ਮਜ਼ਦੂਰਾਂ ਦੇ ਘਰੇਲੂ ਬਿਜਲੀ ਕੁਨੈਕਸ਼ਨ ਕੱਟਣ ਦਾ ਵਿਰੋਧ.

  • ਪਿੰਡਾਂ 'ਚ ਪਾਵਰਕੌਮ ਅਤੇ ਐਸਡੀਓ ਹੰਬੜਾਂ ਦੇ ਪੁਤਲੇ ਸਾੜਨ ਦੀ ਮੁਹਿੰਮ 

ਮੁੱਲਾਂਪੁਰ ਦਾਖਾ 11 ਫਰਵਰੀ (ਸਤਵਿੰਦਰ ਸਿੰਘ ਗਿੱਲ) : ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ 16 ਫਰਵਰੀ ਦੇ ਭਾਰਤ ਬੰਦ ਦੀ ਤਿਆਰੀ ਲਈ ਪਿੰਡ ਪਿੰਡ ਮੀਟਿੰਗਾਂ ਕਰਕੇ ਪੇਂਡੂ ਤੇ ਖੇਤ ਮਜ਼ਦੂਰਾਂ ਨੂੰ ਭਾਰਤ ਬੰਦ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਅੱਜ ਪਿੰਡ ਸਿੱਧਵਾਂ ਕਲਾਂ ਵਿਖੇ ਮਜ਼ਦੂਰਾਂ ਦੀ ਭਰਵੀਂ ਮੀਟਿੰਗ ਕੀਤੀ ਜਿਸ ਵਿੱਚ ਮਜ਼ਦੂਰ ਔਰਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ, ਮਜ਼ਦੂਰ ਆਗੂਆਂ ਨੇ ਭਾਰਤ ਬੰਦ ਦੇ ਸੱਦੇ ਬਾਰੇ ਗੱਲਬਾਤ ਕਰਦਿਆਂ, ਭਗਵੰਤ ਮਾਨ ਹਕੂਮਤ ਅਤੇ ਪਾਵਰਕੌਮ ਵੱਲੋਂ ਮਜ਼ਦੂਰ ਪਰਿਵਾਰਾਂ ਨੂੰ ਜਨਰਲ ਵਿੱਚ ਪਾ ਕੇ ਭੇਜੇ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲਾਂ ਦੀ ਨਿੰਦਾ ਕਰਦਿਆਂ ਮੰਗ ਕੀਤੀ ਗਈ ਕਿ ਇਨ੍ਹਾਂ ਬਿਜਲੀ ਬਿੱਲਾਂ ਤੇ ਤਰੁੰਤ ਲੀਕ ਮਾਰੀ ਜਾਵੇ । ਬਿਜਲੀ ਬਿੱਲਾਂ ਦੀ ਜ਼ਬਰੀ ਵਸੂਲੀ ਅਤੇ ਘਰੇਲੂ ਬਿਜਲੀ ਕੁਨੈਕਸ਼ਨ ਕੱਟਣੇ ਤਰੁੰਤ ਬੰਦ ਕੀਤੇ ਜਾਣ। ਇਸ ਮੌਕੇ ਗਰੀਬ ਦਲਿਤ ਪਰਿਵਾਰਾਂ ਤੋਂ ਜ਼ਬਰੀ ਬਿੱਲ ਵਸੂਲੀ ਲਈ ਘਰੇਲੂ ਬਿਜਲੀ ਕੁਨੈਕਸ਼ਨ ਕੱਟਣ ਵਾਲੇ ਐਸਡੀਓ ਹੰਬੜਾਂ ਅਤੇ ਪਾਵਰਕੌਮ ਪੰਜਾਬ ਦੀ ਅਰਥੀ ਫੂਕ ਕੇ ਪੰਜਾਬ ਸਰਕਾਰ ਅਤੇ ਪਾਵਰਕੌਮ ਵਿਰੁੱਧ ਰੋਸ਼ ਤੇ ਰੋਹ ਦਾ ਪ੍ਰਗਟਾਵਾ ਕੀਤਾ ਗਿਆ‌। ਮੀਟਿੰਗ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ  ਨੇ ਕਿਹਾ ਕਿ 16 ਫਰਵਰੀ ਦਾ ਭਾਰਤ ਬੰਦ ਮੋਦੀ ਹਕੂਮਤ ਵੱਲੋਂ ਫਿਰਕੂ ਫਾਸ਼ੀ ਅਤੇ ਤਾਨਾਸ਼ਾਹੀ ਨੀਤੀਆਂ ਨਾਲ ਦੇਸ਼ ਉਪਰ ਵਿੱਢੇ ਗਏ ਚਹੁੰ ਤਰਫੀ ਉਜਾੜੇ ਵਿਰੁੱਧ ਲੋਕਾਂ ਦੇ ਰੋਹ ਦਾ ਪ੍ਰਗਟਾਵਾ ਕਰੇਗਾ। ਕਿਉਂਕਿ ਭਾਜਪਾ ਹਕੂਮਤ ਵੱਲੋਂ ਧਰਮ ਦੀ ਆੜ ਹੇਠ ਫਿਰਕਾਪ੍ਰਸਤੀ ਨੂੰ ਉਭਾਰ ਕੇ ਦੇਸ਼ ਦੇ ਲੋਕਾਂ ਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਆਪ-ਹਕੂਮਤ ਨੇ ਮਜ਼ਦੂਰਾਂ ਦੇ ਨਾਲ ਨਾਲ ਸਮਾਜ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ, ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਨੇ ਚਾਰ ਲੇਬਰ ਕੋਡ ਲਿਆ ਕੇ ਮਜ਼ਦੂਰ ਵਰਗ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝਾ ਕਰ ਦਿੱਤਾ ਇਸੇ ਤਰ੍ਹਾਂ ਪੰਜਾਬ ਦੀ ਭਗਵੰਤ ਹਕੂਮਤ ਨੇ ਇਸ ਦਾ ਵਿਰੋਧ ਕਰਨ ਦੀ ਬਜਾਏ ਇਸ ਨੂੰ ਲਾਗੂ ਕਰਨ ਲਈ ਪਹਿਲਕਦਮੀ ਕਰਦਿਆਂ ਸਭ ਸੂਬਿਆਂ ਤੋਂ ਪਹਿਲਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਮੌਕੇ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਅਤੇ ਕੁਲਵੰਤ ਸਿੰਘ ਸੋਨੀ ਨੇ ਕਿਹਾ ਕਿ ਕਿ ਭਾਰਤ ਬੰਦ ਦੌਰਾਨ  ਜੱਥੇਬੰਦੀ ਮਜ਼ਦੂਰ ਮੰਗਾਂ ਮਸਲਿਆਂ ਤੇ ਸੰਘਰਸ਼ ਤੇਜ਼ ਕਰਦਿਆਂ, ਕਿਰਤ ਕਾਨੂੰਨਾਂ ਵਿੱਚ ਕੀਤੀਆਂ ਮਜ਼ਦੂਰ  ਵਿਰੋਧੀ ਸੋਧਾਂ ਵਾਪਿਸ ਲੈਣ, ਲੈਂਡ ਸੀਲਿੰਗ ਐਕਟ ਤਹਿਤ ਵਾਧੂ ਜ਼ਮੀਨ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਵਿੱਚ ਵੰਡਣ, ਰਾਖਵੀਂ ਪੰਚਾਇਤੀ ਜ਼ਮੀਨ ਦਾ ਪ੍ਰਬੰਧ ਗਰੀਬ ਦਲਿਤ ਸਮਾਜ ਨੂੰ ਪੱਕੇ ਤੌਰ ਤੇ ਦੇਣ, ਹਰ ਲੋੜਬੰਦ ਮਜ਼ਦੂਰ ਪਰਿਵਾਰ ਨੂੰ 10 ਮਰਲੇ ਦਾ ਪਲਾਟ ਦੇਣ,ਚਿੱਪ ਵਾਲੇ ਬਿਜਲੀ ਮੀਟਰ ਨਾ ਲਾਉਣ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਅਤੇ ਜਰਨਲ ਵਿੱਚ ਪਾ ਕੇ ਭੇਜੇ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਰੱਦ ਕਰਨ , ਜਨਤਕ ਵੰਡ ਪ੍ਰਣਾਲੀ ਨੂੰ ਠੀਕ ਤਰੀਕੇ ਨਾਲ ਚਾਲੂ ਕਰਕੇ ਜ਼ਰੂਰੀ ਵਸਤਾਂ ਮਜ਼ਦੂਰਾਂ ਨੂੰ ਸਪਲਾਈ ਕਰਨ,ਅਤੇ ਹਰ ਮਜ਼ਦੂਰ ਪਰਿਵਾਰ ਨੂੰ ਨੀਲਾ ਕਾਰਡ ਜਾਰੀ  ਕਰਨ ਆਦਿ ਮੰਗਾਂ ਮਸਲਿਆਂ ਉਪਰ ਆਰਥਿਕ ਅਤੇ ਸਮਾਜਿਕ ਤੌਰ ਤੇ ਲਿਤਾੜੇ ਦਲਿਤ, ਗਰੀਬ,ਪੇਂਡੂ ਤੇ ਖੇਤ ਮਜ਼ਦੂਰਾਂ ਨੂੰ ਲਾਮਬੰਦ ਕਰੇਗੀ। ਉਨ੍ਹਾਂ ਸਭ ਵਰਗਾਂ ਨੂੰ 16 ਫਰਵਰੀ ਦੇ ਭਾਰਤ ਬੰਦ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।