ਦੇਸ਼ ਦੇ 51ਵੇਂ ਚੀਫ਼ ਜਸਟਿਸ ਬਣੇ ਸੰਜੀਵ ਖੰਨਾ, ਰਾਸ਼ਟਰਪਤੀ ਨੇ ਚੁਕਾਈ ਸਹੁੰ

ਨਵੀਂ ਦਿੱਲੀ, 11 ਨਵੰਬਰ 2024 : ਜਸਟਿਸ ਸੰਜੀਵ ਖੰਨਾ ਦੇਸ਼ ਦੇ 51ਵੇਂ ਚੀਫ਼ ਜਸਟਿਸ ਬਣ ਗਏ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਨੂੰ ਸਹੁੰ ਚੁਕਾਈ। ਤੁਹਾਨੂੰ ਦੱਸ ਦੇਈਏ ਕਿ ਜਸਟਿਸ ਸੰਜੀਵ ਖੰਨਾ ਨੇ ਜਸਟਿਸ ਡੀਵਾਈ ਚੰਦਰਚੂੜ ਦੀ ਥਾਂ ਲਈ ਹੈ ਜੋ ਕਿ 10 ਨਵੰਬਰ ਨੂੰ ਸੇਵਾਮੁਕਤ ਹੋ ਗਏ ਹਨ। ਜਸਟਿਸ ਖੰਨਾ ਦਾ ਕਾਰਜਕਾਲ ਸਿਰਫ 6 ਮਹੀਨੇ ਦਾ ਹੋਵੇਗਾ। ਜਸਟਿਸ ਖੰਨਾ (64) 13 ਮਈ, 2025 ਨੂੰ ਸੇਵਾਮੁਕਤ ਹੋ ਜਾਣਗੇ। ਸੁਪਰੀਮ ਕੋਰਟ ਦੇ ਜੱਜ ਵਜੋਂ ਜਸਟਿਸ ਖੰਨਾ ਨੇ 65 ਫੈਸਲੇ ਲਿਖੇ ਹਨ। ਇਸ ਸਮੇਂ ਦੌਰਾਨ ਉਹ ਲਗਭਗ 275 ਬੈਂਚਾਂ ਦਾ ਹਿੱਸਾ ਰਹੇ ਹਨ। ਜਸਟਿਸ ਸੰਜੀਵ ਖੰਨਾ ਆਪਣੇ ਚਾਚਾ ਤੋਂ ਪ੍ਰਭਾਵਿਤ ਸਨ, ਇਸ ਲਈ ਉਨ੍ਹਾਂ ਨੇ 1983 ਵਿੱਚ ਦਿੱਲੀ ਯੂਨੀਵਰਸਿਟੀ ਦੇ ਕੈਂਪਸ ਲਾਅ ਸੈਂਟਰ ਤੋਂ ਐਲ.ਐਲ.ਬੀ. ਕੀਤੀ। ਇਸ ਤੋਂ ਬਾਅਦ ਜਸਟਿਸ ਖੰਨਾ ਨੇ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਤੋਂ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ। ਫਿਰ ਉਹ ਆਮਦਨ ਕਰ ਵਿਭਾਗ ਅਤੇ ਦਿੱਲੀ ਸਰਕਾਰ ਦੇ ਸਿਵਲ ਮਾਮਲਿਆਂ ਲਈ ਸਥਾਈ ਵਕੀਲ ਵੀ ਰਹੇ। ਸਾਲ 2005 ਵਿੱਚ ਜਸਟਿਸ ਦਿੱਲੀ ਹਾਈ ਕੋਰਟ ਦੇ ਜੱਜ ਬਣੇ। 13 ਸਾਲ ਦਿੱਲੀ ਹਾਈ ਕੋਰਟ ਦੇ ਜੱਜ ਰਹਿਣ ਤੋਂ ਬਾਅਦ, ਜਸਟਿਸ ਖੰਨਾ ਨੂੰ 2019 ਵਿੱਚ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਦਿੱਤੀ ਗਈ ਸੀ।