ਰੋਪੜ, 06 ਜਨਵਰੀ : ਕੋਲੇ ਦੀ ਘਾਟ ਕਾਰਨ ਰੋਪੜ ਥਰਮਲ ਪਲਾਂਟ ਦਾ ਯੂਨਿਟ ਨੰਬਰ 6 ਬੰਦ ਹੋ ਗਿਆ ਹੈ। ਇਸ ਤੋਂ ਇਲਾਵਾ ਰੋਪੜ ਥਰਮਲ ਪਲਾਂਟ ਦਾ ਇੱਕ ਹੋਰ ਯੂਨਿਟ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਿਆ। ਬਿਜਲੀ ਦੀ ਮੰਗ ਵੀ 8500 ਮੈਗਾਵਾਟ ਨੂੰ ਪਾਰ ਕਰ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਰੋਪੜ ਥਰਮਲ ਪਲਾਂਟ ਦੇ ਦੋ ਹੋਰ ਯੂਨਿਟ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਏ ਹਨ। ਨਿੱਜੀ ਖੇਤਰ ਦੇ ਥਰਮਲ ਪਲਾਂਟ ਤਲਵੰਡੀ ਸਾਬੋ ਦਾ ਯੂਨਿਟ ਨੰਬਰ 2 ਵੀ ਤਕਨੀਕੀ ਖਰਾਬੀ ਕਾਰਨ ਬੰਦ ਹੋਇਆ ਪਿਆ ਹੈ। ਹੈਰਾਨੀਜਨਕ ਖਬਰ ਹੈ ਕਿ ਲਹਿਰਾ ਮੁਹੱਬਤ ਦਾ ਇਕ ਯੂਨਿਟ ਬੁਆਇਲਰ ਫੱਟਣ ਕਾਰਨ ਪਿਛਲੇ 8 ਮਹੀਨਿਆ ਤੋਂ ਬੰਦ ਪਿਆ ਹੈ। ਜੇਕਰ ਮੁਲਾਕਣ ਕਰੀਏ ਤਾਂ ਪੰਜਾਬ ਵਿੱਚ ਅੱਜ 1400 ਮੈਗਾਵਾਟ ਬਿਜਲੀ ਘੱਟ ਗਈ ਹੈ। ਦੂਜੇ ਪਾਸੇ ਬਿਜਲੀ ਵਿਭਾਗ ਕੇਂਦਰੀ ਪੂਲ ਤੋਂ ਮਹਿੰਗੇ ਭਾਅ ਦੀ ਬਿਜਲੀ ਖਰੀਦਣ ਲਈ ਮਜਬੂਰ ਹੈ। ਜ਼ਿਕਰਯੋਗ ਹੈ ਕਿ ਪਛਵਾੜਾ ਖਾਣ ਤੋਂ ਕੋਲੇ ਦੀ ਸਪਲਾਈ ਦਸੰਬਰ ਮਹੀਨੇ ਤੋਂ ਪੰਜਾਬ ਨੂੰ ਸ਼ੁਰੂ ਹੋਈ ਸੀ ਅਤੇ ਜੋ 20 ਦਿਨਾਂ ਵਿੱਚ ਹੀ ਬੰਦ ਹੋ ਗਈ ਹੈ। 16 ਦਸੰਬਰ ਨੂੰ ਰੋਪੜ ਸਥਿਤ ਪਾਵਰ ਪਲਾਂਟ ਉੱਤੇ ਪਛਵਾੜਾ ਕੋਲੇ ਦੀ ਖਾਣ ਤੋਂ ਪਹਿਲਾਂ ਰੈਕ ਪੁੱਜਿਆ ਸੀ, ਜਿਸ ਤੋਂ ਬਾਅਦ ਹਰ ਰੋਜ਼ 5 ਰੈਕ ਪਹੁੰਚਣੇ ਸਨ ਪਰ ਇਹ ਆਸ ਪੂਰੀ ਨਾ ਹੋ ਸਕੀ। ਹੁਣ ਤੱਕ ਸਿਰਫ਼ 9 ਰੈਕ ਹੀ ਰੋਪੜ ਪਹੁੰਚ ਸਕੇ ਹਨ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਪਛਵਾੜਾ ਕੋਲ ਖਾਣ ’ਤੇ ਪਹਿਲੇ ਠੇਕੇਦਾਰ ਵੱਲੋਂ ਮਜਦੂਰਾਂ ਦੀ ਪੂਰੀ ਅਦਾਇਗੀ ਨਹੀਂ ਕੀਤੀ ਗਈ ਸੀ, ਜਿਸ ਕਰਕੇ ਹੁਣ ਕੋਲਾ ਚੁੱਕਣ ਦੇ ਕੰਮ ਵਿਚ ਅੜਿੱਕਾ ਪੈ ਰਿਹਾ ਹੈ। ਮਾਹਰਾਂ ਅਨੁਸਾਰ ਜੇ ਪਛਵਾੜਾ ਤੋਂ ਕੋਲੇ ਦੀ ਲੋੜੀਂਦੀ ਸਪਲਾਈ ਜਲਦ ਤੋਂ ਜਲਦ ਬਹਾਲ ਨਾ ਕੀਤੀ ਗਈ ਤਾਂ ਇਸ ਨਾਲ ਅਗਲੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਸੂਬੇ ਦੇ ਤਾਪ ਬਿਜਲੀ ਘਰਾਂ ’ਚ ਕੋਲੇ ਦੇ ਭੰਡਾਰਾਂ ’ਤੇ ਪਵੇਗਾ।