ਅਮਰੀਕਾ ਤੋਂ ਦੇਸ਼ ਨਿਕਾਲੇ ਲਈ 487 ਭਾਰਤੀ ਨਾਗਰਿਕਾਂ ਦੀ ਸੂਚੀ ਤਿਆਰ, 96 ਦੀ ਤਸਦੀਕ ਮੁਕੰਮਲ

ਨਵੀਂ ਦਿੱਲੀ, 8 ਫਰਵਰੀ 2025 : ਅਮਰੀਕਾ ਤੋਂ ਦੇਸ਼ ਨਿਕਾਲੇ ਲਈ 487 ਭਾਰਤੀ ਨਾਗਰਿਕਾਂ ਦੀ ਪਛਾਣ ਕੀਤੀ ਗਈ ਹੈ ਅਤੇ 298 ਲੋਕਾਂ ਦੇ ਵੇਰਵੇ ਭਾਰਤ ਨਾਲ ਸਾਂਝੇ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਰਾਂਸ ਅਤੇ ਅਮਰੀਕਾ ਦੌਰੇ ਬਾਰੇ ਸ਼ੁੱਕਰਵਾਰ ਨੂੰ ਮੀਡੀਆ ਨੂੰ ਜਾਣਕਾਰੀ ਦੇ ਰਹੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇਕ ਸਵਾਲ ਦੇ ਜਵਾਬ 'ਚ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਅਮਰੀਕੀ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਸੂਤਰਾਂ ਨੇ ਕਿਹਾ ਕਿ 487 ਦੀ ਸੂਚੀ ਹੁਣੇ ਹੀ ਪ੍ਰਾਪਤ ਹੋਈ ਹੈ ਅਤੇ ਇਹ ਉਨ੍ਹਾਂ 96 ਵਿਅਕਤੀਆਂ ਤੋਂ ਇਲਾਵਾ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਅਮਰੀਕਾ ਭੇਜਣ ਲਈ ਤਸਦੀਕ ਕੀਤਾ ਜਾ ਚੁੱਕਾ ਹੈ। ਇਹ 96 ਵਿਅਕਤੀ 204 ਡਿਪੋਰਟੀਆਂ ਦੇ ਪਹਿਲੇ ਬੈਚ ਵਿੱਚੋਂ ਹਨ, ਜਿਨ੍ਹਾਂ ਵਿੱਚੋਂ 104 ਨੂੰ 5 ਫਰਵਰੀ ਨੂੰ ਅਮਰੀਕੀ ਹਵਾਈ ਸੈਨਾ ਦੇ ਜਹਾਜ਼ ਰਾਹੀਂ ਅੰਮ੍ਰਿਤਸਰ ਵਿੱਚ ਉਤਾਰਿਆ ਗਿਆ ਸੀ। ਇਨ੍ਹਾਂ ਵਿੱਚੋਂ ਚਾਰ ਦੀ ਮੁੜ ਪੜਤਾਲ ਕੀਤੀ ਜਾ ਰਹੀ ਹੈ। ਫੌਜੀ ਜਹਾਜ਼ ਵਿਚ 40 ਘੰਟੇ ਦੀ ਉਡਾਣ ਦੌਰਾਨ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਹੱਥਕੜੀਆਂ ਵਿਚ ਵਾਪਸ ਭੇਜੇ ਜਾਣ 'ਤੇ ਵਿਦੇਸ਼ ਸਕੱਤਰ ਨੇ ਕਿਹਾ ਕਿ ਭਾਰਤ ਨੇ ਅਮਰੀਕਾ ਕੋਲ ਚਿੰਤਾਵਾਂ ਜ਼ਾਹਰ ਕੀਤੀਆਂ ਹਨ ਅਤੇ ਅਜਿਹੇ ਵਤੀਰੇ ਤੋਂ ਬਚਿਆ ਜਾ ਸਕਦਾ ਸੀ। ਉਸ ਨੇ ਇਹ ਵੀ ਕਿਹਾ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹੱਥਕੜੀ ਲਾਉਣ ਅਤੇ ਦੇਸ਼ ਨਿਕਾਲਾ ਦੇਣ ਦੀ ਅਮਰੀਕੀ ਨੀਤੀ 2012 ਤੋਂ ਲਾਗੂ ਹੈ। ਜਦੋਂ ਵਿਦੇਸ਼ ਸਕੱਤਰ ਨੂੰ ਪੁੱਛਿਆ ਗਿਆ ਕਿ ਕੀ ਭਾਰਤ ਨੇ 2012 ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਥਕੜੀਆਂ ਅਤੇ ਦੇਸ਼ ਨਿਕਾਲੇ 'ਤੇ ਆਪਣਾ ਵਿਰੋਧ ਦਰਜ ਕਰਵਾਇਆ ਸੀ, ਤਾਂ ਉਨ੍ਹਾਂ ਕਿਹਾ, 'ਮੈਨੂੰ ਨਹੀਂ ਲੱਗਦਾ ਕਿ ਕੋਈ ਵਿਰੋਧ ਹੋਇਆ ਸੀ। ਸਾਡੇ ਕੋਲ ਇਤਰਾਜ਼ ਸਬੰਧੀ ਕੋਈ ਰਿਕਾਰਡ ਨਹੀਂ ਹੈ।

ਔਰਤਾਂ ਨੂੰ ਸੰਗਲਾਂ ਵਿੱਚ ਬੰਨ੍ਹਣ ਦਾ ਮੁੱਦਾ ਉਠਾਇਆ
ਡਿਪੋਰਟੇਸ਼ਨ-ਫਲਾਈਟ ਦੌਰਾਨ ਔਰਤਾਂ ਨੂੰ ਜ਼ੰਜੀਰਾਂ ਵਿੱਚ ਬੰਨ੍ਹ ਕੇ ਰੱਖਣ ਦਾ ਦਾਅਵਾ ਕਰਨ ਵਾਲੇ ਬਿਆਨਾਂ ਦੇ ਸਾਹਮਣੇ ਆਉਣ ਤੋਂ ਬਾਅਦ, ਭਾਰਤ ਨੇ ਅਮਰੀਕਾ ਦੇ ਸਾਹਮਣੇ ਚਿੰਤਾ ਜਤਾਈ ਹੈ ਕਿ ਇਨ੍ਹਾਂ ਔਰਤਾਂ ਨੂੰ ਕਿਵੇਂ ਅਤੇ ਕਿਉਂ ਜ਼ੰਜੀਰਾਂ ਵਿੱਚ ਰੱਖਿਆ ਗਿਆ ਸੀ। ਇਸ ਬਾਰੇ ਪੁੱਛੇ ਜਾਣ 'ਤੇ ਅਧਿਕਾਰੀਆਂ ਨੇ ਕਿਹਾ, 'ਇਹ ਮੁੱਦਾ ਅਮਰੀਕਾ ਨਾਲ ਦਿੱਲੀ ਅਤੇ ਵਾਸ਼ਿੰਗਟਨ ਵਿਚ ਵੀ ਉਠਾਇਆ ਗਿਆ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਸੀ ਕਿ ਔਰਤਾਂ ਅਤੇ ਬੱਚਿਆਂ ਨੂੰ ਹੱਥਕੜੀ ਨਹੀਂ ਲਗਾਈ ਗਈ ਸੀ।

18 ਹਜ਼ਾਰ ਨਾਜਾਇਜ਼ ਭਾਰਤੀਆਂ ਨੂੰ ਵਾਪਸ ਭੇਜਣ ’ਤੇ ਹੋਈ ਗੱਲ
ਜਨਵਰੀ ’ਚ ਅਮਰੀਕਾ ਤੇ ਭਾਰਤ ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਤੋਂ ਬਾਅਦ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਸੀ ਕਿ 18 ਹਜ਼ਾਰ ਨਾਜਾਇਜ਼ ਭਾਰਤੀਆਂ ਨੂੰ ਵਾਪਸ ਭੇਜਣ ’ਤੇ ਵੀ ਗੱਲ ਹੋਈ ਹੈ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਵੀਰਵਾਰ ਨੂੰ ਸੰਸਦ ’ਚ ਕਿਹਾ ਸੀ ਕਿ 2009 ਤੋਂ 2025 ’ਚ ਹਾਲੇ ਤੱਕ ਅਮਰੀਕਾ ਨੇ 15,668 ਭਾਰਤੀਆਂ ਨੂੰ ਨਾਜਾਇਜ਼ ਤਰੀਕੇ ਨਾਲ ਉੱਥੇ ਰਹਿਣ ਦੇ ਦੋਸ਼ ਲਗਾਉਂਦੇ ਹੋਏ ਭਾਰਤ ਭੇਜਿਆ ਗਿਆ ਹੈ।