ਪੜ੍ਹ ਲਿਖ ਕੇ ਮੈਂ ਗੁਣਵਾਨ ਬਣਾਂਗੀ,
ਬਾਬਲ ਦੇ ਵਿਹੜੇ ਦੀ ਸ਼ਾਨ ਬਣਾਂਗੀ।
ਬਾਕੀ ਹੋ ਕੇ ਰਹਿਣਾ, ਜੋ ਵਿੱਚ ਤਕਦੀਰਾਂ ਦੇ।
ਨਾ ਕੁੱਖਾਂ ਦੇ ਵਿੱਚ ਮਾਰ ਨੀ ਮਾਏ,
ਮੈਂ ਰੱਖੜੀ ਬੰਨ੍ਹਣੀ ਵੀਰਾਂ ਦੇ।
ਭਾਗਾਂ ਨਾਲ ਸਬੱਬੀ ਦਿਨ ਖ਼ੁਸ਼ੀਆਂ ਦੇ ਆਉਂਦੇ ਨੇ,
ਨਾਲ ਸ਼ਗਨਾਂ ਦੇ ਭੈਣਾਂ ਕੋਲੋਂ ਰੱਖੜੀ ਵੀਰ ਬੰਨ੍ਹਾਉਂਦੇ ਨੇ।
ਵੀਰਾਂ ਲਈ ਸਦਾ ਮੰਗਣ ਦੁਆਵਾਂ, ਰਿਸ਼ਤੇ ਨੇ ਖੰਡ ਖੀਰਾਂ ਦੇ।
ਨਾ ਕੁੱਖਾਂ ਦੇ ਵਿੱਚ...........।
ਕੋਠੇ ਚੜ੍ਹ-ਚੜ੍ਹ ਤੱਕਣ, ਰਾਹ ਵੀਰਾਂ ਦੇ ਆਉਣੇ ਦੇ,
ਮਾਈ ਭਾਗੋ ਵਾਂਗੂੰ, ਕਿਸੇ ਕੀ ਕੀ ਫ਼ਰਜ਼ ਨਿਭਾਉਣੇ ਨੇ।
ਧੀ ਕਲਪਨਾ ਵਾਂਗੂੰ ਚੰਨ ’ਤੇ ਘੱਤਣੀਆਂ ਕਿਸੇ ਵਗੈਰਾਂ ਨੇ
ਨਾ ਕੁੱਖਾਂ ਦੇ ਵਿੱਚ..........।
ਜੱਗ ਵਾਲਿਉਂ ਹੋਸ਼ ਕਰੋ, ਕਿਉਂ ਗ਼ਲਤ ਭੁਲੇਖੇ ਪਾਏ ਨੇ,
ਪੁੱਤਾਂ ਨਾਲੋਂ ਵੱਧ ਕੇ ਰੁਤਬੇ ਹੁਣ ਧੀਆਂ ਨੇ ਪਾਏ ਨੇ।
ਪਾਕਿ ਪਵਿੱਤਰ ਰਿਸ਼ਤਾ ਨਾਂ ਜਕੜੇ ਵਿੱਚ ਜ਼ੰਜੀਰਾਂ ਦੇ।
ਨਾ ਕੁੱਖਾਂ ਦੇ ਵਿੱਚੋਂ...........।
ਗਏ ਪ੍ਰਦੇਸੀਂ ਵੀਰਾਂ ਦੀ, ਫਿਰ ਉਦੋਂ ਯਾਦ ਸਤਾਉਂਦੀ ਐ,
ਰੱਖੜੀ ਦੇ ਦਿਨ ਭੈਣ ਰੋ ਰੋ ਨੈਣਾਂ ’ਚੋਂ ਨੀਰ ਵਹਾਉਂਦੀ ਐ।
ਸਦਾ ਉਮਰ ਲਮੇਰੀ ਹੋਵੇ ‘ਕੁੱਕੂ’ ਸ਼ੁਕਰ ਮਨਾਵਣ ਵਾਰਾਂ ਦੇ।
ਨਾ ਕੁੱਖਾਂ ਦੇ ਵਿੱਚੋਂ...........।