'ਯੁੱਧ ਨਸ਼ਿਆਂ ਵਿਰੁੱਧ': ਹੁਣ ਤੱਕ 114 ਕਿੱਲੋ ਹੈਰੋਇਨ, 62 ਕਿੱਲੋ ਅਫ਼ੀਮ ਤੇ 68 ਲੱਖ ਦੀ ਨਕਦੀ ਬਰਾਮਦ

  • ਐਨਡੀਪੀਐਸ ਤਹਿਤ 1895 ਐਫਆਈਆਰ ਦਰਜ ਅਤੇ 3217 ਨਸ਼ਾ ਤਸਕਰ ਗ੍ਰਿਫ਼ਤਾਰ
  • 7.5 ਲੱਖ ਨਸ਼ੀਲੀਆਂ ਗੋਲੀਆਂ, 1213 ਕਿੱਲੋ ਭੁੱਕੀ, 28 ਕਿੱਲੋ ਗਾਂਜਾ ਅਤੇ 4.5 ਕਿੱਲੋ ਚਰਸ ਵੀ ਜ਼ਬਤ
  • ਆਪ' ਸਰਕਾਰ ਪੰਜਾਬ 'ਚੋਂ ਨਸ਼ਾ ਖਤਮ ਕਰਨ ਲਈ ਵਚਨਬੱਧ, ਨਸ਼ਿਆਂ ਨਾਲ ਸਬੰਧਿਤ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ- ਮੰਤਰੀ ਤਰੁਣਪ੍ਰੀਤ ਸਿੰਘ ਸੌਂਦ 
  • ਮੰਤਰੀ ਨੇ ਪੰਜਾਬ ਦੇ ਪੰਚਾਂ-ਸਰਪੰਚਾਂ ਨੂੰ ਅੱਗੇ ਆਉਣ ਦੀ ਕੀਤੀ ਅਪੀਲ, ਕਿਹਾ- ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਦਾ ਪ੍ਰਣ ਲਓ

ਚੰਡੀਗੜ੍ਹ, 20 ਮਾਰਚ 2025 : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂ ਤੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੀ ਸਫ਼ਲਤਾ ਦੱਸਦਿਆਂ 19 ਮਾਰਚ ਤੱਕ ਕੀਤੀ ਪੁਲਿਸ ਕਾਰਵਾਈ ਦੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ। ਵੀਰਵਾਰ ਨੂੰ ਮੰਤਰੀ ਤਰੁਣਪ੍ਰੀਤ ਸੌਂਦ ਨੇ ਇਸ ਮੁਹਿੰਮ ਨਾਲ ਸਬੰਧਿਤ ਚੰਡੀਗੜ੍ਹ ਪਾਰਟੀ ਦਫ਼ਤਰ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ। ਮੰਤਰੀ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਨਤੀਜੇ ਬਹੁਤ ਹੀ ਉਤਸ਼ਾਹਜਨਕ ਹਨ ਅਤੇ ਇਸ ਦੇ ਚੰਗੇ ਨਤੀਜੇ ਪੂਰੇ ਪੰਜਾਬ ਵਿੱਚ ਦੇਖਣ ਨੂੰ ਮਿਲ ਰਹੇ ਹਨ। ਲੋਕ ਪੰਜਾਬ ਸਰਕਾਰ ਦੀ ਇਸ ਮੁਹਿੰਮ ਦੀ ਤਾਰੀਫ਼ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਇਹ ਮੁਹਿੰਮ ਬੜੀ ਸਫਲਤਾ ਨਾਲ ਚਲਾਈ ਜਾ ਰਹੀ ਹੈ।  ਹੁਣ ਤੱਕ 114 ਕਿੱਲੋ ਹੈਰੋਇਨ, 62 ਕਿੱਲੋ ਅਫ਼ੀਮ ਅਤੇ 68 ਲੱਖ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਜਾ ਚੁੱਕੀ ਹੈ। ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ (ਐਨਡੀਪੀਐਸ) ਤਹਿਤ 1895 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ 3217 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਕਰੀਬ 7.5 ਲੱਖ ਨਸ਼ੀਲੀਆਂ ਗੋਲੀਆਂ ਅਤੇ 1213 ਕਿੱਲੋ ਭੁੱਕੀ, 28 ਕਿੱਲੋ ਗਾਂਜਾ, 4.5 ਕਿੱਲੋ ਚਰਸ ਅਤੇ 1.25 ਕਿੱਲੋ ਆਈਸ ਕਰੀਬ 500 ਬੋਤਲਾਂ ਨਕਲੀ ਸ਼ਰਾਬ, 7 ਕਿੱਲੋ ਨਸ਼ੀਲਾ ਪਾਊਡਰ ਅਤੇ 301 ਟੀਕੇ ਵੀ ਪੁਲਿਸ ਨੇ ਬਰਾਮਦ ਕੀਤੇ ਹਨ।  ਇਸ ਦੇ ਨਾਲ ਹੀ ਨਸ਼ਾ ਤਸਕਰੀ ਵਿੱਚ ਸ਼ਾਮਲ 38 ਵਿਅਕਤੀਆਂ ਦੀਆਂ ਇਮਾਰਤਾਂ ਨੂੰ ਢਾਹ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਨਸ਼ਾ ਤਸਕਰੀ ਨਾਲ ਸਬੰਧਿਤ 22 ਮੋਟਰਸਾਈਕਲ, 8 ਮੋਬਾਈਲ, 4 ਕਾਰਾਂ ਅਤੇ 12 ਪਿਸਤੌਲ ਬਰਾਮਦ ਕੀਤੇ ਹਨ।  ਕਾਰਵਾਈ ਦੌਰਾਨ 4 ਕਿੱਲੋ ਤੋਂ ਵੱਧ ਸੋਨਾ, ਜਿਸ ਵਿੱਚ ਇੱਕ ਹਾਰ ਅਤੇ ਦੋ ਚੇਨਾਂ ਸ਼ਾਮਲ ਸਨ ਅਤੇ 1.25 ਕਿੱਲੋ ਚਾਂਦੀ ਵੀ ਬਰਾਮਦ ਕੀਤੀ ਗਈ ਹੈ।  