ਪੁਲਿਸ ਨੇ ਮੰਡੀ ਗੋਬਿੰਦਗੜ੍ਹ ਵਿਖੇ 15 ਲੱਖ 50 ਹਜ਼ਾਰ ਦੀ ਲੁੱਟ ‘ਚ ਸ਼ਾਮਲ 7 ਕਥਿਤ ਦੋਸ਼ੀ ਗ੍ਰਿਫਤਾਰ 

ਫਤਿਹਗੜ੍ਹ ਸਾਹਿਬ, 21 ਮਾਰਚ 2025 : ਸ੍ਰੀ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਸ਼ੁਭਮ ਅੱਗਰਵਾਲ ਨੇ ਅੱਜ ਆਪਣੇ ਦਫਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਕਰਕੇ ਮੰਡੀ ਗੋਬਿੰਦਗੜ੍ਹ ਵਿਖੇ ਇੱਕ ਵਪਾਰੀ ਦੇ ਦਫਤਰ ਵਿੱਚੋਂ 15 ਲੱਖ 50 ਹਜ਼ਾਰ ਦੀ ਕੀਤੀ ਲੁੱਟ ‘ਚ ਸ਼ਾਮਲ 7 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ। ਐਸਐਸਪੀ ਅੱਗਰਵਾਲ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਕੋਲੋੋਂ 32 ਬੋਰ ਦੀਆਂ 3 ਪਿਸਟਲ, 8 ਲੱਖ ਰੁਪਏ ਦੀ ਨਕਦੀ, ਇੱਕ ਬਿਨਾਂ ਨੰਬਰੀ ਸਪਲੈਂਡਰ ਮੋਟਰ ਸਾਇਕਲ ਤੇ ਘਟਨਾ ਵਿੱਚ ਵਰਤੀ ਗਈ ਸਵਿਫਟ ਕਾਰ ਵੀ ਬਰਾਮਦ ਕੀਤਾ ਹੈ। ਐਸਐਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਇਸ ਲੁੱਟ ਦੀ ਘਟਨਾ ਸਬੰਧੀ ਥਾਣਾ ਮੰਡੀ ਗੋਬਿਦਗੜ੍ਹ ਮਾਮਲਾ ਦਰਜ਼ ਕੀਤਾ ਗਿਆ ਸੀ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਲੁੱਟ ਦੀ ਘਟਨਾ ਸਬੰਧੀ ਜ਼ਿਲ੍ਹਾ ਪੁਲਿਸ ਵੱਲੋਂ ਐਸਪੀ (ਡੀ) ਰਾਕੇਸ਼ ਯਾਦਵ, ਡੀਐਸਪੀ (ਡੀ) ਨਿਖਿਲ ਗਰਗ ਤੇ ਡੀਐਸਪੀ ਅਮਲੋਹ ਗੁਰਦੀਪ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਤਕਨੀਕੀ, ਡਿਜੀਟਲ, ਗਰਾਊਂਡ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਨ੍ਹਾਂ ਟੀਮਾਂ ਨੇ 16 ਮਾਰਚ ਨੂੰ 2 ਕਥਿਤ ਦੋਸ਼ੀ ਬਸੰਤ ਸਿੰਘ ਉਰਫ ਰਿੰਕੂ, ਵਾਸੀ ਰਾਮਵਾਲਾ, ਥਾਣਾ ਮਹਿਣਾ ਜ਼ਿਲ੍ਹਾ ਮੋਗਾ ਅਤੇ ਜੈ ਦੀਪ ਸਿੰਘ ਵਾਸੀ ਧੂਰਕੋਟ ਟਾਲੀਵਾਲ, ਥਾਣਾ ਮਹਿਣਾ ਜ਼ਿਲ੍ਹਾ ਮੋਗਾ ਨੂੰ ਨਾਮਜ਼ਦ ਕੀਤਾ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇੱਕ ਖੂਫੀਆ ਸੂਚਨਾ ਮਿਲੀ ਸੀ ਕਿ ਦੋਵੇਂ ਕਥਿਤ ਦੋਸ਼ੀਆਂ ਨੂੰ ਮੰਡੀ ਗੋਬਿੰਦਗੜ੍ਹ ਦੇ ਇਲਾਕੇ ਵਿੱਚ ਘੁੰਮਦੇ ਵੇਖਿਆ ਗਿਆ ਹੈ। ਜਿਸ ਤੇ ਕਾਰਵਈ ਕਰਦੇ ਹੋਏ ਥਾਣਾ ਮੰਡੀ ਗੋਬਿੰਦਗੜ੍ਹ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਅਰਸ਼ਦੀਪ ਸ਼ਰਮਾ ਅਤੇ ਸੀਆਈਏ ਸਰਹਿੰਦ ਦੇ ਇੰਚਾਰਜ ਇੰਸਪੈਕਟਰ ਅਮਰਬੀਰ ਸਿੰਘ ਦੀਆਂ ਟੀਮਾਂ ਵੱਲੋਂ ਕਥਿਤ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ। ਇਸ ਦੌਰਾਨ ਚਤਰਪੁਰਾ ਸਾਇਡ ਤੋਂ 2 ਨੌਜਵਾਨ ਬਿਨਾਂ ਨੰਬਰ ਦੇ ਮੋਟਰ ਸਾਇਕਲ ਤੇ ਆਉਂਦੇ ਵਿਖਾਈ ਦਿੱਤੇ ਜੋ ਕਿ ਪੁਲਿਸ ਪਾਰਟੀਆਂ ਨੂੰ ਦੇਖ ਕੇ ਆਪਣਾ ਮੋਟਰ ਸਾਇਕਲ ਸੂਏ ਦੀ ਕੱਚੀ ਕਟੜੀ ਤੇ ਮੋੜ ਲਿਆ ਅਤੇ ਮੋਟਰ ਸਾਇਕਲ ਮਿੱਟੀ ਦੇ ਢੇਰ ਤੇ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੇ ਪੁਲਿਸ ਪਾਰਟੀ ਤੇ ਆਪਣੀਆਂ ਪਿਸਟਲਾਂ ਨਾਲ ਫਾਇਰ ਕੀਤੇ ਜੋ ਕਿ ਸਰਕਾਰੀ ਗੱਡੀ ਤੇ ਲੱਗੇ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇੰਸਪੈਕਟਰ ਅਰਸ਼ਦੀਪ ਸ਼ਰਮਾ ਤੇ ਸਹਾਇਕ ਥਾਣੇਦਾਰ ਜਗਦੀਪ ਸਿੰਘ ਨੇ ਆਪਣੀ ਆਤਮ ਰੱਖਿਆ ਅਤੇ ਪੁਲਿਸ ਪਾਰਟੀ ਦੇ ਬਚਾਅ ਲਈ ਆਪਣੀਆਂ ਸਰਵਿਸ ਪਿਸਟਲਾਂ ਨਾਲ ਫਾਇਰ ਕੀਤੇ ਜੋ ਕਿ ਇਸ ਮੁਕਾਬਲੇ ਵਿੱਚ ਦੋਵੇਂ ਵਿਅਕਤੀ ਜਖ਼ਮੀ ਹੋ ਗਏ। ਜਖਮੀ ਵਿਅਕਤੀਆਂ ਨੂੰ ਕਾਬੂ ਕਰਕੇ ਮੁਢਲੀ ਸਹਾਇਤਾ ਲਈ ਮੰਡੀ ਗੋਬਿੰਦਗੜ੍ਹ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿੱਚ ਇੱਕ ਪੰਜਾਬ ਹੋਮਗਾਰਡਜ਼ ਦਾ ਜਵਾਨ ਕਰਨੈਲ ਸਿੰਘ ਵੀ ਜਖ਼ਮੀ ਹੋ ਗਿਆ ਸੀ। ਇਸ ਘਟਨਾ ਤੇ ਪੁਲਿਸ ਵੱਲੋਂ ਦੋਵੇਂ ਕਥਿਤ ਦੋਸ਼ੀਆਂ ਖਿਲਾਫ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਮੁਕੱਦਮਾ ਦਰਜ਼ ਕੀਤਾ ਗਿਆ ਸੀ। ਸ਼ੁਭਮ ਅਗਰਵਾਲ ਨੇ ਦੱਸਿਆ ਕਿ ਪੁਲਿਸ ਦੀ ਮੁਢਲੀ ਪੁੱਛਗਿੱਛ ਵਿੱਚ ਇਹ ਪਤਾ ਲੱਗਿਆ ਕਿ 11 ਮਾਰਚ ਨੂੰ ਮੰਡੀ ਗੋਬਿੰਦਗੜ੍ਹ ਵਿਖੇ 15 ਲੱਖ 50 ਹਜ਼ਾਰ ਰੁਪਏ ਦੀ ਹੋਈ ਲੁੱਟ ਦੀ ਵਾਰਦਾਤ ਵਿੱਚ ਇਹ ਵਿਅਕਤੀ ਨਾਮਜ਼ਦ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਮੁਕੱਦਮੇ ਵਿੱਚ 7 ਕਥਿਤ ਦੋਸ਼ੀਆਂ ਨੂੰ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਕਿ 2 ਕਥਿਤ ਦੋਸ਼ੀਆਂ ਦੀ ਭਾਲ ਜਾਰੀ ਹੈ। ਪੁਲਿਸ ਵੱਲੋਂ ਕਥਿਤ ਦੋਸ਼ੀ ਬਸੰਤ ਸਿੰਘ ਉਰਫ ਰਿੰਕੂ ਵਾਸੀ ਰਾਮਾਵਲਾ, ਥਾਣਾ ਮਹਿਣਾ, ਜ਼ਿਲ੍ਹਾ ਮੋਗਾ, ਜੈ ਦੀਪ ਸਿੰਘ ਵਾਸੀ ਧੂਰਕੋਟ ਟਾਹਲੀਵਾਲਾ, ਥਾਣਾ ਮਹਿਣਾ, ਜ਼ਿਲ੍ਹਾ ਮੋਗਾ, ਮਨਪ੍ਰੀਤ ਸਿੰਘ ਉਰਫ ਮਨੀ ਵਾਸੀ ਬੱਘੀਪੁਰਾ, ਥਾਣਾ ਮਹਿਣਾ, ਜ਼ਿਲ੍ਹਾ ਮੋਗਾ, ਗੁਰਪ੍ਰੀਤ ਸਿੰਘ ਉਰਫ ਧੋਨੀ, ਵਾਸੀ ਰਾਮੂਵਾਲ ਕਲਾਂ, ਥਾਣਾ ਮਹਿਣਾ, ਜ਼ਿਲ੍ਹਾ ਮੋਗਾ, ਓਮਾ ਸ਼ੰਕਰ ਵਾਸੀ ਮਕਾਨ ਨੰਬਰ 173, ਵਾਰਡ ਨੰਬਰ 6, ਗਲੀ ਨੰ: 19, ਬਸਤੀ ਗੋਬਿੰਦਗੜ੍ਹ, ਜ਼ਿਲ੍ਹਾ ਮੋਗਾ, ਅਜੈ ਵਾਸੀ ਬਸਤੀ ਨਿਜਾਮਦੀਨ, ਵਾਰਡ ਨੰਬਰ 3, ਥਾਣਾ ਸਿਟੀ ਫਿਰੋਜਪੁਰ, ਜਸਪਾਲ ਸਿੰਘ ਵਾਸੀ ਬਸਤੀ ਬਾਹਜੀਗਰ, ਹਾਕਮ ਦਾ ਗਵਾਹ, ਨੇੜੇ ਰਾਜਿੰਦਰਾ ਸਟੇਟ, ਮੋਗਾ, ਜ਼ਿਲ੍ਹਾ ਮੋਗਾ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਰੈਣਾ ਵਾਸੀ ਰਾਮੂਵਾਲ ਕਲਾਂ, ਥਾਣਾ ਮਹਿਣਾ ਜ਼ਿਲ੍ਹਾ ਮੋਗਾ ਅਤੇ ਅਕਾਸ਼ਦੀਪ ਸਿੰਘ ਵਾਸੀ ਮੋਗਾ ਦੀ ਗ੍ਰਿਫਤਾਰੀ ਬਾਕੀ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਜਾਂਚ ਵਿੱਚ ਇਹ ਪਤਾ ਚੱਲਿਆ ਹੈ ਕਿ ਕਥਿਤ ਦੋਸ਼ੀ ਓਮਾ ਸ਼ੰਕਰ ਅਤੇ ਅਜੇ ਇੱਕ ਦੂਜੇ ਨੂੰ ਜਾਣਦੇ ਹਨ ਅਤੇ ਕਥਿਤ ਦੋਸ਼ੀ ਅਜੇ ਕੁਝ ਸਮਾਂ ਪਹਿਲਾਂ ਮੰਡੀ ਗੋਬਿੰਦਗੜ੍ਹ ਵਿਖੇ ਕਿਸੇ ਦੀ ਪੇਮੈਂਟ ਲੈਣ ਲਈ ਆਇਆ ਸੀ। ਜਿਸ ਕਰਕੇ ਉਸ ਨੂੰ ਇਸ ਦਫ਼ਤਰ ਬਾਰੇ ਸਭ ਕੁਝ ਪਤਾ ਸੀ।ਉਨ੍ਹਾਂ ਦੱਸਿਆ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰ ਮਨੀ ਭਿੰਡਰ ਰਾਹੀਂ ਕਥਿਤ ਦੋਸ਼ੀ ਬਸੰਤ ਸਿੰਘ ਨੇ ਹਥਿਆਰਾਂ ਤੇ ਗੱਡੀ ਦਾ ਇੰਤਜ਼ਾਮ ਕਰਵਾਇਆ ਸੀ।