। ਉਕਤ ਆਗੂਆਂ ਨੇ ਦੱਸਿਆ ਕਿ 10 ਅਗਸਤ 2019 ਨੂੰ ਕੇਂਦਰ ਸਰਕਾਰ ਦੀ ਸ਼ਹਿ 'ਤੇ ਦਿੱਲੀ ਡਿਵੈਲਪਮੈਂਟ ਅਥਾਰਟੀ ਨੇ ਹਉਮੈਂ ਅਤੇ ਮਨੂੰਵਾਦੀ ਸੋਚ ਨੂੰ ਮੁੱਖ ਰੱਖਦੇ ਹੋਏ ਤੁਗਲਕਾਬਾਦ ਦੇ ਅਸਥਾਨ ਦੀ ਪਵਿੱਤਰਤਾ ਅਤੇ ਮਰਿਆਦਾ ਨੂੰ ਭੰਗ ਕਰਦੇ ਹੋਏ ਗੁਰੂ ਰਵਿਦਾਸ ਦਾ ਮੰਦਰ ਮਲੀਆਮੇਟ ਕਰਦਾ ਦਿੱਤਾ ਸੀ ਉਸ ਸਮੇਂ ਨੂੰ ਨਿਵਾਸੀਆਂ ਦੇ ਹਿਰਦਿਆਂ ਨੂੰ ਡੂੰਘੀ ਸੱਟ ਵੱਜੀ ਸੀ। ਆਗੂਆਂ ਨੇ ਕਿਹਾ ਕਿ ਉਸ ਸਮੇਂ ਤੋਂ ਹੀ ਮੂਲ ਨਿਵਾਸੀ ਤੇ ਦਲਿਤ ਸਮਾਜ ਮੰਦਰ ਦਾ ਮੁੜ ਨਿਰਮਾਣ ਕਰਨ ਦੀ ਮੰਗ ਕਰਦੇ ਆ ਰਹੇ ਹਨ ਪਰ ਕੇਂਦਰ ਸਰਕਾਰ ਅਤੇ ਦਿੱਲੀ ਡਿਵੈਲਪਮੈਂਟ ਅਥਾਰਟੀ ਨੇ ਆਨਾਕਾਨੀ ਵਾਲੀ ਚੁੱਪ ਧਾਰੀ ਹੋਈ ਹੈ। ਆਗੂਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਬਾਦਸ਼ਾਹ ਸਿਕੰਦਰ ਲੋਧੀ ਵੱਲੋਂ ਦਿੱਤੀ ਕਰੀਬ ਸੌ ਏਕੜ ਜ਼ਮੀਨ ਮੁੜ ਵਾਪਸ ਕੀਤੀ ਜਾਵੇ ਨਹੀਂ ਤਾਂ ਦਲਿਤ ਸਮਾਜ ਆਉਣ ਵਾਲੇ ਸਮੇਂ ਵਿੱਚ ਸਰਕਾਰ ਖ਼ਿਲਾਫ਼ ਸਖ਼ਤ ਰੁਖ਼ ਅਖਤਿਆਰ ਕਰਨ ਤੋਂ ਪਿੱਛੇ ਨਹੀਂ ਹਟੇਗਾ ।