ਲਿਖਣਾ ਵੀ ਇੱਕ ਕਲਾ ਹੈ। ਆਪਣੀ ਸੁੰਦਰ ਲਿਖਾਈ ਨਾਲ ਪ੍ਰੀਖਿਆਵਾਂ ਪਾਸ ਕਰਕੇ ਹੀ ਬੰਦਾ, ਨਿਰਧਾਰਿਤ ਟੀਚੇ ਤੇ ਪਹੁੰਚਦਾ ਹੈ। ਅਕਸਰ ਅਸੀਂ ਆਮ ਸੁਣਦੇ ਹਾਂ ਕਿ ਸੁੰਦਰ ਲਿਖਾਈ ਤੋਂ ਇਨਸਾਨ ਦੀ ਸ਼ਖ਼ਸੀਅਤ ਦਾ ਪਤਾ ਲੱਗ ਜਾਂਦਾ ਹੈ। ਅਕਸਰ ਮਾਂ ਬਾਪ ਬੱਚਿਆਂ ਨੂੰ ਕਹਿੰਦੇ ਹਨ ਕਿ ਤੁਸੀ ਸਾਫ਼ ਸੁਥਰਾ ਲਿਖਿਆ ਕਰੋ। ਸਾਫ਼ ਸੁਥਰਾ ਲਿਖਣ ਨਾਲ ਤੁਹਾਡੇ ਵਧੀਆ ਨੰਬਰ ਆਉਣਗੇ। ਸਕੂਲਾਂ ਵਿਚ ਟੀਚਰ ਵੀ ਬੱਚਿਆਂ ਤੇ ਜ਼ੋਰ ਦਿੰਦੇ ਹਨ ਕਿ ਤੁਹਾਡੀ ਲਿਖਾਈ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੀਆਂ ਪ੍ਰੇਰਣਾਵਾਂ ਤਾਂ ਬੱਚਿਆਂ ਨੂੰ ਆਮ ਦਿੱਤੀਆਂ ਜਾਂਦੀਆਂ ਹਨ। ਪਰ ਦੇਖਣ ਵਿਚ ਇਹ ਆਉਂਦਾ ਹੈ ਕਿ ਜ਼ਿਆਦਾਤਰ ਬੱਚਿਆਂ ਦੀ ਲਿਖਾਈ ਸਾਫ਼ ਸੁਥਰੀ ਨਹੀਂ ਹੁੰਦੀ ਹੈ। ਚਾਹੇ ਉਨ੍ਹਾਂ ਨੂੰ ਪੂਰਾ ਪੇਪਰ ਆਉਂਦਾ ਹੈ ,ਫਿਰ ਵੀ ਉਹ ਸਾਫ਼ ਸੁਥਰੀ ਲਿਖਾਈ ਕਰਕੇ ਵਧੀਆ ਨੰਬਰ ਲੈ ਨਹੀਂ ਪਾਉਂਦੇ। ਜਿਸ ਕਾਰਨ ਉਹ ਮੈਰਿਟ ਵਿੱਚ ਨਹੀਂ ਆਉਂਦੇ। ਸਿਰਫ ਫਸਟ ਡਿਵੀਜ਼ਨ ਹੀ ਲੈ ਕੇ ਪਾਸ ਹੋ ਜਾਂਦੇ ਹਨ। ਆਮ ਕਹਾਵਤ ਵੀ ਹੈ ਕਿ ਸੁੰਦਰ ਲਿਖਾਈ ਤੋਂ ਬੰਦੇ ਦੀ ਸ਼ਖਸੀਅਤ ਦਾ ਪਤਾ ਚੱਲਦਾ ਹੈ। ਕਈ ਵਿਦਿਆਰਥੀ, ਕਈ ਇਨਸਾਨ ਇੰਨਾ ਸੋਹਣਾ ਲਿਖਦੇ ਹਨ ਕਿ ਜਿਵੇਂ ਉਨ੍ਹਾਂ ਨੇ ਮੋਤੀ ਹੀ ਪਰੋ ਦਿੱਤੇ ਹਨ। ਅਜਿਹੇ ਵਿਦਿਆਰਥੀ ਪ੍ਰੀਖਿਆਵਾਂ ਵਿਚ ਬਹੁਤ ਹੀ ਵਧੀਆ ਪ੍ਰਦਰਸ਼ਨ ਦਿਖਾਉਂਦੇ ਹਨ। ਜੋ ਪੇਪਰ ਚੈੱਕ ਕਰਨ ਵਾਲਾ ਹੁੰਦਾ ਹੈ, ਜੇ ਸਾਫ਼ ਸੁਥਰੀ ਲਿਖਾਈ ਹੁੰਦੀ ਹੈ, ਤਾਂ ਜਲਦੀ ਜਲਦੀ ਪੇਪਰ ਵੀ ਚੈੱਕ ਹੋ ਜਾਂਦਾ ਹੈ ਤੇ ਬੱਚੇ ਦੇ ਵਧੀਆ ਨੰਬਰ ਵੀ ਆ ਜਾਂਦੇ ਹਨ। ਕਈ ਵਾਰ ਬੱਚੇ ਇੰਨਾ ਗੰਦਾ ਲਿਖ ਕੇ ਆਉਂਦੇ ਹਨ, ਹਾਲਾਂਕਿ ਉਹ ਸਹੀ ਹੀ ਲਿਖਿਆ ਹੁੰਦਾ ਹੈ, ਫਿਰ ਵੀ ਜੋ ਪੇਪਰ ਚੈੱਕ ਕਰਨ ਵਾਲਾ ਹੁੰਦਾ ਹੈ, ਉਸ ਦੀ ਰੂਹ ਖੁਸ਼ ਨਹੀਂ ਹੁੰਦੀ। ਪ੍ਰਸ਼ਾਸਨਿਕ ਆਰਮੀ, ਏਅਰਫੋਰਸ ਅਧਿਕਾਰੀਆਂ ਦੀ ਲਿਖਾਈ ਖਿੱਚ ਦਾ ਕੇਂਦਰ ਹੁੰਦੀ ਹੈ। ਜੋ ਸਿਵਲ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ ਉਹ ਵਾਰ ਵਾਰ ਲਿਖ ਕੇ ਦੇਖਦੇ ਹਨ। ਸਭ ਨੂੰ ਹੀ ਪਤਾ ਹੈ ਕਿ ਪੰਦਰਾਂ ਤੋਂ ਅਠਾਰਾਂ ਘੰਟੇ ਤਿਆਰੀ ਕਰਨੀ ਪੈਦੀ ਹੈ। ਜਿਸ ਕਾਰਨ ਉਹ ਪੇਪਰਾਂ ਵਿੱਚ ਵੀ ਮੋਤੀ ਪਰੋ ਦਿੰਦੇ ਹਨ। ਤੇ ਅੱਗੇ ਚੱਲ ਕੇ ਸਮਾਜ ਲਈ, ਬੱਚਿਆਂ ਲਈ ਉਦਾਹਰਨ ਬਣਦੇ ਹਨ। ਜਿਨ੍ਹਾਂ ਬੱਚਿਆਂ ਦੀ ਲਿਖਾਈ ਬਿਲਕੁਲ ਵੀ ਸੁੰਦਰ ਨਹੀਂ ਹੈ, ਉਹ ਹਰ ਰੋਜ਼ ਆਪਣੇ ਘਰ ਬੈਠ ਕੇ ਸੁੰਦਰ ਲਿਖਾਈ ਲਈ ਕੋਸ਼ਿਸ਼ ਕਰਨ। ਨਾਲ ਉਨ੍ਹਾਂ ਦੀ ਲਿਖਾਈ ਬਹੁਤ ਹੀ ਜ਼ਿਆਦਾ ਸੁੰਦਰ ਬਣ ਜਾਵੇਗੀ। ਵੈਸੇ ਵੀ ਜੋ ਵੀ ਪਾਠਕ੍ਰਮ ਤੋਂ ਸੰਬੰਧਿਤ ਸਵਾਲ ਯਾਦ ਕਰਦੇ ਹਨ, ਉਸਨੂੰ ਲਿਖ ਕੇ ਜਰੂਰ ਦੇਖਣਾ ਚਾਹੀਦਾ ਹੈ। ਇਸੇ ਲਿਖਾਈ ਦੇ ਜ਼ਰੀਏ ਉਹ ਆਪਣੀ ਮੰਜ਼ਿਲ ਨੂੰ ਵਧੀਆ ਸਰ ਕਰ ਲੈਣਗੇ। ਸੋ ਸੁੰਦਰ ਲਿਖਾਈ ਤੋਂ ਹੀ ਬੰਦੇ ਦੀ ਚੰਗੀ ਸਖਸ਼ੀਅਤ ਹੋਣ ਦਾ ਪਤਾ ਲੱਗਦਾ ਹੈ। ਬੱਚਿਆਂ ਨੂੰ ਹਮੇਸ਼ਾਂ ਆਪਣੇ ਉੱਤਰ ਲਿਖਦੇ ਹੀ ਰਹਿਣਾ ਚਾਹੀਦਾ ਹੈ।
ਸੰਜੀਵ ਸਿੰਘ ਸੈਣੀ