ਲੁਧਿਆਣਾ, 8 ਜਨਵਰੀ : ਮਾਲਵਾ ਸੱਭਿਆਚਾਰ ਮੰਚ ਵੱਲੋਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਸਮਾਜਿਕ ਰਿਸ਼ਤਿਆਂ ਦੀ ਵਰਤਮਾਨ ਦ਼ਸ਼ਾ ਤੇ ਦਿਸ਼ਾ ਬਾਰੇ ਵਿਚਾਰ ਗੋਸ਼ਟੀ ਦੀ ਪ੍ਰਧਾਨਗੀ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਸ ਪ ਸਿੰਘ ਨੇ ਕਿਹਾ ਹੈ ਕਿ ਸਮਾਜਿਕ ਰਿਸ਼ਤਿਆਂ ਨੂੰ ਸਹੀ ਪਾਸੇ ਮੋੜਨ ਲਈ ਸਮਾਜਿਕ, ਧਾਰਮਿਕ ਤੇ ਸਭਿਆਚਾਰਕ ਸੰਸਥਾਵਾਂ ਨੂੰ ਸਿਰ ਜੋੜ ਕੇ ਸਰਬ ਸਾਂਝੀ ਵਿਉਂਤ ਬੱਧ ਮੁਹਿੰਮ ਦੀ ਲੋੜ ਹੈ ਤਾਂ ਜੋ ਸਮਾਜਿਕ ਮਾਹੌਲ ਵਿੱਚ ਸਾਂਝੇ ਜੀਵਨ ਵਿਹਾਰ ਦਾ ਨਿਜ਼ਾਮ ਉੱਸਰ ਸਕੇ। ਉਨ੍ਹਾਂ ਕਿਹਾ ਕਿ ਮਾਲਵਾ ਸਭਿਆਚਾਰਕ ਮੰਚ ਵੱਲੋਂ ਕ੍ਰਿਸ਼ਨ ਕੁਮਾਰ ਬਾਵਾ ਜੀ ਦੀ ਅਗਵਾਈ ਹੇਠ ਧੀਆਂ ਦੀ ਲੋਹੜੀ ਮਨਾਉਣ ਦਾ ਉਪਰਾਲਾ ਇਸੇ ਦਿਸ਼ਾ ਵਿੱਚ ਤੀਹ ਸਾਲ ਪਹਿਲਾਂ ਪੁੱਟਿਆ ਸਾਰਥਕ ਕਦਮ ਹੈ। ਸੁਆਗਤੀ ਸ਼ਬਦ ਬੋਲਦਿਆਂ ਮਾਲਵਾ ਸੱਭਿਆਚਾਰਕ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਲੇਖਕਾਂ, ਬੁੱਧੀਜੀਵੀਆਂ ਅਤੇ ਕਲਾਕਾਰਾਂ ਦੀ ਆਵਾਜ਼ ਨੂੰ ਸਮਾਜ ਸੁਣਦਾ ਹੋਣ ਕਾਰਨ ਹੀ ਅੱਜ ਦਾ ਸੈਮੀਨਾਰ ਤੇ ਕਵੀ ਦਰਬਾਰ ਕਰਵਾਇਆ ਗਿਆ ਹੈ ਜਿਸ ਵਿੱਚ ਸਮਾਜਿਕ ਰਿਸ਼ਤਿਆਂ ਵਿੱਚ ਆ ਰਹੇ ਨਿਘਾਰ ਦੀ ਪੁਣ ਛਾਣ ਕਰਕੇ ਦਿਸ਼ਾ ਨਿਰਦੇਸ਼ਨ ਦਾ ਰਾਹ ਲੱਭਿਆ ਜਾਵੇਗਾ। ਉਨ੍ਹਾਂ ਪੰਜਾਬੀ ਸਾਹਿੱਤ ਅਕਾਡਮੀ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਇਸ ਲੋਹੜੀ ਮੇਲੇ ਵਿੱਚ ਸੈਮੀਨਾਰ ਤੇ ਕਵੀ ਦਰਬਾਰ ਦਾ ਸਹਿਯੋਗ ਕੀਤਾ ਹੈ। ਉਦਘਾਟਨੀ ਭਾਸ਼ਨ ਦੇਂਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਤੀਹ ਸਾਲ ਪਹਿਲਾਂ ਸਃ ਜਗਦੇਵ ਸਿੰਘ ਜੱਸੋਵਾਲ ਜੀ ਦੀ ਪ੍ਰੇਰਨਾ ਨਾਲ ਮੁੱਲਾਂਪੁਰ ਚ ਆਰੰਭ ਕੀਤਾ ਧੀਆਂ ਦਾ ਲੋਹੜੀ ਮੇਲਾ ਆਰੰਭ ਹੋਣਾ ਇਨਕਲਾਬੀ ਕਦਮ ਸੀ। ਅੱਜ ਇਹ ਮੇਲਾ ਜਵਾਨ ਅਵਸਥਾ ਵਿੱਚ ਪੁੱਜ ਕੇ ਵਿਚਾਰ ਚਰਚਾ ਰਾਹੀਂ ਸਮਾਜਿਕ ਤਬਦੀਲੀ ਦਾ ਮਾਹੌਲ ਉਸਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਦਾਰਥ ਦੀ ਦੌੜ ਨੇ ਰਿਸ਼ਤਾ ਨਾਤਾ ਪ੍ਰਬੰਧ ਵਿੱਚ ਤਰੇੜਾਂ ਹੀ ਨਹੀਂ ਪਾਈਆਂ ਸਗੋਂ ਤਹਿਸ ਨਹਿਸ ਕਰ ਦਿੱਤਾ ਹੈ। ਉੱਘੇ ਲੋਕ ਗਾਇਕ ਪਾਲੀ ਦੇਤਵਾਲੀਆ ਨੇ ਆਪਣੇ ਗੀਤ ਕਦੇ ਧੀਆਂ ਨੂੰ ਵੀ ਕਿਹਾ ਕਰੋ ਜੀਉਣ ਜੋਗੀਆਂ ਗਾ ਕੇ ਸਮਾਗਮ ਦਾ ਆਰੰਭ ਕੀਤਾ। ਲੁਧਿਆਣਾ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਨੇ ਕਿਹਾ ਕਿ ਧਰਮ ਈਮਾਨ ਆਪੋ ਆਪਣੇ ਥਾਂ ਤੋਂ ਥਿੜਕ ਗਿਆ ਹੈ, ਸਿੱਖਿਆ ਤੰਤਰ ਕੁਰਾਹੇ ਪੈ ਗਿਆ ਹੈ, ਅਸੀਂ ਸਰਕਾਰਾਂ ਤੋ ਟੇਕ ਵਧਾ ਲਈ ਹੈ ਪਰ ਆਪਣੀਆਂ ਲੱਤਾਂ ਤੇ ਸਮਾਜ ਭਾਰ ਨਹੀਂ ਪਾ ਰਿਹਾ। ਤੁਰਨ ਲਈ ਸਾਨੂੰ ਆਪਣੇ ਕਦਮ ਹੀ ਵਰਤਣੇ ਪੈਣਗੇ। ਔਰਤ ਹੀ ਐਰਤ ਦੀ ਦੁਸ਼ਮਣ ਇਸ ਕਰਕੇ ਹੈ ਕਿਉਂਕਿ ਮਰਦ ਪ੍ਰਧਾਨਗੀ ਕਾਰਨ ਸਮਾਜਿਕ ਮਾਹੌਲ ਅਸੁਰੱਖਿਅਤਾ ਵਾਲਾ ਬਣ ਗਿਆ ਹੈ। ਇਸ ਅਸਾਵੇਂਪਨ ਨੂੰ ਸਾਂਵਾਂ ਕਰਨ ਲਈ ਸਭ ਨੂੰ ਸਿਰ ਜੋੜਨ ਦੀ ਲੋੜ ਹੈ। ਜਿਵੇਂ ਨੀਮ ਹਕੀਮ ਤੋਂ ਜਾਨ ਨੂੰ ਖ਼ਤਰਾ ਹੈ ਉਵੇਂ ਹੀ ਧਰਮਾਂ ਦੀ ਘੱਟ ਤੇ ਗਲਤ ਜਾਣਕਾਰੀ ਵੀ ਘਾਤਕ ਹੈ। ਪੰਜਾਬੀ ਫ਼ਿਲਮਾਂ ਦੀ ਉੱਘੀ ਕਲਾਕਾਰ ਤੇ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਗਿੱਧਾ ਕਲਾਕਾਰ ਸਰਬਜੀਤ ਕੌਰ ਮਾਂਗਟ ਨੇ ਕਿਹਾ ਕਿ ਔਰਤ ਨੂੰ ਆਪਣੀ ਸੁਤੰਤਰ ਹੋਂਦ ਉਸਾਰਨ ਲਈ ਖ਼ੁਦ ਵੀ ਸਮਰੱਥ ਹੋਣਾ ਪਵੇਗਾ ਅਤੇ ਇਹ ਮਾਹੌਲ ਦੇਣਾ ਮਾਪਿਆਂ ਤੇ ਭੈਣ ਭਰਾਵਾਂ ਦੀ ਜ਼ਿੰਮੇਵਾਰੀ ਹੈ। ਪੰਜਾਬ ਦੇ ਡਿਪਟੀ ਡੀ ਪੀ ਆਈ ਡਾਃ ਅਸ਼ਵਨੀ ਭੱਲਾ ਤੇ ਸਾਬਕਾ ਮੰਤਰੀ ਪੰਜਾਬ ਸਃ ਮਲਕੀਤ ਸਿੰਘ ਦਾਖਾ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਹੋਏ। ਕੌਮੀ ਪੱਧਰ ਦੇ ਇਸ ਸੈਮੀਨਾਰ ਦਾ ਸੰਚਾਲਨ ਉੱਘੇ ਲੇਖਕ ਡਾਃ ਨਿਰਮਲ ਸਿੰਘ ਜੌੜਾ ਪੀ ਏ ਯੂ ਲੁਧਿਆਣਾ ਨੇ ਕੀਤਾ। ਕਵੀ ਦਰਬਾਰ ਵਿੱਚ ਡਾਃ ਗੁਰਇਕਬਾਲ ਸਿੰਘ,ਸੀ ਮਾਰਕੰਡਾ, ਪਾਲੀ ਦੇਤਵਾਲੀਆ, ਸਹਿਜਪ੍ਰੀਤ ਸਿੰਘ ਮਾਂਗਟ, ਜਸਬੀਰ ਢਿੱਲੋਂ ਦਾਵਰ (ਗੁਜਰਾਤ) ,ਪ੍ਰਭਜੋਤ ਸੋਹੀ,ਮਨਜਿੰਦਰ ਧਨੋਆ,ਰਾਜਦੀਪ ਤੂਰ,ਦਵਿੰਦਰ ਕੌਰ (ਕਲਕੱਤਾ)ਗੁਰਦਿਆਲ ਸ਼ੌਂਕੀ, ਤੇਜਿੰਦਰ ਮਾਰਕੰਡਾ,ਹਰਬੰਸ ਮਾਲਵਾ,ਹਰਸਿਮਰਤ ਕੌਰ,ਅਮਰਜੀਤ ਸ਼ੇਰਪੁਰੀ, ਜਸਪ੍ਰੀਤ ਕੌਰ ਫਲਕ, ਪਰਮਜੀਤ ਕੌਰ ਮਹਿਕ, ਮੇਘ ਸਿੰਘ ਰਕਬਾ ਕੋਲਕਾਤਾ, ਜਗਜੀਵਨ ਸਿੰਘ ਗਰੀਬ ਸ਼ਾਮਿਲ ਹੋਏ। ਸਮਾਗਮ ਵਿੱਚ ਸਃ ਜਸਬੀਰ ਸਿੰਘ ਰਾਣਾ ਝਾਂਡੇ, ਜਸਵੰਤ ਸਿੰਘ ਛਾਪਾ,ਬਾਦਲ ਸਿੰਘ ਸਿੱਧੂ, ਗੁਰਮੀਤ ਕੌਰ, ਦੇਵਿੰਦਰ ਬਸੰਤ, ਰਿੰਪੀ ਜੌਹਰ, ਤਰਨਜੀਤ ਕੌਰ, ਸ਼ਿਵਾਲੀ, ਅਰਜੁਨ ਬਾਵਾ, ਡਾਃ ਗੁਲਜ਼ਾਰ ਸਿੰਘ ਪੰਧੇਰ, ਰਾਜਿੰਦਰ ਸਿੰਘ ਸੰਧੂ ਸ਼ਾਮਿਲ ਸਨ।