ਹਾਲ ਹੀ ਵਿਚ ਨਸ਼ਰ ਹੋਈ ਇਕ ਰਿਪੋਰਟ ਮੁਤਾਬਕ ਦੁਨੀਆ ਦੇ 50 ਪ੍ਰਦੂਸ਼ਿਤ ਸ਼ਹਿਰਾਂ ’ਚੋਂ 39 ਭਾਰਤ ਦੇ ਹਨ। ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਪਾਕਿਸਤਾਨ ਦਾ ਲਾਹੌਰ ਹੈ। ਦੂਜੇ ਨੰਬਰ ’ਤੇ ਚੀਨ ਦੇ ਕਿਸੇ ਸ਼ਹਿਰ ਦਾ ਨਾਂ ਹੈ। ਤੀਜੇ ਨੰਬਰ ’ਤੇ ਦਿੱਲੀ ਹੈ। ਸਾਡੇ ਦੇਸ਼ ਵਿਚ ਪ੍ਰਦੂਸ਼ਣ ਵਿਚ 8 ਪ੍ਰਤੀਸ਼ਤ ਦੀ ਕਮੀ ਦਰਜ ਕੀਤੀ ਗਈ ਹੈ। ਪ੍ਰਦੂਸ਼ਣ ਕੇਂਦਰਾਂ ਦੇ ਅੰਕੜਿਆਂ ਤੋਂ ਹਿਸਾਬ ਲਗਾਇਆ ਜਾ ਰਿਹਾ ਹੈ ਕਿ ਭਾਰਤ ਦੀ ਸਥਿਤੀ ਵਿਚ ਕਾਫ਼ੀ ਸੁਧਾਰ ਹੋਇਆ ਹੈ। ਪਹਿਲੇ ਪੰਜ ਮੁਲਕਾਂ ਤੋਂ ਖਿਸਕ ਕੇ ਦੇਸ਼ ਅੱਠਵੇਂ ਸਥਾਨ ’ਤੇ ਪੁੱਜ ਗਿਆ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਕ 10 ਵਿੱਚੋਂ 8 ਲੋਕ ਪ੍ਰਦੂਸ਼ਣ ਵਾਲੀ ਹਵਾ ਵਿਚ ਸਾਹ ਲੈਂਦੇ ਹਨ। ਲੋਕ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਪਿਛਲੇ ਵਰ੍ਹੇ ਦਿੱਲੀ ਐੱਨਸੀਆਰ ਨਾਲ ਲੱਗਦੇ ਇਲਾਕਿਆਂ ਦੀ ਹਾਲਤ ਕਾਫ਼ੀ ਤਰਸਯੋਗ ਸੀ। ਇਸ ਵਾਰ ਨੋਇਡਾ, ਫਰੀਦਾਬਾਦ ਗਾਜ਼ੀਆਬਾਦ ਵਿਖੇ ਪ੍ਰਦੂਸ਼ਣ ਦੇ ਪੱਧਰ ਵਿਚ ਕਮੀ ਦੇਖੀ ਗਈ ਹੈ। ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਫੈਕਟਰੀਆਂ ਦੀਆਂ ਚਿਮਨੀਆਂ ਤੋਂ ਨਿਕਲਣ ਵਾਲਾ ਧੂੰਆਂ, ਵਾਹਨਾਂ ਤੋਂ ਧੂੰਏਂ ਦਾ ਨਿਕਾਸ, ਢੋਆ-ਢੁਆਈ ਵਾਲੀਆਂ ਥਾਵਾਂ ਤੋਂ ਮਿੱਟੀ-ਘੱਟੇ ਦਾ ਉੱਡਣਾ ਹਨ। ਪ੍ਰਦੂਸ਼ਣ ਜਾਨਵਰਾਂ ਤੇ ਫ਼ਸਲਾਂ ਨੂੰ ਵੀ ਕਾਫ਼ੀ ਨੁਕਸਾਨ ਕਰਦਾ ਹੈ। ਹਵਾ ਪ੍ਰਦੂਸ਼ਣ ਕਾਰਨ ਫੇਫੜਿਆਂ ਦੇ ਕੈਂਸਰ, ਦਮਾ, ਖਾਂਸੀ, ਸਾਹ ਲੈਣ ਵਿਚ ਮੁਸ਼ਕਲ, ਚਮੜੀ ਰੋਗ ਹੋ ਜਾਂਦੇ ਹਨ। ਜਦੋਂ ਫ਼ਸਲਾਂ ਦੀ ਕਟਾਈ ਹੁੰਦੀ ਹੈ, ਉਦੋਂ ਨਾੜ ਨੂੰ ਖੇਤਾਂ ਵਿੱਚ ਹੀ ਅੱਗ ਲਾ ਦਿੱਤੀ ਜਾਂਦੀ ਹੈ। ਇਸ ਕਾਰਨ ਵੀ ਇਹ ਸਮੱਸਿਆ ਹੋਰ ਗੰਭੀਰ ਹੋ ਜਾਂਦੀ ਹੈ। ਅਕਸਰ ਸੁੱਕੇ ਪੱਤਿਆਂ ਨੂੰ ਇਕੱਠਾ ਕਰ ਕੇ ਅੱਗ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਇਸ ਨਾਲ ਵੀ ਪ੍ਰਦੂਸ਼ਣ ਵਧਦਾ ਹੈ। ਮਾਹਿਰਾਂ ਅਨੁਸਾਰ ਦੇਸ਼ ਦੀ ਅਰਥ-ਵਿਵਸਥਾ ਨੂੰ ਪ੍ਰਦੂਸ਼ਣ ਕਾਰਨ ਭਾਰੀ ਨੁਕਸਾਨ ਹੋ ਰਿਹਾ ਹੈ। ਦੇਸ਼ ਦੀ ਆਬਾਦੀ ਲਗਾਤਾਰ ਵਧਦੀ ਜਾ ਰਹੀ ਹੈ। ਇੰਨੀ ਅਬਾਦੀ ਨੂੰ ਵਸਾਉਣ ਲਈ ਦਰਖਤਾਂ ਦੀ ਕਟਾਈ ਲਗਾਤਾਰ ਜਾਰੀ ਹੈ। ਮਨੁੱਖ ਵੀ ਲਗਾਤਾਰ ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ। ਜਦੋਂ ਕੋਰੋਨਾ ਮਹਾਵਾਰੀ ਨੇ ਭਾਰਤ ’ਚ ਦਸਤਕ ਦਿੱਤੀ ਸੀ ਤਾਂ ਪੂਰੇ ਦੇਸ਼ ਵਿਚ ਤਾਲਾਬੰਦੀ ਕਰ ਦਿੱਤੀ ਗਈ ਸੀ। ਉਦੋਂ ਸਾਰਾ ਵਾਤਾਵਰਨ ਸਾਫ਼-ਸੁਥਰਾ ਹੋ ਗਿਆ ਸੀ। ਅੱਜ-ਕੱਲ੍ਹ ਫਿਰ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ। ਜੇ ਅਸੀਂ ਲਗਾਤਾਰ ਕੁਦਰਤ ਨਾਲ ਖਿਲਵਾੜ ਕਰਦੇ ਰਹਾਂਗੇ ਤਾਂ ਸਾਨੂੰ ਮਾੜੇ ਨਤੀਜੇ ਭੁਗਤਣੇ ਪੈਣਗੇ? ਪਿਛਲੇ ਵਰ੍ਹੇ ਦਿੱਲੀ ਵਿਖੇ ਏਅਰ ਕੁਆਲਿਟੀ ਇੰਡੈਕਸ 300 ਤੋਂ ਵੀ ਉੱਪਰ ਪਹੁੰਚ ਗਿਆ ਸੀ। ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਪਬਲਿਕ ਟਰਾਂਸਪੋਰਟ ਦੀ ਵਰਤੋਂ ਵੱਧ ਕਰਨੀ ਚਾਹੀਦੀ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪੱਧਰ ’ਤੇ ਸੈਮੀਨਾਰ ਲਗਾਉਣੇ ਚਾਹੀਦੇ ਹਨ। ਸਕੂਲਾਂ ’ਚ ਅਧਿਆਪਕਾਂ ਰਾਹੀਂ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਕੇਂਦਰ ਸਰਕਾਰ ਨੂੰ ਸੂਬਾ ਸਰਕਾਰਾਂ ਨਾਲ ਮਿਲ ਕੇ ਪ੍ਰਦੂਸ਼ਣ ਦੀ ਰੋਕਥਾਮ ਲਈ ਕੋਈ ਠੋਸ ਨੀਤੀ ਬਣਾਉਣੀ ਚਾਹੀਦੀ ਹੈ।