
ਬਰਨਾਲਾ, 15 ਮਾਰਚ 2025 : ਪਿੰਡ ਪੱਖੋ ਕਲਾਂ ਵਿੱਚ ਸਵੇਰੇ ਤਕਰੀਬਨ 3 ਵਜੇ ਵੱਡਾ ਧਮਾਕਾ ਹੋਣ ਨਾਲ ਸਨਸਨੀ ਫੈਲ ਗਈ। ਇਸ ਧਮਾਕੇ ਕਾਰਨ ਘਰ ਦੀਆਂ ਤਿੰਨ ਛੱਤਾਂ ਢਹਿ ਗਈਆਂ, ਜਦਕਿ ਘਰ ਦਾ ਮਾਲਕ ਹਰਮੇਲ ਸਿੰਘ ਅੱਗ ਵਿੱਚ ਝੁਲਸਣ ਕਰਕੇ ਹਸਪਤਾਲ ਵਿੱਚ ਦਾਖਲ ਹੋ ਗਿਆ, ਜਦਕਿ ਉਸ ਦੀ ਪਤਨੀ ਜਸਪਾਲ ਕੌਰ ਵੀ ਜ਼ਖਮੀ ਹੋ ਗਈ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਭੈਅ ਦਾ ਮਾਹੌਲ ਬਣਿਆ ਹੋਇਆ ਹੈ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਘਰ ਹੋਇਆ ਖ਼ਤਮ ਧਮਾਕਾ ਇੰਨਾ ਤਗੜਾ ਸੀ ਕਿ ਘਰ ਦੀਆਂ ਤਿੰਨ ਛੱਤਾਂ ਅਤੇ ਕੰਧਾਂ ਢਹਿ ਗਈਆਂ। ਧਮਾਕੇ ਸਮੇਂ ਘਰ ਵਿੱਚ ਮਾਲਕ ਹਰਮੇਲ ਸਿੰਘ, ਉਸ ਦੀ ਪਤਨੀ ਅਤੇ ਪੁੱਤਰ ਮੌਜੂਦ ਸਨ। ਧਮਾਕੇ ਕਾਰਨ ਅੰਦਰ ਅੱਗ ਲੱਗ ਗਈ, ਜਿਸ ਨੂੰ ਬੁਝਾਉਣ ਦੀ ਕੋਸ਼ਿਸ਼ ਦੌਰਾਨ ਹਰਮੇਲ ਸਿੰਘ ਝੁਲਸ ਗਿਆ। ਇਸ ਨੁਕਸਾਨ ਦਾ ਅਨੁਮਾਨ ਲਗਭਗ 8 ਲੱਖ ਰੁਪਏ ਦੱਸਿਆ ਜਾ ਰਿਹਾ ਹੈ। ਅਜੇ ਤਕ ਧਮਾਕੇ ਦੇ ਅਸਲ ਕਾਰਨਾਂ ਦੀ ਪੁਸ਼ਟੀ ਨਹੀਂ ਹੋਈ। ਸ਼ੱਕ ਇਹ ਹੈ ਕਿ ਇਹ ਬਿਜਲੀ ਇਨਵੈਟਰ, ਗੈਸ ਲੀਕ ਜਾਂ ਕਿਸੇ ਹੋਰ ਤਕਨੀਕੀ ਕਾਰਨ ਕਰਕੇ ਹੋ ਸਕਦਾ ਹੈ। ਕੁਝ ਲੋਕ ਅਸਮਾਨੀ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਜਤਾ ਰਹੇ ਹਨ। ਪੁਲਿਸ ਵਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਦਾ ਆਰਥਿਕ ਹਾਲਤ ਬਹੁਤ ਹੀ ਨਾਜ਼ੁਕ ਬਣੀ ਹੋਈ ਹੈ। ਹਰਮੇਲ ਸਿੰਘ ਜੋ ਕਿ ਇੱਕ ਇਲੈਕਟ੍ਰੀਸ਼ੀਅਨ ਹੈ, ਇਲਾਜ ਹੇਠ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ, ਤਾਂ ਜੋ ਪੀੜਿਤ ਪਰਿਵਾਰ ਆਪਣੀ ਜ਼ਿੰਦਗੀ ਦੁਬਾਰਾ ਪਟੜੀ 'ਤੇ ਲਿਆ ਸਕੇ। ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਰੂੜੇਕੇ ਕਲਾਂ ਦੇ ਐਸ.ਐਚ.ਓ. ਗੁਰਮੇਲ ਸਿੰਘ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਤੇ ਅਧਾਰਿਤ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਅਚਾਨਕ ਵਾਪਰੀ ਘਟਨਾ ਕਾਰਨ ਪਿੰਡ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਮੌਕੇ 'ਤੇ ਪਰਿਵਾਰਕ ਮੈਂਬਰਾਂ ਨਾਲ ਜਸਪਾਲ ਕੌਰ, ਭੋਲਾ ਸਿੰਘ, ਸੁਖਦੇਵ ਸਿੰਘ, ਜਗਜੀਤ ਸਿੰਘ ਸਮੇਤ ਕਿਸਾਨ ਜਥੇਬੰਦੀ ਦੇ ਆਗੂ ਅਤੇ ਹੋਰ ਪਿੰਡ ਵਾਸੀ ਮੌਜੂਦ ਰਹੇ।