ਲੁਧਿਆਣਾ, 05 ਜਨਵਰੀ : ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਅੱਜ ਦਿੱਲੀ ਵਿਖੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦੇ ਨਵ-ਨਿਯੁਕਤ ਚੇਅਰਮੈਨ ਸੰਤੋਸ਼ ਕੁਮਾਰ ਯਾਦਵ, ਜੋ ਕਿ 1995 ਬੈਚ ਦੇ ਯੂਪੀ ਕੇਡਰ ਦੇ ਆਈ.ਏ.ਐਸ ਅਧਿਕਾਰੀ ਹਨ, ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਅਤੇ ਵਿਸ਼ੇਸ਼ ਤੌਰ ’ਤੇ ਲੁਧਿਆਣਾ ਨਾਲ ਸਬੰਧਤ ਐਨ.ਐਚ.ਏ.ਆਈ ਦੇ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ, ਅਰੋੜਾ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਵਿੱਚ ਐਨ.ਐਚ.ਏ.ਆਈ ਦੇ ਬਕਾਇਆ ਮੁੱਦਿਆਂ ਨੂੰ ਉਠਾਉਂਦੇ ਹੋਏ ਉਨ੍ਹਾਂ ਨੇ ਜਨਤਕ ਮਹੱਤਤਾ ਦੇ ਇੱਕ ਮਾਮਲੇ ਵੱਲ ਧਿਆਨ ਦਿਵਾਇਆ, ਜਿਸ ਵਿੱਚ ਲੁਧਿਆਣਾ ਅਤੇ ਇਸ ਦੇ ਆਲੇ-ਦੁਆਲੇ ਐਨ.ਐਚ.ਏ.ਆਈ ਦੇ ਲੰਬਿਤ ਪ੍ਰੋਜੈਕਟਾਂ ਕਾਰਨ ਆਮ ਲੋਕਾਂ ਅਤੇ ਯਾਤਰੀਆਂ ਨੂੰ ਹੋ ਰਹੀ ਅਸੁਵਿਧਾ ਵੱਲ ਧਿਆਨ ਆਕਰਸ਼ਿਤ ਕੀਤਾ ਗਿਆ। ਸ਼ੇਰਪੁਰ ਬਾਈਪਾਸ ਦੇ ਲੰਬਿਤ ਪਏ ਕੰਮ ਨੂੰ ਜਲਦੀ ਮੁਕੰਮਲ ਕਰਨ ਦੀ ਮੰਗ ਕਰਦਿਆਂ ਅਰੋੜਾ ਨੇ ਕਿਹਾ ਕਿ ਪੈਂਡਿੰਗ ਪ੍ਰਾਜੈਕਟ ਅਸਲ ਵਿੱਚ ਰੋਜ਼ਾਨਾ ਆਉਣ-ਜਾਣ ਵਾਲਿਆਂ ਨੂੰ ਮੁਸ਼ਕਲਾਂ ਦਾ ਕਾਰਨ ਬਣ ਰਿਹਾ ਹੈ ਕਿਉਂਕਿ 500 ਮੀਟਰ ਦੇ ਪੈਚ ਨੂੰ ਪਾਰ ਕਰਨ ਵਿੱਚ ਲਗਭਗ 30 ਮਿੰਟ ਲੱਗਦੇ ਹਨ। ਉਨ੍ਹਾਂ ਚੇਅਰਮੈਨ ਨੂੰ ਇਹ ਵੀ ਦੱਸਿਆ ਕਿ ਸਿੱਧਵਾਂ ਨਹਿਰ ’ਤੇ ਲੁਧਿਆਣਾ ਦੇ ਸਾਊਥ ਸਿਟੀ ਵੱਲ 4 ਪੁਲਾਂ ਦੀ ਉਸਾਰੀ ਦਾ ਕੰਮ ਅਜੇ ਪੂਰਾ ਹੋਣਾ ਬਾਕੀ ਹੈ, ਜਿਸ ਲਈ ਲੰਬੇ ਸਮੇਂ ਤੋਂ ਐਨ.ਐਚ.ਏ.ਆਈ. ਕੋਲ ਅਰਜ਼ੀ ਲੰਬਿਤ ਹੈ। ਉਨ੍ਹਾਂ ਚੇਅਰਮੈਨ ਨੂੰ ਇਸ ਮਾਮਲੇ ਦੀ ਨਿੱਜੀ ਤੌਰ ’ਤੇ ਜਾਂਚ ਕਰਕੇ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਅਰੋੜਾ ਨੇ ਐਨ.ਐਚ.ਏ.ਆਈ ਦੇ ਚੇਅਰਮੈਨ ਨੂੰ ਜਾਣੂ ਕਰਵਾਇਆ ਕਿ ਲੁਧਿਆਣਾ ਦੇਸ਼ ਦੇ ਸਭ ਤੋਂ ਵੱਡੇ ਉਦਯੋਗਿਕ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ 50 ਲੱਖ ਤੋਂ ਵੱਧ ਆਬਾਦੀ ਵਾਲੇ ਇਸ ਸ਼ਹਿਰ ਵਿਚ ਪੈਂਡਿੰਗ ਪ੍ਰੋਜੈਕਟਾਂ ਕਾਰਨ ਆਵਾਜਾਈ ਦੀ ਸਥਿਤੀ ਤਰਸਯੋਗ ਬਣੀ ਹੋਈ ਹੈ। ਇਸ ਲਈ ਉਨ੍ਹਾਂ ਲੁਧਿਆਣਾ ਅਤੇ ਇਸ ਦੇ ਆਸ-ਪਾਸ ਪੈਂਡਿੰਗ ਪ੍ਰਾਜੈਕਟਾਂ ਨੂੰ ਜਲਦੀ ਪੂਰਾ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਦੀ ਬੇਨਤੀ ਕੀਤੀ। ਅਰੋੜਾ ਨੇ ਲੁਧਿਆਣਾ ਵਿੱਚ ਐਨ.ਐਚ.ਏ.ਆਈ ਦੇ ਕੰਮ ਵਿੱਚ ਤੇਜ਼ੀ ਲਿਆਉਣ ਦਾ ਮਾਮਲਾ ਵੀ ਉਠਾਇਆ। ਐਨ.ਐਚ.ਏ.ਆਈ. ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ, ਉਨ੍ਹਾਂ ਨੇ ਚੇਅਰਮੈਨ ਦਾ ਧਿਆਨ ਉਨ੍ਹਾਂ ਮਾਮਲਿਆਂ ਵੱਲ ਖਿੱਚਿਆ ਜਿਸ ਵਿੱਚ ਤੁਰੰਤ ਦਖਲ ਦੀ ਲੋੜ ਹੈ। ਉਨ੍ਹਾਂ ਚੇਅਰਮੈਨ ਨੂੰ ਜਾਣੂ ਕਰਵਾਇਆ ਕਿ ਸ਼ਹਿਰ ਵਿੱਚੋਂ ਲੰਘਦੇ ਐਨ.ਐਚ.ਏ.ਆਈ. ਦੇ ਪ੍ਰੋਜੈਕਟਾਂ ਕਾਰਨ ਲੁਧਿਆਣਾ ਨਗਰ ਨਿਗਮ ਦੀ ਹੱਦ ਅੰਦਰ ਟਰੈਫਿਕ ਦੀ ਹਾਲਤ ਮਾੜੀ ਹੈ ਅਤੇ ਰਾਹਗੀਰਾਂ ਲਈ ਇੱਕ ਡਰਾਉਣਾ ਸੁਪਨਾ ਹੈ। ਅਕਸਰ ਅਤੇ ਲੰਬੇ ਟਰੈਫਿਕ ਜਾਮ ਕਾਰਨ ਨਾਗਰਿਕ ਆਪਣਾ ਆਪਾ ਗੁਆ ਰਹੇ ਹਨ ਕਿਉਂਕਿ ਦਫਤਰ ਅਤੇ ਘਰਾਂ ਵਿਚਕਾਰ ਆਉਣ-ਜਾਣ ਵਿਚ ਲੰਬਾ ਸਮਾਂ ਲੱਗ ਜਾਂਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਥਿਤੀ ਦਾ ਜਾਇਜ਼ਾ ਲੈਣ ਅਤੇ ਜਲਦੀ ਤੋਂ ਜਲਦੀ ਕੰਮ ਨੂੰ ਨੇਪਰੇ ਚਾੜ੍ਹਨ ਲਈ ਲੋੜੀਂਦੀ ਪਹਿਲਕਦਮੀ ਕਰਨ ਤਾਂ ਜੋ ਆਵਾਜਾਈ ਦੀ ਸਥਿਤੀ ਤੋਂ ਨਿਜਾਤ ਮਿਲ ਸਕੇ। ਅਰੋੜਾ ਨੇ ਦੱਸਿਆ ਕਿ ਐਨ.ਐਚ.ਏ.ਆਈ. ਦੇ ਚੇਅਰਮੈਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸ਼ਹਿਰ ਵਿੱਚ ਚੱਲ ਰਿਹਾ ਐਲੀਵੇਟਿਡ ਰੋਡ ਪ੍ਰੋਜੈਕਟ ਜੂਨ 2023 ਤੱਕ 100 ਫੀਸਦੀ ਪੂਰਾ ਕਰ ਲਿਆ ਜਾਵੇਗਾ। ਚੇਅਰਮੈਨ ਨੇ ਅਰੋੜਾ ਨੂੰ ਭਰੋਸਾ ਦਿਵਾਇਆ ਕਿ ਲੁਧਿਆਣਾ ਦੇ ਦੱਖਣੀ ਸ਼ਹਿਰ ਵੱਲ ਸਿੱਧਵਾਂ ਨਹਿਰ ’ਤੇ 4 ਪੁਲਾਂ ਦੀ ਉਸਾਰੀ ਦਾ ਪ੍ਰਾਜੈਕਟ ਵੀ ਇਸ ਸਾਲ ਦੇ ਅੰਤ ਤੱਕ ਪੂਰਾ ਕਰ ਲਿਆ ਜਾਵੇਗਾ। ਅਰੋੜਾ ਨੇ ਕਿਹਾ ਕਿ ਲੁਧਿਆਣਾ ਦੇ ਨਾਗਰਿਕ ਇਸ ਸਮੇਂ ਦੌਰਾਨ ਇਨ੍ਹਾਂ ਚਾਰਾਂ ਪੁਲਾਂ ਦੇ ਨਿਰਮਾਣ ਦੀ ਜ਼ੋਰਦਾਰ ਮੰਗ ਉਠਾਉਂਦੇ ਰਹੇ ਹਨ ਅਤੇ ਉੱਘੇ ਨਾਗਰਿਕ ਗਗਨ ਖੰਨਾ, ਰਾਧਿਕਾ ਜੇਤਵਾਨੀ ਅਤੇ ਮੰਜੁਲਾ ਜੈਨ ਨੇ ਨਿੱਜੀ ਤੌਰ ’ਤੇ ਇਹ ਮਾਮਲਾ ਉਨ੍ਹਾਂ ਕੋਲ ਉਠਾਇਆ ਹੈ। ਸ਼ੇਰਪੁਰ ਬਾਈਪਾਸ ਦੇ ਕੰਮ ਬਾਰੇ, ਐਨ.ਐਚ.ਏ.ਆਈ. ਦੇ ਚੇਅਰਮੈਨ ਨੇ ਅਰੋੜਾ ਨੂੰ ਦੱਸਿਆ ਕਿ ਇਸ ਲਈ ਟੈਂਡਰ ਜਾਰੀ ਕਰ ਦਿੱਤੇ ਗਏ ਹਨ ਅਤੇ ਪ੍ਰਕਿਰਿਆ ਬਹੁਤ ਐਡਵਾਂਸ ਸਟੇਜ ’ਤੇ ਹੈ। ਚੇਅਰਮੈਨ ਅਨੁਸਾਰ ਇਹ ਕੰਮ ਸਾਲ 2023 ਦੌਰਾਨ ਮੁਕੰਮਲ ਹੋਣ ਦੀ ਉਮੀਦ ਹੈ। ਅਰੋੜਾ ਨੇ ਆਸ ਪ੍ਰਗਟਾਈ ਕਿ ਕੰਮ ਮੁਕੰਮਲ ਹੋਣ ਤੋਂ ਬਾਅਦ ਯਾਤਰੀਆਂ ਨੂੰ ਰਾਹਤ ਮਿਲੇਗੀ। ਅਰੋੜਾ ਨੇ ਕਿਹਾ ਕਿ ਐਨ.ਐਚ.ਏ.ਆਈ. ਦੇ ਚੇਅਰਮੈਨ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਐਨ.ਐਚ.ਏ.ਆਈ. ਪੰਜਾਬ ਵਿੱਚ ਨੈਸ਼ਨਲ ਹਾਈਵੇਅ ਪ੍ਰੋਜੈਕਟਾਂ ’ਤੇ ਵੱਡੀ ਰਕਮ ਖਰਚਣ ਲਈ ਤਿਆਰ ਹੈ। ਹਾਲਾਂਕਿ, ਐਨ.ਐਚ.ਏ.ਆਈ. ਨੂੰ ਕਿਸੇ ਨਾ ਕਿਸੇ ਕਾਰਨ ਕਰਕੇ ਇਨ੍ਹਾਂ ਪ੍ਰੋਜੈਕਟਾਂ ਲਈ ਐਕੁਆਇਰ ਕੀਤੀ ਗਈ ਜ਼ਮੀਨ ਦਾ ਕਬਜ਼ਾ ਲੈਣਾ ਮੁਸ਼ਕਲ ਹੋ ਰਿਹਾ ਹੈ। ਚੇਅਰਮੈਨ ਨੇ ਇਹ ਵੀ ਕਿਹਾ ਕਿ ਚਿੰਤਾ ਦੀ ਗੱਲ ਹੈ ਕਿ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਕੁਝ ਥਾਵਾਂ ’ਤੇ ਟੋਲ ਬੈਰੀਅਰ ਕੰਮ ਨਹੀਂ ਕਰ ਰਹੇ ਹਨ। ਇਸ ਦੌਰਾਨ ਅਰੋੜਾ ਨੇ ਐਨ.ਐਚ.ਏ.ਆਈ ਦੇ ਚੇਅਰਮੈਨ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੀ ਅਗਲੀ ਲੁਧਿਆਣਾ ਫੇਰੀ ਦੌਰਾਨ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ ਅਤੇ ਨਵੇਂ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿੱਚ ਐਨ.ਐਚ.ਏ.ਆਈ. ਨੂੰ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੇ।