ਦਿੱਲੀ ਤਿਆਰ ਹੈ ਮੁੱਕੇਬਾਜ਼ੀ ਦੀ ਵਿਸ਼ਵ ਚੈਂਪੀਅਨਸ਼ਿਪ ਲਈ

ਮੁੱਕੇਬਾਜ਼ੀ ਜੋ ਕਿ ਪ੍ਰਾਚੀਨ ਉਲੰਪਿਕ ਖੇਡਾਂ ਤੋਂ ਖੇਡ ਸੰਸਾਰ ਦਾ ਹਿੱਸਾ ਰਹੀ ਹੈ ਅਤੇ ਜਿਸ ਖੇਡ ਨੂੰ ਸੰਸਾਰ ਦੇ ਹਰ ਖੇਤਰ ਵਿੱਚ ਖੇਡਿਆ ਜਾਂਦਾ ਹੈ ਆਪਣੇ ਆਪ ਵਿੱਚ ਬਾਕਮਾਲ ਖੇਡ ਹੈ। ਜੇਕਰ ਇਸ ਖੇਡ ਅੰਦਰ ਭਾਰਤ ਦੇ ਘਸੁੰਨਬਾਜਾਂ ਦੀ ਗੱਲ ਕਰੀਏ ਤਾਂ ਬੇਸ਼ੱਕ ਪਹਿਲਾਂ ਸੰਸਾਰ ਪੱਧਰ ਤੇ ਪਹਿਲਾਂ ਉਹਨਾਂ ਦੇ ਮੱਕਿਆਂ ਨੇ ਕੋਈ ਵਿਸ਼ੇਸ਼ ਛਾਪ ਨਹੀਂ ਛੱਡੀ ਸੀ ਪਰ ਅਜੋਕੇ ਮੁੱਕੇਬਾਜ਼ਾ ਦੇ ਘਸੁੰਨਾਂ ਦਾ ਹੀ ਕਮਾਲ ਹੈ ਕਿ ਅੱਜ ਵਿਸ਼ਵ ਰੈਂਕਿੰਗ ਵਿੱਚ ਅਸੀਂ ਤੀਜੇ ਸਥਾਨ ਤੇ ਪਹੁੰਚ ਚੁੱਕੇ ਹਾਂ ਜਦੋਂ ਕਿ ਪਹਿਲਾਂ ਭਾਰਤੀ ਮੱਕੇਬਾਜ਼ੀ 41ਵੇਂ ਸਥਾਨ ਉੱਤੇ ਸੀ। 2008 ਦੀਆਂ ਉਲੰਪਿਕ ਖੇਡਾਂ ਵਿੱਚ ਵਿਜੇਂਦਰ ਸਿੰਘ ਨੇ ਜਦੋਂ ਭਾਰਤ ਲਈ ਪਹਿਲਾ ਤਗਮਾ ਹਾਸਿਲ ਕੀਤਾ ਸੀ ਤਾਂ ਉਸ ਤੋਂ ਬਾਅਦ ਭਾਰਤੀ ਮੁੱਕੇਬਾਜ਼ੀ ਨੇ ਖਾਸੀ ਰਫਤਾਰ ਫੜੀ ਹੈ ਅਤੇ ਅੱਜ ਸਾਡੇ ਮੁੱਕੇਬਾਜ਼ ਵਿਸ਼ਵ ਪੱਧਰ ਉੱਤੇ ਛਾਏ ਹੋਏ ਹਨ। ਜੇਕਰ ਇਸ ਖੇਡ ਅੰਦਰ ਭਾਰਤੀ ਮਹਿਲਾਵਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਖਿਡਾਰਨਾਂ ਵੀ ਅੱਜ ਆਪਣੇ ਮੁੱਕਿਆਂ ਦਾ ਲੋਹਾ ਸੰਸਾਰ ਨੂੰ ਮਨਵਾ ਚੁੱਕੀਆਂ ਹਨ। ਭਾਰਤੀ ਜੀ ਜਾਂਬਾਜ਼
ਮੁੱਕੇਬਾਜ਼ ਐਮ.ਸੀ ਮੈਰੀਕਾਮ ਜੋ ਇਸ ਸਮੇਂ ਭਾਰਤ ਦੀ ਸਟਾਰ ਖਿਡਾਰੀ ਹੈ ਨੇ ਜਿਸ ਤਰ੍ਹਾਂ ਵਿਸ਼ਵ ਅਤੇ ਉਲੰਪਿਕ ਪੱਧਰ ‘ਤੇ ਭਾਰਤ ਦੀ ਪ੍ਰਤੀਨਿਧਤਾ ਕਰਦੇ ਹੋਏ ਭਾਰਤੀ ਮੱਕੇਬਾਜ਼ੀ ਲਈ ਨਾਮਣਾ ਖੱਟਿਆ ਹੈ ਉਹ ਬਾਕਮਾਲ ਹੈ ਅਤੇ ਅੱਜ ਭਾਰਤੀ ਲੜਕੀਆਂ ਇਸ ਖੇਡ ਵਿੱਚ ਬਾਖੂਬੀ ਪ੍ਰਦਰਸ਼ਨ ਕਰ ਰਹੀਆਂ ਹਨ।
ਇਸ ਸਮੇਂ ਭਾਰਤ ਨੂੰ ਮੁੱਕੇਬਾਜ਼ੀ ਦੇ ਇੱਕ ਵਧੀਆ ਪਿੜ ਵੱਜੋਂ ਪ੍ਰਵਾਨਗੀ ਮਿਲ ਚੁੱਕੀ ਹੈ ਅਤੇ ਨਤੀਜੇ ਵੱਜੋਂ ਇਸ ਸਾਲ 15 ਤੋਂ 31 ਮਾਰਚ ਤੱਕ ਸਾਡਾ ਦੇਸ਼ ਨਵੀਂ ਦਿੱਲੀ ਵਿਖੇ "ਵੂਮੈਨ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ" ਦਾ ਆਯੋਜਨ ਕਰ ਰਿਹਾ ਹੈ। ਹਾਲਾਂਕਿ ਭਾਰਤ ਪਹਿਲਾਂ ਵੀ ਦੋ ਵਾਰ ( 2006, 2018 ) ਵਿੱਚ ਇਸ ਆਲਮੀ ਪ੍ਰਤੀਯੋਗਿਤਾ ਦਾ ਆਯੋਜਨ ਕਰ ਚੁੱਕਿਆ ਹੈ ਪਰ ਇਸ ਵਾਰ ਦਾ ਆਯੋਜਨ ਇਸ ਲਈ ਖਾਸ ਹੈ ਕਿਉਂਕਿ ਇਸ ਵਾਰ ਭਾਰਤੀ ਵੂਮੈਨ ਬਾਕਸਿੰਗ ਦੀ ਨਵੀਂ ਸਨਸਨੀ "ਨਿਖਿਤ ਜ਼ਰੀਨ" ਇਸ ਚੈਂਪੀਅਨਸ਼ਿਪ ਨੂੰ ਜਿੱਤਣ ਲਈ ਖਾਸੀ ਉਤਸ਼ਾਹਿਤ ਹੈ, ਜ਼ਰੀਨ
ਪਿਛਲੇ ਸਾਲ 2022 ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਤੋਂ ਬਾਅਦ ਭਾਰਤੀ ਖੇਡ ਪ੍ਰੇਮੀਆਂ ਦੀਆਂ ਅੱਖਾਂ ਦਾ ਸਿਤਾਰਾ ਬਣ ਚੁੱਕੀ ਹੈ ਅਤੇ ਇਸ ਫਾਰ ਵੀ ਉਸ ਤੋਂ ਖਾਸੀਆਂ ਉਮੀਦਾਂ ਹਨ। ਇਸ ਵਾਰ ਦੀ ਚੈਂਪੀਅਨਸ਼ਿਪ ਵਿੱਚ 12 ਭਾਰ ਵਰਗਾਂ ਵਿੱਚ ਵਿਸ਼ਵ ਭਰ ਦੀਆਂ ਮੁੱਕੇਬਾਜ਼ਾ ਆਪਣਾ ਦਮਖਮ ਦਿਖਾਉਣਗੀਆਂ। ਹੁਣ ਤੱਕ ਮਹਿਲਾਵਾਂ ਦੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਮੈਰੀਕਾਮ ਨੇ ਸਭ ਤੋਂ ਵੱਧ ਵਾਰ ਇਸ ਚੈਂਪੀਅਨਸ਼ਿਪ ਵਿੱਚੋਂ ਤਗਮੇ ਹਾਸਿਲ ਕੀਤੇ ਹਨ ਅਜੇ ਤੱਕ 12 ਵਾਰ ਹੋਈ ਇਸ ਚੈਂਪੀਅਨਸ਼ਿਪ ਵਿੱਚੋਂ ਭਾਰਤ ਨੇ ਕੁੱਲ 39 ਤਗਮੇ ਹਾਸਿਲ ਕੀਤੇ ਹਨ, ਜਿਨ੍ਹਾਂ
ਵਿੱਚੋਂ 10 ਸੋਨੇ ਦੇ ਹਨ। ਪਿਛਲੇ ਸਾਲ ਤੁਰਕੀ ਵਿੱਚ ਹੋਈ ਇਸ ਚੈਂਪੀਅਨਸ਼ਿਪ ਵਿੱਚ 73 ਦੇਸ਼ਾਂ ਦੀਆਂ 310 ਮੱਕੇਬਾਜ਼ਾ ਨੇ ਭਾਗ ਲਿਆ ਸੀ। ਭਾਰਤੀ ਮਹਿਲਾਵਾਂ ਇਸ ਖੇਡ ਅੰਦਰ ਜਿਸ ਤਰ੍ਹਾਂ ਪੁਲਾਂਘਾਂ ਪੁੱਟ ਰਹੀਆਂ ਹਨ ਇਸਨੂੰ ਦੇਖਦੇ ਹੋਏ ਸਾਡੇ ਦੇਸ਼ ਅੰਦਰ ਇਸ ਖੇਡ ਦਾ ਭਵਿੱਖ ਸੁਨਹਿਰੀ ਜਾਪਦਾ ਹੈ ਅਤੇ ਭਾਰਤੀ ਲੜਕੀਆਂ ਨੂੰ ਇਸ ਖੇਡ ਪ੍ਰਤੀ ਉਤਸ਼ਾਹਿਤ ਕਰਨ ਦੀ ਬਹੁਤ ਜਰੂਰਤ ਹੈ।

ਮਨਦੀਪ ਸਿੰਘ ਸੁਨਾਮ