ਛੁੱਟੀਆਂ ਲੈ ਲਓ, ਪਰ ਫਰਲੋ ਨਹੀਂ, ਮੁੱਖ ਮੰਤਰੀ ਮਾਨ ਨੇ ਅਧਿਆਪਕਾਂ ਨੂੰ ਦਿੱਤੀ ਚੇਤਾਵਨੀ

ਚੰਡੀਗੜ੍ਹ, 1 ਅਪ੍ਰੈਲ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਈਟੀਟੀ ਅਧਿਆਪਕਾਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਸੌਂਪੇ। ਇਸ ਦੌਰਾਨ ਮਾਨ ਨੇ ਨਵ-ਨਿਯੁਕਤ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਨੂੰ ਸਭ ਪਤਾ ਹੈ, 2-3 ਘੰਟੇ ਦੀ ਫਰਲੋ ਚੱਲਦੀ ਹੈ, ਪਰ ਇਹ ਉਨ੍ਹਾਂ ਸਮਾਂ ਹੈ, ਜਿੰਨੀ ਦੇਰ ਤੱਕ ਕੋਈ ਚੈਕਿੰਗ ਨਹੀਂ ਕਰਦਾ। ਮਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਅਧਿਆਪਕਾਂ ਨੂੰ ਕਿਹਾ ਕਿ ਛੁੱਟੀਆਂ ਲੈ ਲਓ, ਪਰ ਫਰਲੋ ਨਹੀਂ। ਮੈਂ ਕਿਸੇ ਵੀ ਸਕੂਲ ਦੀ, ਕਿਸੇ ਵੀ ਸਮੇਂ ਚੈਕਿੰਗ ਕਰ ਸਕਦਾ। ਉਨ੍ਹਾਂ ਕਿਹਾ ਕਿ ਮੈਨੂੰ 2-3 ਘੰਟਿਆਂ ਦੀ ਫਰਲੋ ਦਾ ਪੂਰਾ ਪਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੱਚਿਆਂ ਦੇ ਲਈ ਨਵੀਂ ਯੋਜਨਾ ਬਣਾਉਣ ਜਾ ਰਹੀ ਹੈ। ਮਾਨ ਨੇ ਕਿਹਾ ਕਿ ਫਿਨਲੈਂਡ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਹਰ ਪੀਰੀਅਡ ਵਿਚ ਕੁੱਝ ਸਮੇਂ ਦੀ ਬ੍ਰੇਕ ਮਿਲਦੀ ਹੈ। ਹੁਣ ਅਸੀਂ ਵੀ ਸੋਚ ਰਹੇ ਹਾਂ ਅਤੇ ਇਸ ਨੀਤੀ ਤੇ ਕੰਮ ਕਰਨ ਦੀ ਕੋਸਿਸ਼ ਕਰ ਰਹੇ ਹਾਂ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਪੀਰੀਅਡ ਦੌਰਾਨ ਬ੍ਰੇਕ ਦਿੱਤੀ ਜਾਵੇ। ਮਾਨ ਨੇ ਕਿਹਾ ਕਿ ਇੱਕ ਪੀਰੀਅਡ ਵਿੱਚ 5 ਮਿੰਟ ਦੀ ਬ੍ਰੇਕ ਹਰ ਬੱਚੇ ਲਈ ਲਾਜ਼ਮੀ ਹੋਣੀ ਚਾਹੀਦੀ ਹੈ, ਤਾਂ ਜੋ ਬੱਚਿਆਂ ਤੇ ਕਿਸੇ ਤਰ੍ਹਾਂ ਦਾ ਬੋਝ ਨਾ ਪਵੇ ਅਤੇ ਬੱਚੇ ਫਰੈਸ਼ ਮਾਈਡ ਦੇ ਨਾਲ ਪੜ੍ਹਾਈ ਕਰ ਸਕਣ। ਉਨ੍ਹਾਂ ਕਿਹਾ ਕਿ ਨਵਾਂ ਸੈਸ਼ਨ ਸ਼ੁਰੂ ਹੋ ਚੁੱਕਿਆ ਹੈ, ਇੱਕ ਦੋ ਸਕੂਲਾਂ ਵਿੱਚ ਟੈਸਟ ਕਰਕੇ ਦੇਖਦੇ ਹਾਂ, ਫਿਰ ਪੂਰੇ ਪੰਜਾਬ ਵਿੱਚ ਇਹ ਨੀਤੀ ਲਾਗੂ ਕੀਤੀ ਜਾਵੇਗੀ।