ਸਹਿਤਕ ਜਗਤ ਦੀ ਫੁਲਵਾੜੀ ਦਾ ਇਹ ਛੋਟਾ ਜਿਹਾ ਫੁੱਲ ਵੱਡੀਆਂ ਪੁਲਾਘਾਂ ਪੁੱਟ ਕੇ ਆਪਣੀ ਕਲਮ ਨਾਲ ਸਾਹਿਤਕ ਜਗਤ ’ਚ ਮਹਿਕਾਂ ਖਿਲਾਰ ਰਿਹਾ ਹੈ। ਜਦੋਂ ਕੁਦਰਤ ਕਿਸੇ ’ਤੇ ਮੇਹਰਬਾਨ ਹੁੰਦੀ ਹੈ ਉਹ ਛੋਟੀ ਉਮਰ ’ਚ ਹੀ ਦਇਆ ਦਿਸ਼ ਦ੍ਰਿਸ਼ਟ ਬਖਸ਼ ਦੇਦਾ ਹੈ। ਫਿਰ ਉਹ ਜੀਵ ਉਚੀ ਤੇ ਸੁੱਚੀ ਸੋਚ ਦਾ ਮਾਲਕ ਬਣਕੇ ਆਪਣੀ ਕਲਮ ਕੋਰੇ ਕਾਗਜ਼ ਤੇ ਚਲਾਉਣਾ ਸ਼ੁਰੂ ਕਰ ਦੇਦਾ ਹੈ।
ਗੁਣ ਨਿਵਾਜਣ ਵੇਲੇ ਲਿਖਣ ਦਾ ਹੁਨਰ ਅੱਖਰਾਂ, ਸਬਦਾਂ ਦੀ ਬੰਦਗੀ ਕਰਨ ਵਰਗਾ ਕਾਰਜ ਆਪੇ ਹੀ ਪਰਮਾਤਮਾ ਨਿਭਾ ਲੈਦਾ ਹੈ। ਜੋ ਹਰ ਕੋਈ ਨਹੀਂ ਕਰ ਸਕਦਾ। ਜੋ ਸੰਤੋਖ ਦੇ, ਕਹਿਣੀ ਕਰਨੀ ਦੇ ਪੂਰੇ ਹੁੰਦੇ ਹਨ ਉਹ ਜਲਦੀ ਹੀ ਜ਼ਿੰਦਗੀ ਦੇ ਰਾਹਾਂ ਦੇ ਭੇਦ ਸਮਝ ਜਾਂਦੇ ਨੇ ’ਤੇ
ਆਪਣੀ ਮੰਜ਼ਿਲ ਵੱਲ ਇਕੱਲਿਆਂ ਹੀ ਪੈਰ ਪੁੱਟ ਲੈਂਦੇ ਨੇ, ਬੱਸ ਤੁਰਦੇ ਜਾਂਦੇ ਨੇ ਚੁੱਪ, ਖਾਮੋਸ਼ ਹੋ ਕੇ, ਬੇਸ਼ੱਕ ਜ਼ਮਾਨਾ ਕੁੱਝ ਵੀ ਕਹੇ, ਪਰ ਉਹ
ਆਪਣੇ ਰਾਹਾਂ ਤੇ ਤੁਰੇ ਜਾਂਦੇ ਨੇ ਨਿਰੰਤਰ, ਅਡੇਲ, ਬੇਖ਼ੌਫ ਕਿਸੇ ਝਰਨੇ ਵਾਂਗ ਆਪਣੀ ਮੰਜ਼ਿਲ ਵੱਲ, ਕੋਈ ਵਿਸ਼ੇਸ਼ ਕਾਰਜ ਕਰਨ, ਜੋ ਉਹਨਾਂ ਨੂੰ ਪ੍ਰਮਾਤਮਾ ਨੇ ਸੌਪਿਆਂ ਹੁੰਦਾ ਪੂਰਾ ਕਰਨ ਲਈ।
ਅਜਿਹੀ ਹੀ ਇੱਕ ਉੱਭਰ ਰਹੀਂ ਕਵਿਤਰੀ/ਕਹਾਣੀਕਾਰਾਂ/ਚਿੱਤਰਕਾਰਾ ਜਿਸ ਨੂੰ ਇਹ ਸਭ ਕੁਝ ਪ੍ਰਮਾਤਮਾ ਵੱਲੋਂ ਬਚਪਨ ਤੋਂ ਹੀ ਮਿਲੇ ਹੋਏ ਨੇ, ਦਾ ਜ਼ਿਕਰ ਕਰਨਾ ਬਣਦਾ ਹੈ ਜਿਸ ਦਾ ਅਣਮੁੱਲ ਨਾ ਸਿਮਰਨਜੀਤ ਕੌਰ ਸਿਮਰ, ਜਿਸ ਨੂੰ ਸੁੱਚੇ ਮੋਤੀਆਂ ਦੀ ਮਾਲਾ ਵਾਂਗ ਸ਼ਬਦਾ ਨੂੰ ਕਵਿਤਾ ਚ ਪਰੋਂਦਿਆ ਢੁਕਵੇਂ ਥਾਂ ਤੇ ਦੇਖਿਆ ਗਿਆ। ਪਰਤੰਖ ਨੂੰ ਪਰਮਾਣ ਦੀ ਲੋੜ ਨਹੀਂ ਹੁੰਦੇ ਇਹ ਇਹਨਾ ਦੇ ਫੇਸਬੁਕ ਪੇਜ਼ ਤੋਂ ਦੇਖ ਸਕਦੇ ਓ। ਆਓ ਸਿਮਰਨਜੀਤ ਕੌਰ ਦੇ ਜੀਵਨ ’ਤੇ ਕਾਰਜਾ ਉਪਰ ਝਾਤ ਮਾਰੀਏ। ਸਿਮਰਨਜੀਤ ਕੌਰ ਸਿਮਰ ਦਾ ਜਨਮ ਜ਼ਿਲ੍ਹਾਂ ਪਟਿਆਲਾ ਵਿੱਚ ਵਸਦੇ ਇੱਕ ਨਿੱਕੇ ਜਿਹੇ ਪਿੰਡ ਮਵੀ-ਸੱਪਾਂ ਵਿਖੇ ਪਿਤਾ ਸਰਦਾਰ ਗੱਜਣ ਸਿੰਘ ਦੇ ਘਰ ਹੋਇਆ। ਸਿਮਰ ਨੂੰ ਬਚਪਨ ਤੋਂ ਹੀ ਸਾਹਿਤ ਪੜ੍ਹਨ ਵੱਲ ਰੁਚੀ ਹੋਣ ਕਾਰਨ ਜਲਦੀ ਅੱਖਰਾਂ ਨਾਲ ਗੱਲਾਂ ਕਰਨੀਆਂ ਆ ਗਈਆਂ। ਹੌਲੀ-ਹੌਲੀ ਸ਼ਬਦਾਂ ਦੀਆਂ ਲੜੀਆਂ ਪਰੌਣ ਲੱਗੀ ਜੋ ਜਗਮਗ ਕਰਨ ਲੱਗੀਆਂ ਤੇ ਪਾਠਕਾਂ ਨੂੰ ਪ੍ਰਵਾਨ ਚੜ੍ਹਨ ਲੱਗੀਆਂ। ਪੜਨ ਦਾ ਸ਼ੌਕ ਸਿਮਰ ਜੀ ਨੂੰ ਆਪਣੇ ਦਾਦਾ ਜੀ ਨੂੰ ਵੇਖ ਕੇ ਪਿਆ, ਜੋ ਅਕਸਰ ਕੁੱਝ ਨਾ ਕੁੱਝ ਪੜ੍ਹਦੇ ਰਹਿੰਦੇ ਸਨ।
ਸਿਮਰਨਜੀਤ ਕੌਰ ਸਿਮਰਨਜੀਤ ਨੇ ਆਪਣੀ ਕਲਮ ਰਾਹੀਂ ਹਰ ਵਿਸ਼ੇ ਤੇ ਲਿਖਿਆ ਹੈ, ਚਾਹੇ ਸਮਾਜਿਕ ਮੁੱਦੇ ਹੋਣ, ਬਚਪਨ ਬਾਰੇ ਹੋਵੇ, ਔਰਤ ਨਾਲ ਹੁੰਦੇ ਵਿਤਕਰੇ ਬਾਰੇ ਹੋਵੇ, ਕੁਦਰਤ ਨਾਲ ਹੁੰਦੀ ਛੇੜਛਾੜ ਹੋਵੇ, ਅਲੋਪ ਹੋ ਰਿਹਾ ਪੰਜਾਬੀ ਵਿਰਸਾ, ਨਸ਼ਿਆਂ ਚ ਰੁਲ ਰਹੀ ਜਵਾਨੀ ਦੀ ਗੱਲ ਹੋਵੇ ਜਾਂ ਫਿਰ ਦਿੱਲੀ ਚ ਚੱਲ ਰਹੇ ਕਿਰਸਾਨੀ ਘੋਲ ਦੀ ਗੱਲ ਹੋਵੇ, ਸਿਮਰ ਨੇ ਨਿੱਠ ਕੇ ਆਪਣੀ ਕਲਮ ਦੀ ਆਵਾਜ਼ ਬੁਲੰਦ ਕੀਤੀ। ਆਪਣੀਆਂ ਰਚਨਾਵਾਂ ਨੂੰ ਬੜੀ ਸੂਝਬੂਝ ਨਾਲ ਲਿਖ ਕੇ ਲੋਕ ਕਚਹਿਰੀ ਚ ਰੱਖਣਾ ਸਿਮਰਨ ਦੇ ਹਿੱਸੇ ਆਇਆ ਹੈ, ਧਰਤੀ ਤੋਂ ਅੰਬਰ ਤੱਕ ਪ੍ਰਵਾਜ਼ ਭਰ ਲੈਣਾ ਤੇ ਫਿਰ ਇੱਕ ਵਰਕੇ ਤੇ ਸਮੇਟ ਲੈਣ ਵਰਗੇ ਗੁਣ ਵੀ ਸਿਮਰਨ ਦੇ ਹਿੱਸੇ ਆਏ ਹਨ ਜੋ ਲੋਕਾਂ ਨੇ ਵੀ ਪ੍ਰਵਾਨ ਵੀ ਕੀਤੇ ਹਨ।
ਜੇ ਸਿਮਰਨਜੀਤ ਕੌਰ ਸਿਮਰ ਜੀ ਦੀਆਂ ਛਪ ਰਹੀਆਂ ਰਚਨਾਵਾਂ ਦੀ ਗੱਲ ਕੀਤੀ ਜਾਵੇ ਤਾ ਰੋਜ਼ਾਨਾ ਅਜੀਤ ਅਖ਼ਬਾਰ ਜਲੰਧਰ, ਲਿਸ਼ਕਰਾ, ਵਿਰਾਸਤ ਮੈਗਜ਼ੀਨ ਸਪੋਕਸਮੈਨ, ਆਨਲਾਈਨ ਸਾਇਟਾਂ, ਆਨਲਾਈਨ ਅਖ਼ਬਾਰਾਂ ਵਿੱਚ ਪਾਠਕਾਂ ਦੇ ਸਨਮੁੱਖ ਆਪਣੀ ਹਾਜ਼ਰੀ ਲਗਵਾਉਂਦੇ ਰਹਿੰਦੇ ਨੇ। ਬਹੁਤ ਸਾਰੇ ਆਨਲਾਈਨ ਆਫਲਾਇਨ ਪੰਜਾਬੀ ਕਵੀ-ਦਰਬਾਰਾਂ ਵਿੱਚ ਸ਼ਮੂਲੀਅਤ ਕਰ ਚੁੱਕੇ ਨੇ, ਜਿਵੇਂ ਰੁਬਰੂ, ਪੰਜਾਬੀ ਸੱਥ
ਮੈਲਬੌਰਨ, ਸਾਹਿਤਕ ਦੀਪ, ਉੱਘੇ ਲੇਖਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ (ਰਚੇਤਾ ਅੰਮ੍ਰਿਤਸਰ ਵੱਲ ਜਾਂਦੇ ਰਾਹੀਓ) ਦੇ ਚੈਨਲ ਅਤੇ
ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ, ਗੁਰਮੁੱਖੀ ਦੇ ਵਾਰਿਸ ਵਿਚ ਬਹੁਤ ਸਾਰੀਆਂ ਉੱਘੀਆਂ ਸ਼ਖਸੀਅਤਾਂ ਨੂੰ ਹੋਸਟ ਵੀ ਕਰ ਚੁੱਕੇ ਨੇ ਤੇ ਅੱਗੇ ਵੀ ਇਹ ਕਾਰਜ ਜਾਰੀ ਹੈ।
ਜੋ ਸਿਮਰ ਜੀ ਦੀਆਂ ਛਪ ਰਹੀਆਂ ਕਿਤਾਬਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਛਹੁਤ ਸਾਰੇ ਸਾਂਝੇ ਕਾਵਿ ਸੰਗ੍ਰਹਿਆਂ ਜਿਵੇਂ ਕਿ :- ਜਗਦੇ ਦੀਵੇ, ਨਵੀਆਂ ਕਲਮਾਂ ਦੇ ਰੰਗ ਗਗਨ ਦੇ ਸੰਗ, ਕਲਮਾਂ ਦੀ ਸਾਂਝ, ਵਿਹੜੇ ਦੀਆਂ ਰੌਣਕਾਂ ਆਦਿ ਅਤੇ ਕਹਾਣੀ ਸੰਗ੍ਰਹਿ :- ਰੰਗ ਬਰੰਗੇ ਮੋਤੀ, ਰੂਹ ਦੀ ਚੀਖ ਆ ਚੁੱਕੇ ਨੇ, ਇਹ ਸਫ਼ਰ ਅੱਗੇ ਵੀ ਜਾਰੀ ਹੈ ਜੋ ਹੋਰ ਬਹੁਤ ਕੁੱਝ ਨਵਾਂ ਲੈ ਕੇ ਆ ਰਹੇ ਹਨ।
ਸਿਮਰਨਜੀਤ ਕੌਰ ਸਿਮਰ ਜੀ ਦੀ ਬੀ.ਏ., ਬੀ.ਐੱਡ ਤੱਕ ਪੜ੍ਹਾਈ ਕੀਤੀ ਹੋਈ ਹੈ। ਜਿੰਨਾ ਦਾ ਸੂਫਨਾ ਇਕ ਚੰਗੀ ਅਧਿਆਪਕ ਤੇ ਚੰਗੀ ਕਲਮਕਾਰਾ ਬਣਨਾ ਹੈ। ਸਿਮਰਨਜੀਤ ਕੌਰ ਸਿਮਰ ਜੀ ਚੰਗੇ ਸਾਹਿਤਕਾਰਾਂ ਵਿੱਚ ਨਾ ਦਰਜ ਕਰਵਾਉਣ ਬਾਰੇ ਇੱਕ ਤਕਦੀਰ ਨੂੰ ਮੰਨਦੇ ਨੇ ਜਿਸ ਨੇ ਉਹਨਾਂ ਦੀ ਤਕਦੀਰ ਬਦਲ ਕੇ ਰੱਖ ਦਿੱਤੀ ਸਿਮਰ ਜੀ ਅੱਜ- ਕੱਲ੍ਹ ਕੀ ਅਹੁਦਿਆਂ ਤੇ ਆਪਣੀ ਜ਼ਿੰਮੇਵਾਰੀ ਪੂਰੀ ਤਨ ਦੇਹੀ ਨਾਲ ਨਿਭਾ ਰਹੇ ਨੇ ਜਿੰਨ੍ਹਾਂ ਚੋਂ ਜਨਰਲ ਸਕੱਤਰ ਸਾਹਿਤਕ ਫੁਲਵਾੜੀ, ਕੋਆਰਡੀਨੇਟਰ ਅੰਤਰਰਾਸ਼ਟਰੀ ਸੁਨਹਿਰੇ ਲਫ਼ਜ਼ ਅਤੇ ਹੋਰ ਵੱਖ-ਵੱਖ ਸਾਹਿਤਕ ਸੰਸਥਾਵਾਂ ਦੇ ਮੈਂਬਰ ਵੀ ਹਨ।
ਸਿਮਰਨਜੀਤ ਕੌਰ ਸਿਮਰ ਜੀ ਨੂੰ ਆਪਣੇ ਪੰਜਾਬੀ ਹੋਣ ਤੇ ਮਾਣ ਹੈ, ਆਪਣੇ ਆਪ ਨੂੰ ਸੁਭਾਗਾ ਸਮਝਦੇ ਨੇ ਜੋ ਪੰਜਾਬ ਦੀ ਧਰਤੀ ਤੇ ਜਨਮ ਲਿਆ ਤੇ ਪੰਜਾਬੀ ਮਾਂ ਬੋਲੀ ਵਿੱਚ ਲੋਰੀਆਂ ਗੀਤਾਂ ਦਾ ਨਿੱਘ ਮਾਣਿਆਂ। ਉਹ ਦਿਨ ਰਾਤ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਿੱਚ ਤਤਪਰ ਰਹਿੰਦੇ ਨੋ। ਸਿਮਰ ਜੀ ਅਕਸਰ ਆਖਦੇ ਨੇ ਕਿ ਆਪਾਂ ਪੰਜਾਬੀ ਮਾਂ ਬੋਲੀ ਕਰਕੇ ਹਾਂ, ਮਾਂ ਬੋਲੀ ਆਪਣੇ ਕਰਕੇ ਹੈ, ਆਪਾਂ ਨੂੰ ਸ਼ੁੱਧ ਪੰਜਾਬੀ ਬੋਲਣੀ ਲਿਖਣੀ ਚਾਹੀਦੀ ਹੈ ਤੇ ਆਪਣੇ ਬੱਚਿਆ ਨਾਲ ਪੰਜਾਬੀ ਵਿੱਚ ਗੱਲ ਕਰਨੀ ਚਾਹੀਦੀ ਹੈ। ਪੰਜਾਬੀ ਬੋਲੀ ਬਹੁਤ ਮਹਾਨ ਹੈ ਜੋ ਗੁਰੂਆਂ ਪੀਰਾਂ ਦੀ ਜਾਈ ਬੋਲੀ ਹੈ। ਬਾਬਾ ਨਾਨਕ, ਕਬੀਰ, ਬਾਬਾ ਫਰੀਦ, ਬਾਬਾ ਬੁੱਲ੍ਹੇਂ ਸ਼ਾਹ, ਵਾਰਿਸ਼ ਸ਼ਾਹ, ਸ਼ਿਵ ਕੁਮਾਰ ਬਟਾਲਵੀ ਜਿਹੇ ਮਹਾਨ ਕਵੀਆ ਦੀ ਬੋਲੀ ਵੀ ਮਹਾਨ ਹੀ ਹੋ ਸਕਦੀ ਹੈ ਕਿਸੇ ਗੱਲੋਂ ਘੱਟ ਨਹੀਂ। ਸਾਨੂੰ ਸਭ ਨੂੰ ਹੋਰ ਬੋਲੀਆਂ ਸਿੱਖਣ ਦੇ ਨਾਲ ਨਾਲ ਆਪਣੀ ਮਾਂ ਬੋਲੀ ਦੀ ਸੇਵਾ ਕਦਰ ਕਰਨੀ ਚਾਹੀਦੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਨੇ ਸਾਨੂੰ ਮਾਫ ਨਹੀਂ ਕਰਨਾ। ਸਾਲਾਂ! ਸਾਡੇ ਵੱਲੋਂ ਦਿਲੀ ਦੁਆਵਾਂ ਨੇ ਕਿ ਸਿਮਰਨਜੀਤ ਕੌਰ ਸਿਮਰ ਜੀ ਆਉਣ ਵਾਲੇ ਸਮੇਂ ਹੋਰ ਤਰੱਕੀਆਂ ਕਰਨ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ। ਭਵਿੱਖ ਵਿੱਚ ਕੁੱਝ ਨਵਾਂ ਤੇ ਵਧੀਆ ਕਰਨ ਅਤੇ ਇਸੇ ਤਰ੍ਹਾਂ ਸਾਹਿਤਕ ਜਗਤ ਵਿਚ ਮਹਿਕਾਂ ਖਿਲਾਰਦੇ ਰਹਿਣ।
ਗੁਰਚਰਨ ਸਿੰਘ ਧੰਜੂ