ਧਰਤੀ ਦੀ ਪੁਕਾਰ

ਮੈਂ ਧਰਤੀ ਪਾਲਕ ਜੀਵਾਂ ਦੀ, ਆਦਿ ਕਾਲ ਤੋਂ ਵਿੱਚ ਸੰਸਾਰ ।
ਅਕ੍ਰਿਤਘਣ ਇਨਸਾਨ ਕਦੇ, ਮੇਰੀ ਸੁਣਦੇ ਨਹੀਂ ਪੁਕਾਰ ।

ਜੱਰਾ ਜੱਰਾ ਜਹਿਰੀਲਾ ਕਰਤਾ, ਜਹਿਰਾਂ ਦੇ ਦੇ ਕੇ ਮੈਨੂੰ ,

ਮੈਂ ਵੀ ਤਾਹੀਓਂ ਜਹਿਰਾਂ ਵੰਡਦੀ, ਸਹਿਰ, ਪਿੰਡ ਤੇ ਵਿੱਚ ਬਾਜਾਰ।
ਨਿਰਮਲ ਨੀਰ ਸੀ ਸੀਨੇ ਵਗਦਾ, ਸਭਨਾਂ ਦਾ ਦਿਲ ਦੇਂਦਾ ਠਾਰ,
ਲਾਲਚ ਖਾਤਰ ਮਾਨਵ ਜਾਤੀ, ਛੱਡਿਆ ਨਾ ਇਹ ਸੁੱਧ ਆਹਾਰ।
ਕਦੇ ਸੀ ਮੈਂਨੂੰ ਛੂਹ ਕੇ ਲੈਘਦੀ, ਰੂਪ ਗੁਰੂ ਦਾ ਸੁੱਧ ਹਵਾ,

ਡੰਗ ਮਾਰਦੀ ਜਹਿਰ ਭਰੇ ਅੱਜ, ਸਭ ਨੂੰ ਕਰਦੀ ਜਾਏ ਖੁਆਰ।
ਰੁੱਖ ਬੂਟੇ ਸਭ ਸੜਦੇ ਜਾਂਦੇ, ਕਿੱਧਰੋਂ ਮੰਗਵਾਂ ਨੀਰ ਲਿਆਵਾਂ,
ਕੁਝ ਤਾਂ ਰੁੜ੍ਹ ਗਏ, ਬਾਕੀ ਕੱਟ ਗਏ, ਜਾਂਦੀ ਰਹੀ ਉਹ ਸੋਖ ਬਹਾਰ ।
ਸੁੱਕ ਕੇ ਕਾਇਆ ਬੰਜਰ ਹੋ ਗਈ, ਹਣ ਮੈਂ ਮਰਦੀ ਮੁੱਕਦੀ ਜਾਵਾਂ,
ਨੀਰ ਮੇਰਾ ਧੁਰ ਅੰਦਰੋਂ ਕੱਢਿਆ, ਵਿਕਦਾ ਏ ਜੋ ਵਿੱਚ ਬਾਜਾਰ।
ਮੇਰੇ ਜਾਏ ਦੁਸਮਣ ਬਣ ਗਏ, ਕਿਸ ਕਿਸ ਨੂੰ ਕਿੱਦਾਂ ਸਮਝਾਵਾਂ ?
ਇਸ ਦਾ ਕਾਰਨ ਇੱਕ ਨਹੀਂ ਹੈ, ਅਣਗਿਣ ਕਾਰਨ ਕਈ ਹਜ਼ਾਰ।
ਕਰ ਕਰ ਨਿੱਤ ਉਸਾਰੀ ਏਨੀ, ਬੋਝ ਮਣਾਂ ਮੁੰਹ ਪਾਈ ਜਾਂਦੇ,
ਅੰਬਰਾ! ਦੇਖ ਮੈਂ 'ਕੱਲੀ ਕਾਰੀ, ਕੀਕਣ ਚੁੱਕਾਂ ਏਨਾ ਭਾਰ ?
ਸਾਗਰ, ਸੂਰਜ, ਜੰਗਲ, ਪਰਬਤ, ਸਭ ਦੀ ਹੋਂਦ ਹੈ ਖਤਰੇ ਦੇ ਵਿੱਚ,
ਰੁੱਤਾਂ ਦੇ ਸੰਗ ਦੁਖੜੇ ਫੋਲਾਂ, ਬੇੜੀ ਮੇਰੀ ਵਿੱਚ ਮੰਝਧਾਰ।

ਪੀੜਤ ਅਤੇ ਲਾਚਾਰ ਪਈ ਅੱਜ, ਕਰਾਂ ਪੁਕਾਰਾਂ ਬੇਵੱਸ ਹੋ ਕੇ,
'ਲਾਂਬੜਾ” ਫੇਰ ਵੀ ਆਸਵੰਦ, ਕੋਈ ਲੈ ਲਉ ਧਰਤੀ ਮਾਂ ਦੀ ਸਾਰ।