ਰੈਸਟੋਰੈਂਟ 'ਚ ਭਿਆਨਕ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਸਕਾਨ

ਬਠਿੰਡਾ, 24 ਨਵੰਬਰ 2024 :  ਬਠਿੰਡਾ 'ਚ ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਸਥਿਤ ਇਕ ਰੈਸਟੋਰੈਂਟ 'ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਰੈਸਟੋਰੈਂਟ ਵਿੱਚ ਰੱਖਿਆ ਫਰਨੀਚਰ ਤੇ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਰੈਸਟੋਰੈਂਟ ਦੇ ਛੇ ਕਰਮਚਾਰੀਆਂ ਨੇ ਗੁਆਂਢੀਆਂ ਦੇ ਸਹਿਯੋਗ ਨਾਲ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਕਰੀਬ ਅੱਧੀ ਦਰਜਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਨਵੇਂ ਬਣੇ ਇਸ ਰੈਸਟੋਰੈਂਟ ਦਾ ਮਹੂਰਤ 6 ਦਸੰਬਰ ਨੂੰ ਹੋਣਾ ਸੀ ਅਤੇ ਬੀਤੀ ਰਾਤ ਇਸ ਰੇਸਤਰਾਂ ਵਿੱਚ ਪਾਰਟੀ ਰੱਖੀ ਸੀ। ਅੱਗ ਲੱਗਣ ਦੇ ਕਾਰਨਾਂ ਦਾ ਸਹੀ ਪਤਾ ਨਹੀਂ ਲੱਗ ਸਕਿਆ ਪਰ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ। ਫਾਇਰਮੈਨ ਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਦੇਸ਼ ਯੂਨੀਵਰਸਿਟੀ ਦੇ ਸਾਹਮਣੇ ਭੁੱਚੋ ਮੰਡੀ 'ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਹ ਤੁਰੰਤ ਮੌਕੇ 'ਤੇ ਪਹੁੰਚੇ। ਵੱਖ-ਵੱਖ ਥਾਵਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਅੱਗ ਦੌਰਾਨ ਰੈਸਟੋਰੈਂਟ ਵਿਚ ਇਕ ਸਿਲੰਡਰ ਫਟ ਗਿਆ। ਰੈਸਟੋਰੈਂਟ ਵਿਚ ਲੱਗੀ ਅੱਗ ਨੇ ਆਸ-ਪਾਸ ਦੀਆਂ ਦੁਕਾਨਾਂ ਦੇ ਬਾਹਰ ਲੱਗੇ ਬੋਰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ ਪਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਸਮੇਂ ਸਿਰ ਅੱਗ ’ਤੇ ਕਾਬੂ ਪਾ ਲਿਆ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ। ਰੈਸਟੋਰੈਂਟ ਦੇ ਮਾਲਕ ਵਿਪਨ ਬਾਂਸਲ ਅਤੇ ਉਸ ਦੇ ਪੁੱਤਰ ਵਰੁਣ ਬਾਂਸਲ ਵਾਸੀ ਭੁੱਚੋ ਮੰਡੀ ਨੇ ਦੱਸਿਆ ਕਿ ਉਹ ਅੱਗ ਲੱਗਣ ਤੋਂ ਦੋ ਘੰਟੇ ਪਹਿਲਾਂ ਹੀ ਰੈਸਟੋਰੈਂਟ ਬੰਦ ਕਰਵਾ ਕੇ ਘਰ ਆਏ ਸਨ। ਇਸ ਰੈਸਟੋਰੈਂਟ ਨੂੰ ਸ਼ਾਨਦਾਰ ਬਣਾਉਣ ਲਈ ਉਨ੍ਹਾਂ ਨੇ ਭਾਰੀ ਰਕਮ ਖਰਚ ਕੀਤੀ ਸੀ, ਜੋ ਮਿੱਟੀ ਵਿੱਚ ਮਿਲ ਗਈ। ਇਸ ਅੱਗ ਦੀ ਘਟਨਾ ਵਿੱਚ ਮਹਿੰਗੇ ਸੋਫ਼ੇ ਅਤੇ ਫਰਨੀਚਰ ਸਮੇਤ ਲਗਪਗ ਇੱਕ ਕਰੋੜ ਰੁਪਏ ਦਾ ਸਾਮਾਨ ਸੜ ਗਿਆ ਹੈ।