ਸੰਗਰੂਰ, 24 ਨਵੰਬਰ 2024 : 1158 ਅਸਿਸਟੈਂਟ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨ ਫਰੰਟ ਨੇ 411 ਬਕਾਇਆ ਉਮੀਦਵਾਰਾਂ ਦੀ ਨਿਯੁਕਤੀ ਦੀ ਮੰਗ ਨੂੰ ਲੈ ਕੇ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ।ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਅੱਗੇ ਵਧੇ ਅਤੇ ਪੁਲਿਸ ਨਾਲ ਜ਼ਬਰਦਸਤ ਹੱਥੋਪਾਈ ਹੋਈ। ਲੰਬੇ ਸਮੇਂ ਤੱਕ ਚੱਲੀ ਤਕਰਾਰ ਕਾਰਨ ਕਈ ਲੋਕਾਂ ਦੀਆਂ ਪੱਗਾਂ ਅਤੇ ਚੁੰਨੀਆਂ ਲੱਥ ਗਈਆਂ ਆਗੂ ਬਲਵਿੰਦਰ ਚਹਿਲ ਨੇ ਕਿਹਾ ਕਿ ਆਗੂਆਂ ਨੂੰ ਬੀਤੀ ਰਾਤ ਤੋਂ ਹੀ ਪ੍ਰਸ਼ਾਸਨ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਅੱਜ ‘ਆਮ ਆਦਮੀ ਦੀ ਸਰਕਾਰ’ ਨੇ ਆਮ ਲੋਕਾਂ ਦੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਦਿਆਂ ਜਬਰਨ ਪੁਲਿਸ ਤੋਂ ਚੁਕਵਾ ਕੇ ਆਪਣੇ ਸਿੱਖਿਆ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਜਸਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਧੱਕੇਸ਼ਾਹੀ ਦੌਰਾਨ ਮਹਿਲਾ ਪ੍ਰੋਫ਼ੈਸਰਾਂ ਦੀਆਂ ਚੁੰਨੀਆਂ ਰੋਲ਼ੀਆਂ ਗਈਆਂ ਅਤੇ ਵਾਲ ਖਿੱਚੇ ਗਏ। ਮਨੀਸ਼ ਕੁਮਾਰ ਨੇ ਦੱਸਿਆ ਕਿ 23 ਸਤੰਬਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਨੇ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਮੁਕੰਮਲ ਕਰਨ ਲਈ ਹਰੀ ਝੰਡੀ ਦੇ ਦਿੱਤੀ ਸੀ। ਸਰਕਾਰ ਨੇ ਭਰਤੀ ਮੁਕੰਮਲ ਕਰਨ ਦਾ ਕੰਮ ਰੋਕ ਦਿੱਤਾ ਹੈ।ਕਾਲਜ ਵਿੱਚ 600 ਤੋਂ ਵੱਧ ਸਹਾਇਕ ਪ੍ਰੋਫੈਸਰਾਂ ਦੀ ਨਿਯੁਕਤੀ ਹੋ ਚੁੱਕੀ ਹੈ ਪਰ ਬਾਕੀ 411 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀ ਦੇ ਉਮੀਦਵਾਰ ਨਿਯੁਕਤੀ ਦੀ ਉਡੀਕ ਵਿੱਚ ਹਨ। ਇਨ੍ਹਾਂ ਵਿੱਚ 142 ਪੰਜਾਬੀ, 154 ਅੰਗਰੇਜ਼ੀ, 30 ਹਿੰਦੀ, 15 ਭੂਗੋਲ, 3 ਅਸਿਸਟੈਂਟ ਪ੍ਰੋਫੈਸਰ ਆਫ਼ ਐਜੂਕੇਸ਼ਨ ਅਤੇ 67 ਲਾਇਬ੍ਰੇਰੀਅਨ ਸ਼ਾਮਲ ਹਨ ਜਿਨ੍ਹਾਂ ਦੀ ਕਾਲਜ ਵਿੱਚ ਨਿਯੁਕਤੀ ਹੋਣੀ ਬਾਕੀ ਹੈ।411 ਦਾ ਇਹ ਹਿੱਸਾ ਪੂਰੀ ਭਰਤੀ ਦਾ 34 ਪ੍ਰਤੀਸ਼ਤ ਬਣਦਾ ਹੈ।