ਸਰਕਾਰੀ ਪ੍ਰਾਇਮਰੀ ਸਕੂਲ ਮਨੈਲਾ ਵਿਖੇ ਛੇਤੀ ਹੀ ਬਣਾਇਆ ਜਾਵੇਗਾ ਸਕੂਲ ਆਫ ਹੈਪੀਨੈੱਸ: ਡਿਪਟੀ ਕਮਿਸ਼ਨਰ

  • ਸਕੂਲ ਆਫ ਐਮੀਨੈਂਸ ਵਿਦਿਆਰਥੀਆਂ ਦਾ ਉਜਵਲ ਕੈਰੀਅਰ ਬਣਾਉਣ ਵਿੱਚ ਹੋਣਗੇ ਸਹਾਈ
  • ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਪਿੰਡ ਮਨੈਲਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਾ ਕੀਤਾ ਦੌਰਾ

ਖਮਾਣੋਂ, 23 ਜੁਲਾਈ 2024 : ਪੰਜਾਬ ਸਰਕਾਰ ਨੇ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਜੋ ਇਤਿਹਾਸਕ ਫੈਸਲੇ ਕੀਤੇ ਹਨ ਉਨ੍ਹਾਂ ਨਾਲ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਕਾਫੀ ਲਾਭ ਪਹੁੰਚੇਗਾ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਵਿੱਚ ਸਕੂਲ ਆਫ ਐਮੀਨੈਂਸ ਕਾਫੀ ਸਹਾਈ ਸਿੱਧ ਹੋਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਪਿੰਡ ਮਨੈਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਦੌਰਾ ਕਰਨ ਮੌਕੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਢੰਗ ਤਰੀਕਿਆਂ ਨਾਲ ਪੜ੍ਹਾਈ ਕਰਵਾਈ ਜਾ ਰਹੀ ਹੈ ਜਿਸ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਪਣੇ ਜੀਵਨ ਵਿੱਚ ਹੋਰ ਵਧੇਰੇ ਤਰੱਕੀ ਕਰਕੇ ਵੱਡੀਆਂ ਅਸਾਮੀਆਂ ਤੇ ਪਹੁੰਚਣਗੇ। ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵੀ ਕਰਵਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਸ਼੍ਰੀਮਤੀ ਸ਼ੇਰਗਿੱਲ ਅੱਜ ਸਿੱਖਿਆ ਵਿਭਾਗ ਵੱਲੋਂ ਮਨਾਏ ਜਾ ਰਹੇ ਸਿੱਖਿਆ ਸਪਤਾਹ, ਮਿਸ਼ਨ ਸਮਰੱਥ ਅਤੇ ਹੋਰ ਗਤੀਵਿਧੀਆਂ ਦਾ ਜਾਇਜ਼ਾ ਲੈਣ ਲਈ ਸਰਕਾਰੀ ਪ੍ਰਾਇਮਰੀ ਸਕੂਲ ਮਨੈਲਾ ਵਿਖੇ ਪਹੁੰਚੇ ਸਨ ਜਿਥੇ ਉਨ੍ਹਾਂ ਸਕੂਲ ਨੂੰ ਸਕੂਲ ਆਫ ਹੈਪੀਨੈੱਸ ਬਣਾਉਣ ਲਈ ਸਕੂਲ ਸਟਾਫ ਅਤੇ ਸਕੂਲ ਮੈਨੇਜਮੈਂਟ ਕਮੇਟੀ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਸਕੂਲ ਦੇ ਐਜੂਕੇਸ਼ਨਲ ਪਾਰਕ , ਮਿਡ ਡੇਅ ਮੀਲ , ਲਾਇਬਰੇਰੀ ਅਤੇ ਵੱਖ ਵੱਖ ਕਲਾਸਾਂ ਵਿੱਚ ਜਾ ਕੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਬੱਚਿਆਂ ਦੀਆਂ ਕਾਪੀਆਂ ਦੇਖੀਆ ਗਈਆਂ ਬੱਚਿਆਂ ਦੀ ਸ਼ਲਾਘਾ ਵੀ ਕੀਤੀ । ਉਨ੍ਹਾਂ ਸਕੂਲ ਦੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਕਰਵਾਈ ਜਾ ਰਹੀ ਮਿਹਨਤ ਦੀ ਵੀ ਭਰਪੂਰ ਸ਼ਲਾਘਾ ਕੀਤੀ । ਸ਼੍ਰੀਮਤੀ ਸ਼ੇਰਗਿੱਲ ਨੇ ਕੌਮੀ ਪੁਰਸਕਾਰ ਵਿਜੇਤਾ ਅਧਿਆਪਕ ਜਗਤਾਰ ਮਨੈਲਾ ਦੇ ਨਾਲ ਮਨੈਲਾ ਸਕੂਲ ਵਿਖੇ ਸਕੂਲ ਆਫ ਹੈਪੀਨੈਸ ਦੀ ਨਵੀਂ ਬਣਨ ਵਾਲੀ ਇਮਾਰਤ ਦੇ ਨਕਸ਼ੇ ਬਾਰੇ ਵੀ ਗੱਲਬਾਤ ਕੀਤੀ ਗਈ ਅਤੇ ਦੱਸਿਆ ਕਿ ਸਕੂਲ ਵਿੱਚ ਛੇਤੀ ਹੀ ਨਵੀ. ਇਮਾਰਤ ਦਾ ਕੰਮ ਸ਼ੁਰੂ ਹੋ ਰਿਹਾ ਹੈ। ਇਸ ਮੌਕੇ ਉਨ੍ਹਾਂ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆ ਨੂੰ ਸਮੇਂ ਦਾ ਹਾਣੀ ਬਣਾਉਣ ਵਾਸਤੇ ਪੂਰੀ ਲਗਨ ਤੇ ਇਮਾਨਦਾਰੀ ਨਾਲ ਆਪਣੇ ਫਰਜ਼ਾਂ ਦੀ ਪੂਰਤੀ ਕੀਤੀ ਜਾਵੇ ਤਾਂ ਜੋ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਜਿੰਦਗੀ ਦੇ ਹਰੇਕ ਖੇਤਰ ਵਿੱਚ ਜੇਤੂ ਰਹਿ ਸਕਣ। ਇਸ ਮੌਕੇ ਸਕੂਲ ਇੰਚਾਰਜ ਸ਼੍ਰੀਮਤੀ ਭੁਪਿੰਦਰ ਕੌਰ ਨੇ ਸਮੂਹ ਸਟਾਫ ਵੱਲੋਂ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਈਸ਼ਾ ਸਿੰਗਲ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਐਸ.ਡੀ.ਐਮ ਖਮਾਣੋ ਸ੍ਰੀ ਮਤੀ ਮਨਰੀਤ ਰਾਣਾ , ਬੀ.ਡੀ.ਪੀ.ਓ. ਪਰਮਵੀਰ ਕੌਰ ਬਰਾੜ, ਨਾਇਬ ਤਹਿਸੀਲਦਾਰ ਸ੍ਰੀ ਗੁਰਦੀਪ ਸਿੰਘ, ਨੰਬਰਦਾਰ ਗੁਰਦੇਵ ਸਿੰਘ , ਪੰਚਾਇਤ ਸੈਕਟਰੀ ਮਨਜੀਤ ਸਿੰਘ ਤੋ ਇਲਾਵਾ ਪੰਤਵੰਤੇ ਸੱਜਣ ਹਾਜ਼ਰ ਸਨ ।