85 ਸਾਲਾ ਜਗਜੀਤ ਸਿੰਘ ਕਥੂਰੀਆ ਨੇ ਵਲਿੰਗਟਨ ਤੋਂ ਜਿੱਤੇ ਤਮਗੇ

ਵਲਿੰਗਟਨ : ਨਿਊਜ਼ੀਲੈਂਡ ਵਾਸੀ 85 ਸਾਲਾ ਸ. ਜਗਜੀਤ ਸਿੰਘ ਕਥੂਰੀਆ ਆਪਣੀ ਉਮਰ ਦੇ ਹਿਸਾਬ-ਕਿਤਾਬ ਵਾਲੀ ਕਿਤਾਬ ਪਰ੍ਹਾਂ ਕਰ ਜਿੱਥੇ ਵੀ ਮਾਸਟਰ ਖੇਡਾਂ ਹੁੰਦੀਆਂ ਉਥੇ ਪਹੁੰਚ ਜਾਣ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਹੁਣ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਖਤਮ ਹੋਈਆਂ ਮਾਸਟਰਜ਼ ਟਰੈਕ ਐਂਡ ਫੀਲਡ ਦੇ ਵਿਚ ਫਿਰ ਆਪਣਾ ਗਲ ਤਮਗਿਆਂ ਨਾਲ ਭਰ ਲਿਆਏ ਹਨ। ਪਹਿਲੇ ਦਿਨ ਦੋ ਸੋਨੇ ਦੇ ਤਮਗੇ (ਸ਼ਾਟ ਪੁੱਟ ਅਤੇ ਟ੍ਰਿਪਲ ਜੰਪ) ਅਤੇ ਇਕ ਚਾਂਦੀ ਦਾ ਤਮਗਾ (ਹੈਮਰ ਥ੍ਰਰੋਅ) ਵਿਚ ਜਿੱਤਿਆ। ਦੂਜੇ ਦਿਨ ਉਨ੍ਹਾਂ 100 ਮੀਟਰ ਦੌੜ ਦੇ ਵਿਚ ਇਕ ਸੋਨੇ ਦਾ ਤਮਗਾ ਜਿੱਤਿਆ ਅਤੇ 6 ਸਿਲਵਰ ਦੇ ਤਮਗੇ ਜਿੱਤੇ (5 ਪ੍ਰਕਾਰ ਦੀ ਥ੍ਰੋਅ, 60 ਮੀਟਰ ਦੌੜ) ਵਿਚ ਜਿੱਤੇ। ਇਸ ਤਰ੍ਹਾਂ ਦੋ ਦਿਨਾਂ ਦੇ ਵਿਚ ਉਨ੍ਹਾਂ ਤਿੰਨ ਸੋਨੇ ਦੇ, 7 ਚਾਂਦੀ ਦੇ ਤਮਗੇ ਜਿੱਤੇ ਅਤੇ ਭਾਰਤੀ ਕਮਿਊਨਿਟੀ ਦਾ ਨਾਂਅ ਰੌਸ਼ਨ ਕੀਤਾ।  ਕਥੂਰੀਆ ਸਾਹਿਬ ਨੂੰ ਜੇਕਰ ਕਹਿਣਾ ਪੈ ਜਾਏ ਕਿ ਉਮਰਾਂ ਵਿਚ ਕੀ ਰੱਖਿਆ ਤਾਂ ਉਹ ਕਹਿਣਗੇ ਮੇਰੇ ਮੈਡਲ। ਮਾਸਟਰ ਗੇਮਾਂ ਦੇ ਵਿਚ ਇਕ 30 ਸਾਲਾ ਨੌਜਵਾਨ ਗੁਲਾਬ ਸਿੰਘ ਵੀ ਸ਼ਾਮਿਲ ਸੀ, ਜਿਸ ਨੇ ਦਸਤਾਰ ਬੰਨ੍ਹੀ ਸੀ। ਇਨ੍ਹਾਂ ਨੇ ਵੀ ਕਈ ਖੇਡਾਂ ਵਿਚ ਭਾਗ ਲਿਆ ਅਤੇ ਇਕ ਸੋਨੇ ਦਾ ਤੇ ਤਿੰਨ ਚਾਂਦੀ ਦੇ ਤਮਗੇ ਜਿੱਤੇ। ਤਪਿੰਦਰ ਸਿੰਘ ਸੋਖੀ ਨੇ ਵੀ ਇਨ੍ਹਾਂ ਗੇਮਾਂ ਦੇ ਵਿਚ ਭਾਗ ਲਿਆ ਤੇ ਤਮਗੇ ਜਿੱਤੇ ਹਨ।