ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿਚ ਸੰਵਿਧਾਨ ਦਿਵਸ ਨੂੰ ਸਮਰਪਿਤ ਮੁਕਾਬਲੇ ਕਰਵਾਏ ਗਏ

  • ਵਿਦਿਆਰਥੀਆਂ ਨੂੰ ਭਾਰਤੀ ਸੰਵਿਧਾਨ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਮੌਲਿਕ ਅਧਿਕਾਰਾਂ ਪ੍ਰਤੀ ਕੀਤਾ ਜਾਗਰੂਕ

ਫਾਜ਼ਿਲਕਾ, 26 ਨਵੰਬਰ 2024 : ਦੇਸ਼ ਵਿੱਚ ਹਰ ਸਾਲ 26 ਨਵੰਬਰ ਨੂੰ ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। 26 ਨਵੰਬਰ 1949 ਨੂੰ ਸੰਵਿਧਾਨ ਸਭਾ ਨੇ ਰਸਮੀ ਤੌਰ ਤੇ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ। ਇਹ 26 ਜਨਵਰੀ 1950 ਨੂੰ ਲਾਗੂ ਹੋਇਆ ਜੋ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸੇ ਤਹਿਤ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾਂ *ਤੇ ਸਵਿਧਾਨ ਦਿਵਸ ਦੇ ਮੌਕੇ ਫਾਜ਼ਿਲਕਾ ਜਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਸਕੂਲਾਂ ਵਿਚ ਸੈਮੀਨਾਰ ਦਾ ਆਯੋਜਨ ਕਰਕੇ ਵਿਦਿਆਰਥੀਆਂ ਨੂੰ ਭਾਰਤੀ ਸੰਵਿਧਾਨ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਭਾਰਤੀ ਸੰਵਿਧਾਨ ਤਹਿਤ ਹਰੇਕ ਭਾਰਤੀ ਨਾਗਰਿਕ ਨੂੰ ਮੌਲਿਕ ਅਧਿਕਾਰ ਅਤੇ ਮੌਲਿਕ ਫਰਜ਼ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਭਾਰਤੀ ਨਾਗਰਿਕ ਹੋਣ ਦੇ ਨਾਤੇ ਆਪਣੇ ਅਧਿਕਾਰਾਂ ਨਾਲੋਂ ਆਪਣੇ ਫਰਜ਼ਾਂ ਨੂੰ ਪੂਰੀ ਸੰਜੀਦਗੀ ਨਾਲ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਦਿਵਸ ਦਾ ਉਦੇਸ਼ ਭਾਰਤੀ ਸੰਵਿਧਾਨ ਅਤੇ ਇਸਦੇ ਰਚਨਾਕਰਤਾ ਡਾ. ਬੀ. ਆਰ. ਅੰਬੇਦਕਰ ਦੀ ਮਹੱਤਤਾ ਪ੍ਰਤੀ ਜਾਗਰੂਕਤਾ ਲਿਆਉਣਾ ਹੈ। ਅੰਬੇਦਕਰ ਇੱਕ ਪ੍ਰਸਿੱਧ ਸਮਾਜ ਸੁਧਾਰਕ, ਰਾਜਨੇਤਾ ਅਤੇ ਨਿਆਂਕਾਰ ਸਨ ਅਤੇ ਇਸਨੂੰ ਭਾਰਤੀ ਸੰਵਿਧਾਨ ਦਾ ਪਿਤਾ ਵੀ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਅੰਦਰ ਦੇਸ਼ ਦੇ ਸਮੂਹ ਨਾਗਰਿਕਾਂ ਨੂੰ ਬਰਾਬਰਤਾ ਦਾ ਅਧਿਕਾਰ ਅਤੇ ਸਭ ਧਰਮਾਂ ਦਾ ਸਨਮਾਨ ਕਰਨ ਦੇ ਨਾਲ-ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਧਿਆਨ ’ਚ ਰੱਖ ਕੇ ਹਰੇਕ ਪਹਿਲੂ ਨੂੰ ਬਾਖੂਬੀ ਢੰਗ ਨਾਲ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦਿਵਸ ਦਾ ਆਯੋਜਨ ਕਰਕੇ ਵਿਦਿਆਰਥੀਆਂ ਅਤੇ ਨੋਜਵਾਨ ਪੀੜ੍ਹੀ ਅੰਦਰ ਭਾਈਚਾਰਕ ਸਾਂਝ ਨੂੰ ਹੋਰ ਮਜਬੂਤ ਅਤੇ ਇਕ ਦੂਸਰੇ ਦੇ ਹਮਦਰਦ ਬਣਨ ਪ੍ਰਤੀ ਜਾਗਰੂਕਤਾ ਲਿਆਉਣਾ ਹੈ ਅਤੇ ਸਮਾਜ ਵਿਚ ਇਕ ਚੰਗੇ ਨਾਗਰਿਕ ਵਜੋਂ ਸਾਬਿਤ ਹੋਣ ਦਾ ਉਦੇਸ਼ ਦਿੰਦਾ ਹੈ। \ਜ਼ਿਲ੍ਹਾ ਨੋਡਲ ਅਫਸਰ ਵਿਜੈ ਪਾਲ ਨੇ ਦੱਸਿਆ ਕਿ ਪੇਟਿੰਗ ਮੁਕਾਬਲੇ, ਕੁਇਜ ਮੁਕਾਬਲੇ ਅਤੇ ਸੈਮੀਨਾਰ ਕਰਵਾਏ ਗਏ। ਇਸ ਤੋਂ ਇਲਾਵਾ ਸੰਵਿਧਾਨ ਦਿਵਸ ਨੂੰ ਸਮਰਪਿਤ ਸਹੁੰ ਵੀ ਚੁਕਾਈ ਗਈ ਤੇ ਵਿਦਿਆਰਥੀਆਂ ਨੂੰ ਸੰਵਿਧਾਨ ਅਧੀਨ ਪ੍ਰਾਪਤ ਅਧਿਕਾਰਾਂ ਪ੍ਰਤੀ ਪ੍ਰੇਰਿਤ ਕੀਤਾ ਗਿਆ।