
- ਤਹਿਸੀਲਦਾਰ ਆਪਣੇ ਭ੍ਰਿਸ਼ਟਾਚਾਰੀ ਸਾਥੀਆਂ ਦੇ ਹੱਕ ‘ਚ ਹੜਤਾਲ ਕਰ ਰਹੇ ਨੇ ਪਰ ਸਾਡੀ ਸਰਕਾਰ ਰਿਸਵਤ ਦੇ ਸਖ਼ਤ ਖਿਲਾਫ ਹੈ : ਭਗਵੰਤ ਸਿੰਘ ਮਾਨ
- ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਜਾਰੀ ਕਰਕੇ ਕਾਨੂੰਗੋ ਨੂੰ ਜਮੀਨ ਦੀ ਰਜਿਸਟਰੀ ਕਰਨ ਦਾ ਦਿੱਤਾ ਅਧਿਕਾਰ
ਚੰਡੀਗੜ੍ਹ, 04 ਮਾਰਚ 2025 : ਸੂਬੇ ਵਿੱਚ ਤਹਿਸੀਲਦਾਰਾਂ ਵੱਲੋਂ ਛੁੱਟੀ ਦੇ ਜਾ ਕੇ ਸ਼ੁੱਕਰਵਾਰ ਤੱਕ ਕੰਮ ਨਾ ਕਰਨ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਕਸ਼ਨ ਮੋਡ ਵਿੱਚ ਦਿਖਾਈ ਦੇ ਰਹੇ ਹਨ। ਅੱਜ ਉਨ੍ਹਾਂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਕਿ ਤਹਿਸੀਲਦਾਰ ਆਪਣੇ ਭ੍ਰਿਸ਼ਟਾਚਾਰੀ ਸਾਥੀਆਂ ਦੇ ਹੱਕ ‘ਚ ਹੜਤਾਲ ਕਰ ਰਹੇ ਨੇ ਪਰ ਸਾਡੀ ਸਰਕਾਰ ਰਿਸਵਤ ਦੇ ਸਖ਼ਤ ਖਿਲਾਫ ਹੈ, ਆਮ ਲੋਕਾਂ ਦੀ ਖੱਜਲ ਖੁਆਰੀ ਰੋਕਣ ਲਈ ਤਹਿਸੀਲ ਦੇ ਹੋਰ ਅਧਿਕਾਰੀਆਂ ਨੂੰ ਤਹਿਸੀਲ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ। ਤਾਂ ਕਿ ਲੋਕਾਂ ਦੇ ਕੰਮ ਨਾ ਰੁੱਕਣ, ਤਹਿਸੀਲਦਾਰਾਂ ਨੂੰ ਸਮੂਹਿਕ ਛੁੱਟੀ ਮੁਬਾਰਕ.. ਪਰ ਛੁੱਟੀ ਤੋਂ ਬਾਅਦ ਕਦੋਂ ਜਾਂ ਕਿੱਥੇ ਕਾਰਜਭਾਰ ਸੰਭਾਲਣਾ, ਇਹ ਲੋਕ ਫੈਸਲਾ ਕਰਨਗੇ। ਇਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇੱਕ ਪੱਤਰ ਜਾਰੀ ਕਰਕੇ ਕਾਨੂੰਗੋ ਨੂੰ ਜਮੀਨ ਦੀ ਰਜਿਸਟਰੀ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। ਜਾਰੀ ਕੀਤੇ ਹੁਕਮਾਂ ਵਿੱਚ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਖੱਜਲਖੁਆਰੀ ਤੋਂ ਬਚਾਉਣ ਲਈ ਅਤੇ ਰਜਿਸਟਰੇਸ਼ਨ ਦਾ ਕੰਮ ਨਿਰਵਿਘਨ ਜਾਰੀ ਰੱਖਣ ਲਈ ਰਜਿਸਟਰੇਸ਼ਨ ਐਕਟ 1908 ਦੀ ਧਾਰਾ 12 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਇਹ ਕੰਮ ਦਿੱਤੇ ਗਏ ਹਨ। ਉਨਾਂ ਕਿਹਾ ਕਿ ਸਬ ਰਜਿਸਟਰਾਰ ਅੰਮ੍ਰਿਤਸਰ ਇੱਕ ਦਾ ਕੰਮ ਐਸ ਡੀ ਐਮ ਅੰਮ੍ਰਿਤਸਰ ਇੱਕ ਨੂੰ, ਸਬ ਰਜਿਸਟਰਾਰ ਅੰਮ੍ਰਿਤਸਰ ਦੋ ਵਿੱਚ ਰਜਿਸਟਰੇਸ਼ਨ ਦਾ ਕੰਮ ਐਸਡੀਐਮ ਅੰਮ੍ਰਿਤਸਰ ਦੋ ਨੂੰ ਸਬ ਰਜਿਸਟਰਾਰ ਅਜਨਾਲਾ ਦਾ ਕੰਮ ਐਸਡੀਐਮ ਅਜਨਾਲਾ ਨੂੰ, ਸਬ ਰਜਿਸਟਰਾਰ ਬਾਬਾ ਬਕਾਲਾ ਸਾਹਿਬ ਦਾ ਕੰਮ ਐਸਡੀਐਮ ਬਾਬਾ ਬਕਾਲਾ ਸਾਹਿਬ ਨੂੰ, ਸਬ ਰਜਿਸਟਰਾਰ ਲੋਪੋਕੇ ਦਾ ਕੰਮ ਐਸਡੀਐਮ ਲੋਪੋਕੇ ਨੂੰ, ਸਬ ਰਜਿਸਟਰਾਰ ਅੰਮ੍ਰਿਤਸਰ ਤਿੰਨ ਦਾ ਕੰਮ ਸਹਾਇਕ ਕਮਿਸ਼ਨਰ ਜਨਰਲ ਅੰਮ੍ਰਿਤਸਰ ਨੂੰ, ਸਬ ਰਜਿਸਟਰਾਰ ਮਜੀਠਾ ਦਾ ਕੰਮ ਸ੍ਰੀ ਸੰਜੀਵ ਦੇਵਗਨ ਸਦਰ ਕਨੂੰਗੋ ਨੂੰ, ਸੰਯੁਕਤ ਸਬ ਰਜਿਸਟਰਾਰ ਰਮਦਾਸ ਦਾ ਕੰਮ ਕਾਰਜ ਸਿੰਘ ਕਾਨੂੰਗੋ ਅਜਨਾਲਾ ਨੂੰ, ਸੰਯੁਕਤ ਸਬ ਰਜਿਸਟਰਾਰ ਰਾਜਾਸਾਂਸੀ ਵਿੱਚ ਰਜਿਸਟਰੇਸ਼ਨ ਦਾ ਕੰਮ ਸ੍ਰੀ ਰਾਜੀਵ ਕੁਮਾਰ ਕਾਨੂੰਗੋ ਨੂੰ, ਸੰਯੁਕਤ ਸਬ ਰਜਿਸਟਰਾਰ ਅਟਾਰੀ ਦਾ ਕੰਮ ਸ੍ਰੀ ਗੁਰਇਕਬਾਲ ਸਿੰਘ ਕਾਨੂਗੋ ਨੂੰ, ਸੰਯੁਕਤ ਸਬ ਰਜਿਸਟਰਾਰ ਜੰਡਿਆਲਾ ਗੁਰੂ ਦਾ ਕੰਮ ਰਜੇਸ਼ ਕੁਮਾਰ ਕਾਨੂੰਗੋ ਨੂੰ, ਸੰਯੁਕਤ ਸਬ ਰਜਿਸਟਰਾਰ ਤਰਸਿਕਾ ਦਾ ਕੰਮ ਸ੍ਰੀ ਲਖਵਿੰਦਰ ਸਿੰਘ ਕਾਨੂੰਗੋ ਨੂੰ ਅਤੇ ਸੰਯੁਕਤ ਸਬ ਰਜਿਸਟਰਾਰ ਬਿਆਸ ਵਿੱਚ ਰਜਿਸਟਰੇਸ਼ਨ ਦਾ ਕੰਮ ਸ੍ਰੀ ਰਣਜੀਤ ਸਿੰਘ ਕਾਨੂੰਗੋ ਨੂੰ ਦੇ ਦਿੱਤਾ ਹੈ।