ਆਪਣੀ ਜ਼ਿੰਦਗੀ ਵਿੱਚ ਸਫਲਤਾ ਦੇ ਪਰਚਿਮ ਲਹਿਰਾਉਣ ਵਾਲੇ ਹਰ ਇਨਸਾਨ ਦੀ ਸਫਲਤਾ ਦੇ ਰਾਜ਼ ਜਾਨਣ ਅਤੇ ਉਸਦੇ ਸਫ਼ਲ ਹੋਣ ਲਈ ਕੀਤੇ ਸੰਘਰਸ਼ ਵਾਰੇ ਜਾਨਣ ਦੀ ਹਰੇਕ ਦੇ ਮਨ ਅੰਦਰ ਤਾਂਘ ਹੁੰਦੀ ਹੈ । ਸੰਸਾਰ ਵਿੱਚ “ਉੱਡਣਾ ਸਿੱਖ” ਦੇ ਨਾਂ ਨਾਲ ਨਾਮਣਾ ਖੱਟਣ ਵਾਲੇ ਭਾਰਤ ਦੇ ਪ੍ਰਸਿੱਧ ਦੌੜਾਕ ਮਿਲਖਾ ਸਿੰਘ ਦੀ ਜਿੰਦਗੀ ਵਾਰੇ ਜਾਨਣਾ ਕੌਣ ਨਹੀਂ ਚਾਹਵੇਗਾ ? ਮਿਲਖਾ ਸਿੰਘ ਦਾ ਜਨਮ 20 ਨਵੰਬਰ 1929 ਈ. ਨੂੰ ਇੱਕ ਛੋਟੇ ਕਿਸਾਨ ਦੇ ਘਰ ਪਿੰਡ ਗੋਬਿੰਦਪੁਰਾ (ਪਾਕਿਸਤਾਨ) ਵਿੱਚ ਹੋਇਆ । ਭਾਰਤ-ਪਾਕਿਸਤਾਨ ਵੰਡ ਨੇ ਘਰੋਂ ਬੇਘਰ ਹੋਏ ਮਿਲਖਾ ਸਿੰਘ ਨੂੰ ਆਪਣੀ ਜਿੰਦਗੀ ਦਾ ਰਾਹ ਖੁਦ ਚੁਣਨ ਲਈ ਮਜ਼ਬੂਰ ਕਰ ਦਿੱਤਾ । ਉਸ ਵੇਲੇ ਸਿਰ ‘ਤੇ ਛੱਤ ਨਾ ਹੋਣ ਕਾਰਨ ਉਸਨੂੰ ਰੇਲਵੇ ਸਟੇਸ਼ਨ ‘ਤੇ ਵੀ ਕੁਝ ਦਿਨ ਬਿਤਾਉਣੇ ਪਏ ਸਨ । ਇੱਥੇ ਰਹਿੰਦਿਆਂ ਉਹ ਬੁਰੀਆਂ ਅਲਾਮਤਾਂ ਜਿਵੇਂ ਕਿ ਫ਼ਿਲਮਾਂ ਦੇਖਣ ਲਈ ਜੂਆ ਖੇਡ੍ਹਣ ਅਤੇ ਛੋਟੀਆਂ - ਮੋਟੀਆਂ ਚੋਰੀਆਂ ਕਰਨ ਵੀ ਲੱਗ ਪਏ ਸਨ ।
ਆਪਣੀ ਜਿੰਗਦੀ ਵਿੱਚ ਕੁਝ ਬਣਨ ਦੇ ਮਕਸਦ ਨਾਲ ਮਿਲਖਾ ਸਿੰਘ ਨੇ ਮਕੈਨਿਕ ਦੀ ਨੌਕਰੀ ਕੀਤੀ ਅਤੇ ਇੱਕ ਰਬੜ ਫੈਕਰੀ ਵਿੱਚ 15 ਰੁਃ ਮਹੀਨੇ ਦੀ ਤਨਖਾਹ ਉੱਤੇ ਵੀ ਮਜ਼ਦੂਰੀ ਕਰਕੇ ਆਪਣਾ ਪੇਟ ਪਾਲ਼ਿਆ। 1949 ਵਿੱਚ ਲਗਾਤਾਰ ਦੋ ਵਾਰ ਭਾਰਤੀ ਫੌਜ ਵਿੱਚ ਭਰਤੀ ਹੋਣ ‘ਚ ਅਸਫਲ ਰਹਿਣ ਪਿੱਛੋਂ ਆਖਰ ਆਪਣੀ ਮਿਹਨਤ, ਲਗਨ ਅਤੇ ਸਿਰੜ ਕਾਰਨ ਫੌਜ ਵਿੱਚ ਭਰਤੀ ਹੋਣ ਵਿੱਚ ਸਫ਼ਲ ਹੋ ਗਏ। ਜਨਵਰੀ 1953 ਵਿੱਚ ਭਾਰਤੀ ਫੌਜ ਵੱਲੋਂ 6 ਮੀਲ ਰੇਸ ਲਗਾਕੇ ਆਪਣੇ ਖੇਡ ਜੀਵਨ ਦਾ ਪ੍ਰਭਾਵਸ਼ਾਲੀ ਆਗਾਜ਼ ਕਰਨ ਵਾਲੇ ਇਸ ਅਥਲੀਟ ਦਾ ਜੀਵਨ ਇਤਿਹਾਸ ਅੱਜ ਦੀ ਯੁਵਾ ਪੀੜ੍ਹੀ ਲਈ ਕਿਸੇ ਮਾਰਗ ਦਰਸ਼ਕ ਤੋਂ ਘੱਟ ਨਹੀਂ ਹੈ । ਮਿਲਖਾ ਸਿੰਘ ਨੇ 1956 ਦੀਆਂ ਉਲੰਪਿਕ ਖੇਡ੍ਹਾਂ ਵਿੱਚ ਪਹਿਲੀ ਵਾਰ 200 ਮੀਟਰ ਅਤੇ 400 ਮੀਟਰ ਦੌੜ ਵਿੱਚ ਭਾਗ ਲਿਆ । ਭਾਵੇਂ ਇਸ ਵਾਰ ਉਹ ਕੋਈ ਤਮਗਾ ਲੈਣ ਵਿੱਚ ਅਸਫਲ ਰਹੇ ਪਰ ਇੱਥੇ ਮਿਲਖਾ ਸਿੰਘ ਦੀ ਚਾਰਲਸ ਜੇਨਕਿੰਸ ਨਾਲ ਹੋਈ ਮਿਲਣੀ ਪ੍ਰੇਰਨਾ ਸ੍ਰੋਤ ਸਾਬਤ ਹੋਈ । ਆਪਣੀ ਜਿੰਦਗੀ ਦੀ ਇਸ ਇਤਿਹਾਸਕ ਮਿਲਣੀ ਪਿੱਛੋਂ ਉਸਨੇ ਆਪਣੇ ਆਪ ਨੂੰ ਇੱਕ ਚੱਲਦੀ ਮਸ਼ੀਨ ਵਿੱਚ ਬਦਲਣ ਦਾ ਦ੍ਰਿੜ ਸੰਕਲਪ ਲੈਂਦੇ ਹੋਏੈ ਲਬੌਰਨ ਤੋਂ ਵਾਪਸ ਆ ਗਏ।
ਖਿਡਾਰੀਆਂ ਦੀ ਦੂਸਰੇ ਪ੍ਰਤੀ ਈਰਖਾ ਦੀ ਭਾਵਨਾ ਦੀ ਬੁਰਾਈ ਭਾਵੇਂ ਅੱਜ ਵੀ ਬਾ-ਦਸਤੂਰ ਜਿੰਦਾ ਹੈ , ਜੋ ਕਿ ਦੇਸ਼ ਦਾ ਖੇਡ੍ਹਾਂ ਵਿੱਚ ਪਛੜਨ ਦਾ ਮੁੱਖ ਕਾਰਨ ਵੀ ਹੈ । ਮੈਲਬੌਰਨ ਤੋਂ ਆਪਣੇ ਨਾਲ ਲਿਆਂਦੇ ਦ੍ਰਿੜ ਇਰਾਦੇ ਸਦਕਾ ਜਿਵੇਂ ਮਿਲਖਾ ਸਿੰਘ ਨੂੰ ਖੰਭ ਲੱਗ ਗਏ ਹੋਣ । ਹੁਣ ਉਹ ਦੌੜਨ ਨਹੀਂ, ਉੱਡਣ ਲੱਗ ਪਿਆ ਸੀ । ਪਾਕਿਸਤਾਨ ਦੇ ਲਾਹੌਰ ਸਥਿੱਤ ਸਟੇਡੀਅਮ ਵਿੱਚ 1960 ‘ਚ 200 ਮੀਟਰ ਦੌੜ ਸਮੇਂ ਪਾਕਿਸਤਾਨ ਦੇ ਏਸ਼ੀਅਨ ਚੈਂਪੀਅਨ ਨਾਲ ਹੋਏ ਮੁਕਬਲੇ ਸਮੇਂ ਪਾਕਿਸਤਾਨ ਦੇ ਰਾਸ਼ਟਰਪਤੀ ਵੱਲੋਂ ਮਿਲਖਾ ਸਿੰਘ ਨੂੰ “ਉੱਡਣਾ ਸਿੱਖ” ਦਾ ਖ਼ਿਤਾਬ ਦਿੱਤਾ ਗਿਆ । ਇਸ ਮੌਕੇ ਮਿਲਖਾ ਸਿੰਘ ਨੇ 200 ਮੀਟਰ ਦੇ ਬਣੇ 20.7 ਸੈਕਿੰਡ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਕੇ ਇੱਕ ਨਵਾਂ ਇਤਿਹਾਸ ਰਚਿਆ ।
ਉਸਨੂੰ ਮੈਡਲ ਪਹਿਨਾਉਣ ਸਮੇਂ ਪਾਕਿਸਤਾਨੀ ਰਾਸ਼ਟਰਪਤੀ ਆਯੂਬ ਖਾਨ ਨੇ ਕਿਹਾ ਸੀ ਕਿ ਅੱਜ ਮਿਲਖਾ ਦੌੜ ਨਹੀਂ ਉੱਡ ਰਿਹਾ ਸੀ , ਇਸ ਲਈ ਅਸੀਂ ਉਸਨੂੰ “ਫਲਾਇੰਗ ਸਿੱਖ” ਦਾ ਖ਼ਿਤਾਬ ਦਿੰਦੇ ਹਾਂ । ਉਹਨਾਂ ਨੇ 1960 ਦੀਆਂ ਰੋਮ ਉਲੰਪਿਕ ਗੇਮਾਂ ਅਤੇ 1964 ਦੀਆਂ ਟੋਕਿਓ ਉਲੰਪਿਕ ਗੇਮਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ । ਇਸਤੋਂ ਇਲਾਵਾ ਮਿਲਖਾ ਸਿੰਘ ਨੇ 1958 ਅਤੇ 1962 ਦੀਆਂ ਏਸ਼ੀਆਈ ਖੇਡ੍ਹਾਂ ਵਿੱਚੋਂ ਵੀ ਸੋਨ ਤਮਗੇ ਜਿੱਤੇ । ਉਹ 1960 ਦੀਆਂ ਉਲੰਪਿਕ ਗੇਮਾਂ ਵਿੱਚੋਂ ਭਾਵੇਂ ਕੋਈ ਤਮਗਾ ਨਹੀਂ ਲੈ ਸਕੇ, ਪਰ ਉਨ੍ਹਾਂ ਇੱਥੇ ਸਾਬਕਾ ਉਲੰਪਿਕ ਰਿਕਾਰਡ ਤੋੜ ਦਿੱਤਾ । ਇਸ ਦੌਰਾਨ ਮਿਲਖਾ ਸਿੰਘ ਨੇ ਅਜਿਹਾ ਰਾਸ਼ਟਰੀ ਰਿਕਾਰਡ ਆਪਣੇ ਨਾਮ ਕਾਇਮ ਕੀਤਾ ਜੋ ਤਕਰੀਬਨ 40 ਸਾਲਾਂ ਬਾਦ ਟੁੱਟ ਸਕਿਆ । ਟੋਕੀਓ ਵਿੱਚ 1964 ‘ਚ ਹੋਈਆਂ ਉਲੰਪਿਕ ਗੇਮਾਂ ਵਿੱਚ ਵੀ ਮਿਲਖਾ ਸਿੰਘ ਨੇ ਭਾਰਤੀ ਅਥਲੈਟਿਕਸ ਟੀਮ ਦੀ ਅਗਵਾਈ ਕੀਤੀ ।
ਇਸਤੋਂ ਪਹਿਲਾਂ 1962 ਵਿੱਚ ਮਿਲਖਾ ਸਿੰਘ ਨੇ ਨਿਰਮਲ ਕੌਰ ਨੂੰ ਆਪਣੀ ਪਤਨੀ ਦੇ ਰੂਪ ਵਿੱਚ ਚੁਣਿਆ ਜੋ ਕਿ ਉਸ ਸਮੇਂ ਉਸ ਵਾਂਗ ਹੀ ਖੇਡਾਂ ਦੇ ਖੇਤਰ ਵਿੱਚ ਭਾਰਤੀ ਮਹਿਲਾ ਵਾਲੀਬਾਲ ਟੀਮ ਦੀ ਕਪਤਾਨ ਸੀ । ਉਹ ਤਿੰਨ ਧੀਆਂ ਅਤੇ ਇੱਕ ਪੁੱਤਰ ਦੇ ਬਾਪ ਸਨ । ਉਸਦਾ ਪੁੱਤਰ ਜੀਵ ਮਿਲਖਾ ਸਿੰਘ ਵੀ ਪਿਤਾ ਵਾਂਗ ਗੌਲਫ਼ ਦਾ ਅੰਤਰਰਾਸ਼ਟਰੀ ਖਿਡਾਰੀ ਹੈ । ਸੰਨ 1999 ਵਿੱਚ ਮਿਲਖਾ ਸਿੰਘ ਨੇ ਇੱਕ 7 ਸਾਲਾ ਬੱਚੇ ਨੂੰ ਗੋਦ ਲਿਆ ਹੋਇਆ ਸੀ ਜੋ ਕਿ ਹਵਲਦਾਰ ਬਿਕਰਮ ਸਿੰਘ ਨਾਂ ਦਾ ਜਵਾਨ ਕਾਰਗਿਲ ਯੁੱਧ ਵੇਲੇ ਟਾਈਗਰ ਹਿੱਲ ‘ਤੇ ਸ਼ਹੀਦ ਹੋ ਗਿਆ ਸੀ। ਮਿਲਖਾ ਸਿੰਘ ਦੀ ਜ਼ਿੰਦਗੀ ‘ਤੇ ਆਧਾਰਿਤ 2013 ਵਿੱਚ ਬਣੀ ਬਹੁਤ ਹੀ ਸੁਪਰਹਿੱਟ ਬਾਲੀਵੁੱਡ ਫਿਲਮ “ਭਾਗ ਮਿਲਖਾ ਭਾਗ” ਲੋਕਾਂ ਵਿੱਚ ਬੜੀ ਹਰਮਨ ਪਿਆਰੀ ਹੋਈ ਸੀ । ਇਸ ਵਿੱਚ ਉੱਘੇ ਅਦਾਕਾਰ ਫਰਹਾਨ ਅਖਤਰ ਨੇ ਮਿਲਖਾ ਸਿੰਘ ਦਾ ਕਿਰਦਾਰ ਬਾਖ਼ੂਬੀ ਨਿਭਾਇਆ ਸੀ । ਇੰਡਸਟਰੀ ਵਿੱਚ ਇਸ ਫਿਲਮ ਨੇ 100 ਕਰੋੜ ਦਾ ਕਾਰੋਬਾਰ ਕੀਤਾ ਸੀ , ਜਦੋਂ ਕਿ ਮਿਲਖਾ ਸਿੰਘ ਨੇ ਫਿਲਮ ਲਈ ਆਪਣੀ ਸਵੈਜੀਵਨੀ ਦਾ ਇਵਜ਼ਾਨਾ ਸਿਰਫ ਇੱਕ ਰੁਪਿਆ ਹੀ ਲਿਆ ਸੀ । ਉੱਨ੍ਹਾਂ ਆਪਣੀ ਜਿੰਦਗੀ ਦੇ ਲੰਮੇ ਅਰਸੇ ਬਾਦ 2013 ਵਿੱਚ ਆਪਣੀ ਧੀ ਸੋਨੀਆ ਸਾਂਵਲਕਾ ਦੀ ਮੱਦਦ ਨਾਲ ਪ੍ਰਕਾਸ਼ਿਤ ਆਪਣੀ ਆਤਮਕਥਾ “ਦੀ ਰੇਸ ਆਫ ਮਾਈ ਲਾਈਫ” ਨਾਲ ਆਪਣੀ ਜ਼ਿੰਦਗੀ ਅਤੇ ਕੈਰੀਅਰ ਦੀਆਂ ਸ਼ਾਨਦਾਰ ਯਾਦਾਂ ਸਾਂਝੀਆਂ ਕੀਤੀਆਂ । ਮਿਲਖਾ ਸਿੰਘ ਦੀ ਜ਼ਿੰਦਗੀ ‘ਤੇ ਪ੍ਰਕਾਸ਼ਿਤ ਇਹ ਸਵੈ ਜੀਵਨੀ ਹੀ ਉਹਨਾਂ ਦੀ ਜ਼ਿੰਦਗੀ ‘ਤੇ ਬਣੀ ਇੱਕ ਸਫਲ ਫਿਲਮ “ਭਾਗ ਮਿਲਖਾ ਭਾਗ” ਹੋ ਗਈ।
ਮਿਲਖਾ ਸਿੰਘ ਨੇ ਆਪਣੀ ਜ਼ਿੰਦਗੀ ਵਿੱਚ ਖੇਡ ਸਨਮਾਨਾਂ ਦੌਰਾਨ ਮਿਲੇ ਸਾਰੇ ਤਮਗੇ ਦੇਸ਼ ਨੂੰ ਦਾਨ ਕੀਤੇ ਹੋਏ ਹਨ ਜੋ ਕਿ ਦਿੱਲੀ ਦੇ ਜਵਾਹਰ ਲਾਲ ਨਹਿਰੂ ਖੇਡ ਸਟੇਡੀਅਮ ਵਿੱਚ ਪ੍ਰਦਰਸ਼ਿਤ ਹਨ । ਇਸ ਦੌਰਾਨ ਮਿਲਖਾ ਸਿੰਘ ਨੇ 1960 ਦੀਆਂ ਉਲੰਪਿਕ ਖੇਡ੍ਹਾਂ ਦੇ ਮਾਰਚ ਪਾਸਟ ਦੌਰਾਨ ਪਹਿਨੇ ਬੂਟਾਂ ਦਾ ਜੋੜਾ ਵੀ ਚੈਰੀਟੇਬਲ ਟਰੱਸਟ ਨੂੰ ਦਾਨ ਕਰ ਦਿੱਤਾ ਸੀ ।
ਮਿਲਖਾ ਸਿੰਘ ਆਪਣੇ ਦਿਲ ਦੀ ਗੱਲ ਸਾਂਝੀ ਕਰਦਿਆਂ ਲਿਖਦੇ ਹਨ ਕਿ ਉਹ ਜ਼ਿੰਦਗੀ ਵਿੱਚ ਸਿਰਫ ਤਿੰਨ ਵਾਰ ਰੋਏ ਹਨ । ਉਹ ਤੀਸਰੀ ਅਤੇ ਆਖਰੀ ਵਾਰ ਆਪਣੀ ਬਾਇਓਪਿੱਕ ਮੂਵੀ ਵਿੱਚ ਆਪਣੇ ਆਪ ਨੂੰ ਰੋਮ ਉਲੰਪਿਕਸ ਵਿੱਚੋਂ ਸੋਨ ਤਮਗਾ ਨਾ ਮਿਲਣ ਤੇ ਰੋਇਆ ਹੈ ।
ਸੰਸਾਰ ਵਿੱਚ ਫੈਲੀ ਕਰੋਨਾ ਮਹਾਂਮਾਰੀ ਦੇ ਦੈਂਤ ਨੇ ਸਾਥੋਂ ਸਾਡੇ ਦੇਸ਼ ਦੇ ਮਹਾਂ ਨਾਇਕ ਮਿਲਖਾ ਸਿੰਘ ਨੂੰ ਨਿਗਲ਼ ਲਿਆ । ਜੂਨ 2021 ਵਿੱਚ ਉਹਨਾਂ ਦੀ ਪਤਨੀ ਦਾ ਕੋਵਿਡ ਕਾਰਨ ਦੇਹਾਂਤ ਹੋ ਗਿਆ ਅਤੇ ਪਤਨੀ ਦੇ ਦੇਹਾਂਤ ਤੋਂ 15 ਦਿਨਾਂ ਬਾਦ ਹੀ ਮਿਲਖਾ ਸਿੰਘ ਆਕਸੀਜ਼ਨ ਲੈਵਲ ਘੱਟ ਜਾਣ ਕਾਰਨ ਮੌਤ ਨੂੰ ਗਲ਼ੇ ਲਗਾ ਗਏ । ਪਰ ਉਸਦੀ ਖੇਡ ਜਗਤ ਨੂੰ ਸੌਗਾਤ ਵਜੋਂ ਦਿੱਤੀ ਅਮੁੱਲ ਵਿਰਾਸਤ ਸਦਾ ਹੀ ਅਮਰ ਰਹੇਗੀ ਅਤੇ ਭਵਿੱਖ ਦੇ ਬਹੁਤ ਸਾਰੇ ਅਥਲੀਟਾਂ ਨੂੰ ਪ੍ਰੇਰਨਾਂ ਪ੍ਰਦਾਨ ਕਰੇਗੀ।