ਗਜ਼ਲ

ਪੈਦਾ ਕੀਤਾ ਬੰਦੇ ਵਿਚ ਪੈਸੇ ਨੇ ਹੰਕਾਰ ਹੈ।
ਵੇਖੋ ਤਾਂਹੀ ਮਾਂ ਪਿਉ ਦਾ ਘੱਟ ਰਿਹਾ ਸਤਿਕਾਰ ਹੈ।

ਪੁੱਤਰ ਲਿਪਟ ਤਿਰੰਗੇ ਵਿਚ ਜਦ ਬਾਪੂ ਘਰ ਆਇਆ,
ਘਰ ਆ ਨੇਤਾ ਦੇ ਕੇ ਚੈਕ ਰਿਹਾ ਕਰਜ ਉਤਾਰ ਹੈ।

ਮੋਹ ਮੁਹੱਬਤ ਰਿਸ਼ਤੇਦਾਰੀ ਨੂੰ ਬੰਦਾ ਭੁੱਲ ਕੇ,
ਅਪਣੇ ਤੋਂ ਮਾੜੇ ਤਾਈਂ ਵੇਖ ਰਿਹਾ ਦੁਰਕਾਰ ਹੈ।

ਨਾਲ ਨਸ਼ੇ ਦੇ ਘਰ ਨੂੰ ਬਾਪੂ ਜਦ ਵੇਖੇ ਉਜੜਦਾ,
ਬੁੱਕਲ ਦੇ ਵਿਚ ਸਿਰ ਦੇ ਕੇ ਉਹ ਕਰਦਾ ਵੀਚਾਰ ਹੈ।

ਨੇਤਾ ਚੋਣਾਂ ਤੋਂ ਪਹਿਲਾਂ ਜੋ ਕਰਦੇ ਨੇ ਵਾਅਦੇ,
ਜੁਮਲਾ ਕਹਿ ਪੱਲਾ ਝਾੜਨ ਜਦ ਬਣਦੀ ਸਰਕਾਰ ਹੈ।

ਨਾਚ ਕਰੇ ਧੀ ਮੰਚ ਉਪਰ ਜੋ ਘਰ ਦੀ ਰੋਟੀ ਲਈ,
ਸਿੱਧੂ ਲੋਕ ਜਮਾਨੇ ਵਾਲੇ ਆਖਣ ਬਦਕਾਰ ਹੈ।