ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਆਈਐਫਐਲ ਫਾਇਨਾਂਸ ਗੋਲਡ ਲੋਨ ਬਰਾਂਚ ਤਪਾ ਦਾ ਦੂਸਰੇ ਦਿਨ ਵੀ ਘਿਰਾਓ ਜਾਰੀ ਰਿਹਾ ਅਤੇ ਬੈਂਕ ਦਾ ਕੰਮਕਾਜਪੂਰੀ ਤਰਾਂ ਠੱਪ ਰਿਹਾ  

ਤਪਾ-15 ਮਾਰਚ (ਭੁਪਿੰਦਰ ਸਿੰਘ ਧਨੇਰ) : ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਿਨੋ ਦਿਨ ਬਾਅਦ ਦੀਆਂ ਜਾਂ ਰਹੀਆਂ ਹਨ, ਜਿਸ ਤਹਿਤ ਬੈਂਕ ਅਧਿਕਾਰੀਆਂ ਵੱਲੋਂ ਕਿਸਾਨਾਂ ਮਜ਼ਦੂਰਾਂ ਨੂੰ ਤੰਗ ਪਰੇਸ਼ਾਨ ਕਰਨ ਦੀਆਂ ਘਟਨਾਵਾਂ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ ਇਸ ਮਾਮਲੇ ਸਬੰਧੀ ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਆਗੂ ਲਖਵੀਰ ਸਿੰਘ ਅਕਲੀਆ ਨੇ ਦੱਸਿਆ ਕਿ ਪਿੰਡ ਅਕਲੀਆ ਦੇ ਇੱਕ ਗਰੀਬ ਕਿਸਾਨ ਪਰਿਵਾਰ ਹਰਪ੍ਰੀਤ ਕੌਰ ਪਤਨੀ ਹਰਦੇਵ ਸਿੰਘ,  ਜਿਸ ਨੇ 01 ਮਾਰਚ 2024 ਨੂੰ IIFL gold loan Bank, ਤਪਾ ਕੋਲ 6 ਤੋਲ਼ੇ ਸੋਨਾ ਰੱਖ ਕੇ ਦੋ ਲੱਖ ਰੁਪਏ ਲਏ ਸਨ ਅਤੇ ਬੈਂਕ ਵੱਲੋਂ ਜਿਸਦੀ ਵਸੂਲੀ ਲਈ ਰਕਮ ਨਿਰਧਾਰਤ ਕੀਤੀ ਗਈ ਸੀ । ਘਰ ਵਿੱਚ ਕਮਜ਼ੋਰੀ ਕਾਰਨ ਪੈਸੇ ਭਰਨ ਵਿੱਚ ਕਿਸਾਨ ਨੂੰ ਥੋੜੀ ਦੇਰੀ ਹੋ ਗਈ । ਜਿਸਦਾ ਫਾਇਦਾ ਉਠਾਉਂਦਿਆਂ ਬੈਂਕ ਵੱਲੋਂ ਭਾਰੀ ਵਿਆਜ ਦਰ ਸਮੇਤ ਪੈਨਲਟੀਆਂ ਲਗਾ ਕੇ ਰਕਮ ਵਿੱਚ ਅਥਾਹ ਵਾਧਾ ਕੀਤਾ ਗਿਆ । ਹੁਣ ਪਰਿਵਾਰ ਜਾਇਜ਼ ਪੈਸੇ ਭਰ ਕੇ ਆਪਣਾ ਸੋਨਾ ਵਾਪਸ ਲੈਣ ਚਾਹੁੰਦਾ ਹੈ ਪਰ ਬੈਂਕ ਵੱਲੋਂ ਕਿਸਾਨ ਨੂੰ ਬੇਲੋੜਾ ਵਿਆਜ਼, ਭਾਰੀ ਜੁਰਮਾਨੇ ਲਾ ਕੇ ਰਕਮ ਨੂੰ ਦੁੱਗਣੀ- ਚੌਗੁਣੀ ਬਣਾਉਣ ਕਾਰਨ ਰਕਮ ਮੋੜਣਾ ਪਰਿਵਾਰ ਦੇ ਵੱਸ ਤੋਂ ਬਾਹਰ ਹੋ ਚੁੱਕਾ ਹੈ । ਜਿਸਦਾ ਫਾਇਦਾ ਚੁੱਕਦਿਆਂ ਬੈਂਕ ਵੱਲੋਂ ਪੀੜਤ ਪਰਿਵਾਰ ਨੂੰ ਸੋਨਾ ਜ਼ਬਤ ਕਰਕੇ ਨਿਲਾਮੀ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਦੋਂ ਪੀੜਤ ਪਰਿਵਾਰ ਨੇ ਮਾਮਲੇ ਨੂੰ ਜਥੇਬੰਦੀ  ਦੇ ਧਿਆਨ ਵਿੱਚ ਲਿਆਂਦਾ ਤਾਂ ਜਥੇਬੰਦੀ ਦੇ ਕੁੱਝ ਆਗੂ ਬੈਂਕ ਮੈਨੇਜਰ ਕੋਲ ਆਏ ਪਰ ਬੈਂਕ ਮੈਨੇਜਰ ਨੇ ਅੜੀਅਲ ਵਤੀਰਾ ਵਰਤਦਿਆਂ ਬੈਂਕ ਅਨੁਸਾਰ ਬਣਾਈ ਗਈ ਰਕਮ ਪੂਰੀ ਰਕਮ ਨਾ ਭਰਨ ਦੀ ਸੂਰਤ ਵਿੱਚ ਸੋਨਾ ਵਾਪਸ ਨਾ ਕਰਨ ਦੀ ਧਮਕੀ ਦਿੱਤੀ । ਬਲਾਕ ਪ੍ਰੈਸ ਸਕੱਤਰ ਅਮਨਦੀਪ ਸਿੰਘ ਸਹਿਣਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਆਈ ਆਈ ਐਫ਼ ਐਲ ਗੋਲਡ ਲੋਨ ਬੈਂਕ, ਤਪਾ ਖ਼ਿਲਾਫ਼ ਕਿਸਾਨ ਪਰਿਵਾਰ ਦਾ ਸੋਨਾ ਹੜੱਪਣ ਲਈ ਬੇਲੋੜਾ ਵਿਆਜ ਲਗਾ ਕੇ ਗਰੀਬ ਪਰਿਵਾਰ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਜਥੇਬੰਦੀ ਕਦਾਚਿੱਤ ਵੀ ਬਰਦਾਸ਼ਤ ਨਹੀਂ ਕਰੇਗੀ ਕਿਉਂਕਿ ਇਹ ਕਾਰਪੋਰੇਟ ਘਰਾਣਿਆਂ ਵੱਲੋਂ ਬੁਣਿਆ ਮੱਕੜ ਜਾਲ਼ ਹੈ । ਉਨ੍ਹਾਂ ਕਿਹਾ ਕਿ ਬੈਂਕ ਅਧਿਕਾਰੀ ਲੋਨ ਦੇਣ ਵੇਲੇ ਆਮ ਲੋਕਾਂ ਨੂੰ ਆਪਣੇ ਜਾਲ਼ ਵਿੱਚ ਫਸਾਉਣ ਲਈ ਸਹੀ ਜਾਣਕਾਰੀ ਨਹੀਂ ਦਿੰਦੇ ਸਗੋਂ ਆਮ ਬੰਦੇ ਨੂੰ ਆਪਣੀਆਂ ਲਿੱਪੀਆਂ ਪੋਚੀਆਂ ਗੱਲਾਂ ਦੱਸ ਕੇ ਆਪਣੇ ਜਾਲ਼ ਵਿੱਚ ਫਸਾ ਕੇ ਉਨ੍ਹਾਂ ਦੇ ਦਸਤਖ਼ਤ, ਅੰਗੂਠੇ ਲਗਵਾ ਲੈਂਦੇ ਹਨ । ਆਮ ਲੋਕਾਈ ਜਾਣਕਾਰੀ ਘੱਟ ਹੋਣ ਕਰਕੇ ਇਨ੍ਹਾਂ ਠੱਗ ਬੈਂਕਾਂ ਦੇ ਝਾਂਸੇ ਵਿੱਚ ਆ ਕੇ ਆਪਣੇ ਗਹਿਣੇ (ਸੋਨਾ) ਇਨ੍ਹਾਂ ਠੱਗ ਬੈਂਕਾਂ ਵਿੱਚ ਧਰ ਕੇ ਕੁੱਝ ਰਾਸ਼ੀ ਲੈ ਲੈਂਦੇ ਹਨ ਮਗਰੋਂ ਇਹ ਸੋਨਾ ਦੱਬਣ ਦੀ ਮਾੜੀ ਨੀਅਤ ਨਾਲ ਉਨ੍ਹਾਂ ਨੂੰ ਬੇਲੋੜਾ ਵਿਆਜ , ਭਾਰੀ ਜੁਰਮਾਨੇ ਲਾ ਕੇ ਸੋਨਾ ਵਾਪਿਸ ਲੈਣਾ, ਉਨ੍ਹਾਂ ਦੀ ਪਹੁੰਚ ਤੋਂ ਬਾਹਰ ਕਰ ਦਿੰਦੇ ਹਨ ਤਾਂ ਕਿ ਆਮ ਪਰਿਵਾਰ ਤੋਂ ਪੈਸੇ ਵਾਪਸ ਨਾਂ ਹੋਣ ਤਾਂ ਅਸੀਂ ਸੋਨਾ ਦੱਬਣ ‘ਚ ਕਾਮਯਾਬੀ ਹਾਸਿਲ ਕਰ ਸਕੀਏ। ਅੱਜ ਦੇ ਧਰਨਾ ਪ੍ਰਦਰਸ਼ਨ ਮੌਕੇ ਪੱਪੂ ਸਿੰਘ, ਪਰਗਟ ਸਿੰਘ ਜੰਗੀਆਣਾ, ਤਾਰਾ ਸਿੰਘ ਤਾਜੋਕੇ, ਧੀਰਜ ਸਿੰਘ ਭਦੌੜ, ਮੁਕੰਦ ਸਿੰਘ, ਜੀਤ ਸਿੰਘ ਅਕਲੀਆ, ਲੀਲਾ ਸਿੰਘ, ਦਰਸ਼ਨ ਸਿੰਘ ਰੜ੍ਹ ਆਦਿ ਹਾਜਰ ਰਹੇ।