ਇਸ ਤੋਂ ਇਲਾਵਾ 5689 ਟਰੈਫ਼ਿਕ ਚਲਾਨ ਕੀਤੇ ਗਏ ਹਨ। ਮੰਤਰੀ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ' ਸਰਕਾਰ ਪੰਜਾਬ 'ਚੋਂ ਨਸ਼ਾ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪੰਜਾਬ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ, ਜਿਸ ਦੇ ਨਤੀਜੇ ਤੁਹਾਡੇ ਸਾਹਮਣੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਨਸ਼ਿਆਂ ਨਾਲ ਸਬੰਧਿਤ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।  ਉਨ੍ਹਾਂ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਜਾਂ ਤਾਂ ਨਸ਼ਾ ਤਸਕਰੀ ਛੱਡ ਦੇਣ ਜਾਂ ਪੰਜਾਬ ਛੱਡ ਦੇਣ, ਨਹੀਂ ਤਾਂ ਜੇਲ੍ਹ ਜਾਣ ਲਈ ਤਿਆਰ ਰਹਿਣ। ਸੌਂਧ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਵਿੱਚੋਂ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵਾਂਗੇ।  ਅੱਜ ‘ਆਪ’ ਸਰਕਾਰ ਉਸ ਵਾਅਦੇ ਨੂੰ ਪੂਰਾ ਕਰ ਰਹੀ ਹੈ। ਸੌਂਦ ਨੇ ਕਿਹਾ ਕਿ ਸਰਕਾਰ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਨ ਦੇ ਨਾਲ-ਨਾਲ ਹੋਰ ਵੀ ਕਈ ਵਧੀਆ ਕਦਮ ਚੁੱਕ ਰਹੀ ਹੈ। ਲੋਕਾਂ ਵਿੱਚ ਨਸ਼ਿਆਂ ਪ੍ਰਤੀ ਜਾਗਰੂਕਤਾ ਵਧਾਉਣ ਲਈ ਸਕੂਲਾਂ ਅਤੇ ਕਾਲਜਾਂ ਵਿੱਚ 1000 ਤੋਂ ਵੱਧ ਮੀਟਿੰਗਾਂ ਕੀਤੀਆਂ ਗਈਆਂ ਹਨ। ਅਜਿਹੇ ਪ੍ਰੋਗਰਾਮ ਸੈਂਕੜੇ ਪਿੰਡਾਂ ਵਿੱਚ ਵੀ ਚਲਾਏ ਜਾ ਚੁੱਕੇ ਹਨ। ਉਨ੍ਹਾਂ ਲੋਕਾਂ ਨੂੰ ਸਰਕਾਰ ਦੀ ਇਸ ਮੁਹਿੰਮ ਦਾ ਸਮਰਥਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਣ ਅਤੇ ਨਸ਼ੇ ਤੋਂ ਪੀੜਤ ਲੋਕਾਂ ਨੂੰ ਜਲਦੀ ਤੋਂ ਜਲਦੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਕਰਵਾਉਣ।  ਇਨ੍ਹਾਂ ਕੇਂਦਰਾਂ ਵਿੱਚ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਲੋਕ ਨਸ਼ਾ ਛੱਡ ਕੇ ਆਮ ਜੀਵਨ ਵਿੱਚ ਪਰਤ ਸਕਣ।  ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਸ਼ਾ ਮੁਕਤ ਹੋਣ ਤੋਂ ਬਾਅਦ ਉਨ੍ਹਾਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਮੁਹੱਈਆ ਕਰਵਾਏ ਜਾਣਗੇ ਅਤੇ ਜੇਕਰ ਕੋਈ ਸਵੈ-ਰੁਜ਼ਗਾਰ ਕਰਨ ਦਾ ਇੱਛੁਕ ਹੈ ਤਾਂ ਪੰਜਾਬ ਸਰਕਾਰ ਉਸ ਲਈ ਵੀ ਮਦਦ ਕਰੇਗੀ। ਮੰਤਰੀ ਸੌਂਦ ਨੇ ਪੰਜਾਬ ਦੇ ਸਮੂਹ ਪੰਚਾਂ-ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਇਸ ਮੁਹਿੰਮ ਵਿੱਚ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਸਾਰੇ ਪੰਚ-ਸਰਪੰਚ ਆਪੋ-ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਦਾ ਪ੍ਰਣ ਲੈਣ ਅਤੇ ਮੁਕੰਮਲ ਹੋਣ ਉਪਰੰਤ ਪਿੰਡ ਵਿੱਚ ‘ਨਸ਼ਾ-ਮੁਕਤ ਪਿੰਡ’ ਦਾ ਬੋਰਡ ਲਗਾਉਣ।  ਉਨ੍ਹਾਂ ਪੰਜਾਬ ਦੀਆਂ ਸਮੂਹ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੂੰ ਵੀ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ।