ਜਨ ਜੀਵਨ ਮਿਸ਼ਨ ਤਹਿਤ ਜ਼ਿਲ੍ਹਾ ਬਰਨਾਲਾ ‘ਚ ਪੀਣ ਵਾਲੇ ਪਾਣੀ ਸਬੰਧੀ ਕੰਮ 125.17 ਲੱਖ ਦੀ ਲਾਗਤ ਨਾਲ ਕਰਵਾਏ ਗਏ, ਡਿਪਟੀ ਕਮਿਸ਼ਨਰ

  • ਜ਼ਿਲ੍ਹਾ ਜਲ ਅਤੇ ਸੈਨੀਟੇਸ਼ਨ ਮਿਸ਼ਨ ਦੀ ਬੈਠਕ ਦੌਰਾਨ ਕੰਮਾਂ ਦੀ ਕੀਤੀ ਗਈ ਸਮੀਖਿਆ

ਬਰਨਾਲਾ, 4 ਮਾਰਚ : ਜਨ ਜੀਵਨ ਮਿਸ਼ਨ ਤਹਿਤ ਜ਼ਿਲ੍ਹਾ ਬਰਨਾਲਾ ‘ਚ ਪੀਣ ਵਾਲੇ ਪਾਣੀ ਸਬੰਧੀ ਕੰਮ 125. 17 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਜ਼ਿਲ੍ਹਾ ਜਲ ਅਤੇ ਸੈਨੀਟੇਸ਼ਨ ਮਿਸ਼ਨ ਦੀ ਜ਼ਿਲ੍ਹਾ ਪੱਧਰੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਤਹਿਤ 8 ਪਿੰਡਾਂ ‘ਚ ਪੀਣ ਵਾਲੇ ਪਾਣੀ ਸਬੰਧੀ ਵੱਖ ਵੱਖ ਕੰਮ ਕਰਵਾਏ ਗਏ ਅਤੇ ਨਾਲ ਹੀ ਜ਼ਿਲ੍ਹਾ ਪੱਧਰੀ ਪਾਣੀ ਟੈਸਟ ਕਰਨ ਵਾਲੀ ਲੈਬ ਵੀ ਬਣਾਈ ਗਈ। ਉਨ੍ਹਾਂ ਦੱਸਿਆ ਕਿ ਪਿੰਡ ਭੱਠਲਾਂ, ਅਸਪਾਲ ਖੁਰਦ, ਚੁਹਾਣਕੇ ਕਲਾਂ, ਜਗਜੀਤਪੁਰਾ, ਦਾਨਗੜ੍ਹ, ਪੱਖੋ ਕੇ ਅਤੇ ਠੁੱਲੇਵਾਲ ਵਿਖੇ ਪਾਈਪ ਲਾਈਨਾਂ ਵਿਛਾਉਣ ਦਾ ਕੰਮ ਕੀਤਾ ਗਿਆ ਤਾਂ ਜੋ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਟੂਟੀਆਂ ਰਾਹੀਂ ਉਨ੍ਹਾਂ ਦੇ ਘਰ ਪਹੁੰਚਾਇਆ ਜਾ ਸਕੇ। ਇਸੇ ਤਰ੍ਹਾਂ ਪਿੰਡ ਬੀਹਲਾ ਖੁਰਦ ਵਿਖੇ ਨਵੇਂ ਵਾਟਰ ਵਰਕਸ ਦੀ ਉਸਾਰੀ, ਟੈਂਕ ਦੀ ਉਸਾਰੀ ਅਤੇ ਪਾਈਪਾਂ ਦਾ ਕੰਮ ਕੀਤਾ ਗਿਆ ਤਾਂ ਜੋ ਪੀਣ ਵਾਲਾ ਸਾਫ ਪਾਣੀ ਲੋਕਾਂ ਨੂੰ ਮਿਲੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੇਵਾ ਕੇਂਦਰ ਦੇ ਨੇੜੇ ਨਵੀ ਲੈਬ ਸਥਾਪਿਤ ਕੀਤੀ ਗਈ ਹੈ ਜਿਥੇ ਪੀਣ ਵਾਲੇ ਪਾਣੀ ਦੇ ਨਮੂਨੇ ਚੈੱਕ ਕਰਵਾਏ ਜਾ ਸਕਦੇ ਹਨ। ਇਸ ਲੈਬ ‘ਚ ਆਮ ਲੋਕ ਵੀ ਪਾਣੀ ਦੇ ਨਮੂਨੇ ਜਮ੍ਹਾਂ ਕਰਵਾ ਕੇ ਪਾਣੀ ਦੀ ਗੁਣਵੱਤਾ ਪਤਾ ਕਰ ਸਕਦੇ ਹਨ। ਬੈਠਕ ‘ਚ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸਰਬਜੀਤ ਕੌਰ, ਚੇਅਰਮੈਨ ਬਲਾਕ ਸੰਮਤੀ ਬਰਨਾਲਾ ਹਰਦੇਵ ਸਿੰਘ, ਚੇਅਰਮੈਨ ਬਲਾਕ ਸੰਮਤੀ ਸਹਿਣਾ ਪਰਮਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ, ਐਕਸ. ਈ. ਐਨ. ਚਮਕ ਸਿੰਗਲਾ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐ) ਵਸੁੰਧਰਾ ਕਪਿਲਾ, ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਡਾ. ਬਰਜਿੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਜਗਦੀਸ਼ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੇਘਾ ਮਾਨ ਅਤੇ ਹੋਰ ਲੋਕ ਹਾਜ਼ਰ ਸਨ।