ਅਰਨੀ ਵਾਲਾ ਵਿੱਚ ਸਕੂਲ ਆਫ ਐਮੀਨੈਂਸ ਲੋਕ ਸਮਰਪਿਤ, ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕੀਤਾ ਉਦਘਾਟਨ 

ਫਾਜ਼ਿਲਕਾ 3 ਮਾਰਚ : ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ ਖੇਤਰ ਵਿੱਚ ਕੀਤੇ ਜਾ ਰਹੇ ਕ੍ਰਾਂਤੀਕਾਰੀ ਬਦਲਾਵਾਂ ਦੀ ਲੜੀ ਵਿੱਚ ਅੱਜ ਮੰਡੀ ਅਰਨੀਵਾਲਾ ਵਿਖੇ ਸਕੂਲ ਆਫ ਐਮੀਨਸ ਨੂੰ ਲੋਕ ਸਮਰਪਿਤ ਕੀਤਾ ਗਿਆ। ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਇਸ ਦਾ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਸੂਬਾ ਸਰਕਾਰ ਵੱਲੋਂ ਸਿੱਖਿਆ ਸੁਧਾਰਾਂ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਦੇ ਦਿਨ ਹੀ ਪੰਜਾਬ ਵਿੱਚ 13 ਨਵੇਂ ਸਕੂਲ ਆਫ ਐਮੀਨਸ ਲੋਕ ਸਮਰਪਿਤ ਕੀਤੇ ਗਏ ਹਨ। ਉਨਾਂ ਦੱਸਿਆ ਕਿ ਜਲਾਲਾਬਾਦ ਹਲਕੇ ਵਿੱਚ ਜਲਾਲਾਬਾਦ ਅਤੇ ਅਰਨੀਵਾਲਾ ਵਿਖੇ ਦੋ ਸਕੂਲ ਆਫ ਐਮੀਨੈਂਸ ਬਣਾਏ ਗਏ ਹਨ । ਉਹਨਾਂ ਆਖਿਆ ਕਿ ਇਹਨਾਂ ਸਕੂਲਾਂ ਰਾਹੀਂ ਬੱਚਿਆਂ ਨੂੰ ਵਿਸ਼ਵ ਪੱਧਰ ਦੀ ਮਿਆਰੀ ਸਿੱਖਿਆ ਮਿਲੇਗੀ ਅਤੇ ਸਾਡੇ ਵਿਦਿਆਰਥੀ ਚੰਗੀ ਅਤੇ ਮਿਆਰੀ ਸਿੱਖਿਆ ਪ੍ਰਾਪਤ ਕਰਕੇ ਦੇਸ਼ ਦੁਨੀਆ ਵਿੱਚ ਪੰਜਾਬ ਦਾ ਨਾਂ ਰੌਸ਼ਨ ਕਰਨਗੇ। ਉਹਨਾਂ ਕਿਹਾ ਕਿ ਸਿੱਖਿਆ ਵਿਅਕਤੀ ਦੇ ਜੀਵਨ ਦਾ ਮੁੱਢ ਹੁੰਦੀ ਹੈ ਅਤੇ ਚੰਗੀ ਸਿੱਖਿਆ ਗ੍ਰਹਿਣ ਕਰਕੇ ਹੀ ਸਾਡੇ ਬੱਚੇ ਭਵਿੱਖ ਦੇ ਚੰਗੇ ਨਾਗਰਿਕ ਬਣਨਗੇ। ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ  ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਈ ਸਿੱਖਿਆ ਅਤੇ ਸਿਹਤ ਦੋ ਤਰਜੀਹਾਂ ਹਨ ਅਤੇ ਇਸੇ ਲੜੀ ਤਹਿਤ ਸੂਬਾ ਸਰਕਾਰ ਲਗਾਤਾਰ ਇਹਨਾਂ ਖੇਤਰਾਂ ਵਿੱਚ ਵੱਡੇ ਸੁਧਾਰ ਕਰ ਰਹੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਰਨਲ ਸ੍ਰੀ ਰਵਿੰਦਰ ਸਿੰਘ ਅਰੋੜਾ, ਸਿੱਖਿਆ ਵਿਭਾਗ ਦੇ ਅਧਿਕਾਰੀ, ਸਕੂਲ ਦਾ ਸਟਾਫ ਅਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ।