ਨਵਾਂਸ਼ਹਿਰ, 21 ਨਵੰਬਰ 2024 : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2025 ਦੇ ਅਧਾਰ 'ਤੇ ਤਿਆਰ ਕੀਤੀ ਜਾ ਰਹੀ ਵੋਟਰ ਸੂਚੀ ਲਈ ਮਿਤੀ 29.10.2024 ਤੋਂ 28.11.2024 ਤੱਕ ਦਾਅਵੇ ਅਤੇ ਇੰਤਰਾਜ ਪ੍ਰਾਪਤ ਕੀਤੇ ਜਾ ਰਹੇ ਹਨ। ਇਸ ਦੇ ਸਬੰਧ ਵਿੱਚ ਮੁੱਖ ਚੋਣ ਅਫਸਰ, ਪੰਜਾਬ ਚੰਡੀਗੜ੍ਹ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਮਿਤੀ 23.11.2024 (ਦਿਨ ਸ਼ਨੀਵਾਰ), 24.11.2024 (ਦਿਨ ਐਤਵਾਰ) ਨੂੰ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਇਸ ਦਿਨ ਬੀ.ਐਲ.ਓਜ਼ ਆਪਣੇ ਸਬੰਧਤ ਪੋਲਿੰਗ ਬੁੱਥ 'ਤੇ ਫਾਰਮ ਪ੍ਰਾਪਤ ਕਰਨਗੇ। ਇਸ ਦਿਨ ਕੋਈ ਵੀ ਯੋਗ ਨਾਗਰਿਕ, ਜਿਸ ਨੇ ਅਜੇ ਤੱਕ ਆਪਣਾ ਨਾਮ ਬਤੌਰ ਵੋਟਰ, ਵੋਟਰ ਸੂਚੀ ਵਿਚ ਦਰਜ਼ ਨਹੀ ਕਰਵਾਇਆ, ਉਹ ਇਨ੍ਹਾਂ ਮਿਤੀਆਂ ਨੂੰ ਆਪਣੇ ਪੋਲਿੰਗ ਬੁੱਥ 'ਤੇ ਜਾ ਕੇ ਬੀ.ਐਲ.ਓਜ਼ ਨੂੰ ਆਪਣਾ ਫਾਰਮ ਜਮ੍ਹਾ ਕਰਵਾ ਸਕਦਾ ਹੈ। ਇਸੇ ਤਰ੍ਹਾਂ ਜੋ ਵੋਟਰ ਆਪਣੇ ਵੇਰਵਿਆਂ ਵਿੱਚ ਦਰੁਸਤੀ ਕਰਵਾਉਣੀ ਚਾਹੁੰਦਾ ਹੈ, ਉਹ ਫਾਰਮ ਨੰਬਰ 8 ਭਰਕੇ ਬੀ.ਐਲ.ਓ ਨੂੰ ਦੇ ਸਕਦਾ ਹੈ। ਜਿਹੜੇ ਵੋਟਰਾਂ ਨੇ ਆਪਦੀ ਰਿਹਾਇਸ਼ ਕਿਸੇ ਦੁਸਰੇ ਪਿੰਡ ਜਾਂ ਸ਼ਹਿਰ ਵਿੱਚ ਤਬਦੀਲ ਕਰ ਲਈ ਹੈ, ਉਹ ਵੀ ਫਾਰਮ ਭਰਕੇ ਵੋਟ ਸਿਫਟ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਵੋਟਰ ਨੂੰ ਚਾਹੀਦਾ ਹੈ, ਕਿ ਉਹ ਆਪਣਾ ਨਾਮ ਮੌਜੂਦਾ ਵੋਟਰ ਸੂਚੀ ਵਿੱਚ ਚੈੱਕ ਕਰਨ। ਇਹ ਵੋਟਰ ਸੂਚੀ, ਜਿਲ੍ਹਾ ਚੋਣ ਦਫਤਰ, ਚੋਣਕਾਰ ਰਜਿਸਟ੍ਰੇਸ਼ਨ ਅਫਸਰ ਦੇ ਦਫਤਰ, ਸਬੰਧਤ ਬੀ.ਐਲ.ਓ ਪਾਸ ਜਾਂ www.ceopunjab.gov.in ਵੈਬਸਾਈਟ 'ਤੇ ਵੀ ਵੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਹ ਫਾਰਮ ਆਨਲਾਈਨ voters.eci.gov.in ਜਾਂ Voter Helpline ਅੱਪ ਤੇ ਵੀ ਭਰੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਹੋਰ ਵਧੇਰੇ ਜਾਣਕਾਰੀ ਸਬੰਧੀ ਟੋਲ ਫਰੀ ਨੰਬਰ 1950 ਤੇ ਵੀ ਕਾਲ ਕੀਤੀ ਜਾ ਸਕਦੀ ਹੈ।