ਅਨੰਤਨਾਗ 'ਚ ਭਿਆਨਕ ਅੱਗ ਲੱਗਣ ਕਾਰਨ 20 ਤੋਂ ਵੱਧ ਸੜੇ, ਕਈ ਹੋਏ ਪਰਿਵਾਰ ਬੇਘਰ

ਸ਼੍ਰੀਨਗਰ, 21 ਮਾਰਚ 2025 : ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ 20 ਤੋਂ ਵੱਧ ਘਰਾਂ 'ਚ ਭਿਆਨਕ ਅੱਗ ਲੱਗਣ ਕਾਰਨ ਲਗਪਗ ਤਿੰਨ ਦਰਜਨ ਪਰਿਵਾਰ ਬੇਘਰ ਹੋ ਗਏ ਹਨ। ਇਸ ਮੌਕੇ 'ਤੇ ਕਈ ਗੈਸ ਸਿਲੈਂਡਰ ਵੀ ਫਟੇ। ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਦੱਖਣੀ ਕਸ਼ਮੀਰ ਦੇ ਕਾਦੀਪੋਰਾ ਦੇ ਗਜਿਨਾਗ ਖੇਤਰ 'ਚ ਇਕ ਘਰ ਵਿਚ ਅੱਗ ਲੱਗ ਗਈ, ਜੋ ਤੇਜ਼ੀ ਨਾਲ ਨੇੜਲੇ ਘਰਾਂ ਤਕ ਫੈਲ ਗਈ। ਕੁਝ ਗੈਸ ਸਿਲੈਂਡਰ ਫਟਣ ਕਾਰਨ ਅੱਗ ਸੰਘਣੀ ਆਬਾਦੀ ਵਾਲੇ ਖੇਤਰ 'ਚ ਤੇਜ਼ੀ ਨਾਲ ਫੈਲ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਅਤੇ ਹੋਰ ਸੁਰੱਖਿਆ ਬਲਾਂ ਦੇ ਨਾਲ-ਨਾਲ ਸਥਾਨਕ ਲੋਕਾਂ ਦੀ ਮਦਦ ਨਾਲ ਸਮੇਂ ਸਿਰ ਲੋਕਾਂ ਨੂੰ ਬਾਹਰ ਕੱਢਣ ਨਾਲ ਜਾਨਾਂ ਬਚ ਗਈਆਂ, ਪਰ ਅੱਗ ਵਿਚ ਕਈ ਇਮਾਰਤਾਂ ਸੜ ਕੇ ਸੁਆਹ ਹੋ ਗਈਆਂ। ਜਾਣਕਾਰੀ ਮੁਤਾਬਕ, ਅੱਗ ਬੁਝਾਉਣ ਦੀ ਮੁਹਿੰਮ ਰਾਤ ਨੂੰ ਕਈ ਘੰਟਿਆਂ ਤਕ ਚੱਲੀ ਅਤੇ ਕਾਫੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।