- - ਲੋਕਾਂ ਦੀ ਸਹੂਲਤ ਲਈ ਪੁਲ ਦੀ ਚੌੜਾਈ ਵਧਾਉਣ ਦੇ ਪਹਿਲੂਆਂ ਦਾ ਵੀ ਕੀਤਾ ਨੀਰੀਖਣ
- - ਅੱਜ ਮੋਬਾਇਲ ਵੈਨ ਰਾਹੀਂ ਵਾਰਡ ਨੰਬਰ 47 ਅਤੇ 49 ਦੇ ਵਸਨੀਕਾਂ ਦੀਆਂ ਵੀ ਸੁਣੀਆਂ ਮੁਸ਼ਕਿਲਾਂ
ਲੁਧਿਆਣਾ, 6 ਜਨਵਰੀ (ਰਘਵੀਰ ਸਿੰਘ ਜੱਗਾ) : ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵਲੋਂ ਬੀਤੇ ਕੱਲ੍ਹ ਸਬੰਧਤ ਅਧਿਕਾਰੀਆਂ ਦੇ ਨਾਲ, ਦੁੱਗਰੀ ਪੁਲ 'ਤੇ ਟ੍ਰੈਫਿਕ ਜਾਮ ਦੀ ਸਮੱਸਿਆ ਦਾ ਜਾਇਜਾ ਲਿਆ ਅਤੇ ਇਸ ਨੂੰ ਸੁਚਾਰੂ ਬਣਾਉਣ ਲਈ ਢੁੱਕਵੇਂ ਪ੍ਰਬੰਧ ਕਰਨ ਲਈ ਕਿਹਾ। ਵਿਧਾਇਕ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਹਲਕਾ ਆਤਮ ਨਗਰ ਅਧੀਨ ਪੈਂਦੇ ਦੁੱਗਰੀ ਪੁਲ 'ਤੇ ਅਕਸਰ ਟ੍ਰੈਫਿਕ ਜਾਮ ਲੱਗਾ ਰਹਿੰਦਾ ਹੈ ਜਿਸ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਨਾਲ ਲੈ ਕੇ ਇਲਾਕੇ ਵਿੱਚ ਟ੍ਰੈਫਿਕ ਸਮੱਸਿਆ ਦਾ ਨੀਰੀਖਣ ਕੀਤਾ। ਉਨ੍ਹਾਂ ਇਸ ਮੌਕੇ ਆਮ ਲੋਕਾਂ ਦੀ ਸਹੂਲਤ ਲਈ ਪੁਲ ਦੀ ਚੌੜਾਈ ਵਧਾਉਣ ਦੇ ਪਹਿਲੂਆਂ ਦਾ ਨੀਰੀਖਣ ਵੀ ਕੀਤਾ ਤਾਂ ਜੋ ਜਿੰਨਾ ਸੰਭਵ ਹੋ ਸਕੇ ਆਵਾਜਾਈ ਲਈ ਰਸਤਾ ਸੁਖਾਵਾਂ ਬਣਾਇਆ ਜਾ ਸਕੇ। ਵਿਧਾਇਕ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮੰਤਵ ਇਸ ਖੇਤਰ ਵਿੱਚ ਆਵਾਜਾਈ ਲਈ ਭੀੜ ਨੂੰ ਘਟਾ ਕੇ ਟ੍ਰੈਫਿਕ ਨੂੰ ਸੁਚਾਰੂ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗੁਵਾਈ ਵਾਲੀ ਸਰਕਾਰ ਆਮ ਜਨਤਾ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਔਕੜ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਅੱਜ ਉਨ੍ਹਾਂ ਹਲਕਾ ਆਤਮ ਨਗਰ ਅਧੀਨ ਵਾਰਡ ਨੰਬਰ 47 ਅਤੇ 49 'ਚ ਮੋਬਾਇਲ ਦਫ਼ਤਰ ਵੈਨ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਜਲਦ ਨਿਪਟਾਰੇ ਦੇ ਵੀ ਨਿਰਦੇਸ਼ ਦਿੱਤੇ।