ਕੌਮੀ ਸੜਕ ਸੁਰੱਖਿਆ ਮਹੀਨਾ ਮੁਹਿੰਮ ਤਹਿਤ ਸਕੂਲਾਂ ਵਿਖੇ ਕਰਵਾਈਆਂ ਜਾ ਰਹੀਆਂ ਹਨ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ

  • ਸੜਕ ਸੁਰੱਖਿਆ ਚਿੰਨਾਂ ਨੂੰ ਦਰਸ਼ਾਉਂਦੇ ਪੋਸਟਰ ਮੇਕਿੰਗ, ਸਲੋਗਨ ਅਤੇ ਪੇਟਿੰਗ ਮੁਕਾਬਲਿਆਂ ਰਾਹੀਂ ਕੀਤਾ ਜਾ ਰਿਹੈ ਪ੍ਰੇਰਿਤ

ਫਾਜ਼ਿਲਕਾ 14 ਫਰਵਰੀ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਖਿਆ ਵਿਭਾਗ ਵੱਲੋਂ ਉਪ ਜ਼ਿਲ੍ਹਾ ਸਿਖਿਆ ਅਫਸਰ ਪੰਕਜ ਅੰਗੀ ਤੇ ਮੈਡਮ ਅੰਜੂ ਸੇਠੀ ਦੀ ਅਗਵਾਈ ਹੇਠ ਵੱਖ-ਵੱਖ ਸਕੂਲਾਂ ਵਿਖੇ ਕੌਮੀ ਸੜਕ ਸੁਰੱਖਿਆ ਮਹੀਨਾ ਮੁਹਿੰਮ ਤਹਿਤ ਲਗਾਤਾਰ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਸਿਖਿਆ ਵਿਭਾਗ ਤੋਂ ਨੋਡਲ ਅਫਸਰ ਵਿਜੈ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੜਕ ਸੁਰੱਖਿਆ ਨਿਯਮਾਂ ਬਾਰੇ ਛੋਟੀ ਉਮਰੇ ਤੋਂ ਹੀ ਗਿਆਨ ਹੋ ਜਾਵੇ ਤਾਂ ਵੱਡੇ ਹੋਣ ਤੱਕ ਇਸ ਨੂੰ ਸੋ ਫੀਸਦੀ ਅਮਲ ਵਿਚ ਲਿਆਉਣ ਦੀ ਆਦਤ ਪੈ ਜਾਂਦੀ ਹੈ ਜਿਸ ਕਰਕੇ ਸੜਕੀ ਦੁਰਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ, ਇਸੇ ਉਦੇਸ਼ ਸਦਕਾ ਸਕੂਲੀ ਵਿਦਿਆਰਥੀਆ ਨੂੰ ਸੜਕੀ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਲਗਾਤਾਰ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਤਾ ਗੁਜਰੀ ਪਬਲਿਕ ਸਕੂਲ ਵਿਖੇ ਸੜਕ ਸੁਰੱਖਿਆ ਮਹੀਨਾ ਮੁਹਿੰਮ ਨੂੰ ਸਮਰਪਿਤ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਟਰੈਫਿਕ ਨਿਯਮਾਂ ਤੇ ਸੜਕ ਚਿੰਨ੍ਹਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਦੇ ਨਾਲ-ਨਾਂਲ ਪੋਸਟਰ ਮੇਕਿੰਗ, ਸਲੋਗਨ ਲਿਖਣ ਤੇ ਪੇਟਿੰਗ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਉਨ੍ਹਾਂ ਕਿਹਾ ਕਿ ਸੜਕਾਂ *ਤੇ ਚਲਦੇ ਸਮੇਂ ਸਾਨੂੰ ਆਪਦੇ-ਆਪ ਦੀ ਸੇਫਟੀ ਲਈ ਖੁਦ ਨੂੰ ਜਾਗਰੂਕ ਹੋਣਾ ਪਵੇਗਾ ਤੇ ਹੋਰਨਾਂ ਨੂੰ ਵੀ ਜਾਗਰੂਕ ਕਰਨਾ ਪਵੇਗਾ। ਸ੍ਰੀ ਦਲੀਪ ਕੁਮਾਰ ਸਕੂਲ ਇੰਚਾਰਜ ਦੀ ਅਗਵਾਈ ਵਿੱਚ ਸਰਕਾਰੀ ਮਿਡਲ ਸਕੂਲ ਚਕ ਪੰਜਕੋਹੀ ਵਿੱਚ ਸੜਕ ਸੁਰੱਖਿਆ ਸਬੰਧੀ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ। ਸੜਕ ਸੁਰੱਖਿਆ ਗਤੀਵਿਧੀ ਇੰਚਾਰਜ ਸ੍ਰੀਮਤੀ ਸੁਖਪ੍ਰੀਤ ਕੌਰ ਪੰਜਾਬੀ ਅਧਿਆਪਕਾ ਨੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਚਿੰਨ੍ਹਾਂ ਦੀ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਸੜਕਾਂ *ਤੇ ਜਾਂਦੇ ਹੋਏ ਵਹੀਕਲ ਚਲਾਉਂਦੇ ਸਮੇਂ ਸੀਟ ਬੈਲਟ ਤੇ ਹੈਲਮੈਟ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਵਹੀਕਲ ਦੀ ਗਤੀ ਵੀ ਹੋਲੀ ਰੱਖਣੀ ਚਾਹੀਦੀ ਹੈ। ਲਾਲ ਬਤੀ ਨੂੰ ਕਰਾਸ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਛੋਟੀਆਂ-ਛੋਟੀਆਂ ਗਲਾਂ ਦਾ ਧਿਆਨ ਰੱਖ ਕੇ ਅਸੀਂ ਆਪਣੇ ਖੁਦ ਦੇ ਨਾਲ-ਨਾਲ ਸਾਹਮਣੇ ਵਾਲਿਆਂ ਦੀ ਵੀ ਜਾਨ ਬਚਾ ਸਕਦੇ ਹਾਂ ਤੇ ਸੜਕੀ ਦੁਰਘਟਨਾਵਾਂ ਨੂੰ ਰੋਕਣ ਵਿਚ ਕਾਮਯਾਬ ਹੋ ਸਕਦੇ ਹਾਂ।