ਜਗਰਾਉਂ 8 ਜੂਨ (ਰਛਪਾਲ ਸਿੰਘ ਸ਼ੇਰਪੁਰੀ) ਪੁਲਿਸ ਅੱਤਿਆਚਾਰ ਖਿਲਾਫ਼ ਥਾਣੇ ਮੂਹਰੇ ਅੱਜ 433ਵੇਂ ਦਿਨ ਵੀ ਪੀੜ੍ਹਤ ਪਰਿਵਾਰ ਅਤੇ ਜਨਤਕ ਜੱਥੇਬੰਦੀਆਂ ਦੇ ਵਰਕਰਾਂ ਨੇ ਧਰਨਾ ਦਿੱਤਾ ਅਤੇ ਮੁਕੱਦਮੇ ਦੇ ਦੋਸ਼ੀ ਡੀਅੈਸਪੀ ਗੁਰਿੰਦਰ ਬੱਲ, ਏਅੈਸਆਈ ਰਾਜਵੀਰ ਤੇ ਸਰਪੰਚ ਦੀ ਗ੍ਰਿਫਤਾਰੀ ਦੀ ਪੁਰਜ਼ੋਰ ਮੰਗ ਕੀਤੀ ਗਈ। ਇਸ ਸਮੇਂ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਰਾਮਤੀਰਥ ਸਿੰਘ ਲੀਲ੍ਹਾ, ਬਾਬਾ ਬੰਤਾ ਸਿੰਘ ਡੱਲਾ, ਠੇਕੇਦਾਰ ਅਵਤਾਰ ਸਿੰਘ ਜਗਰਾਉਂ ਨੇ ਕਿਹਾ ਕਿ ਕਰੀਬ 19 ਸਾਲਾਂ ਤੋਂ ਨਿਆਂ ਮੰਗ ਰਹੇ ਪੀੜ੍ਹਤ ਪਰਿਵਾਰ ਵਲੋਂ ਦਰਜ ਕਰਾਏ ਸੰਗੀਨ ਧਰਾਵਾਂ ਦੇ ਮੁਕੱਦਮੇ ਨੂੰ ਖਾਰਜ਼ ਕਰਨ ਦੀ ਕੀਤੀ ਜਾ ਰਹੀ ਕਾਰਵਾਈ ਪੂਰੀ ਤਰ੍ਹਾਂ ਗੈਰਕਾਨੂੰਨੀ ਅਤੇ ਗੈਰਸਵਿਧਾਨਿਕ ਹੈ। ਧਰਨਾਕਾਰੀ ਜੱਥੇਬੰਦੀ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜ਼ਿ.) ਦੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਲਦੇਵ ਸਿੰਘ ਫੌਜ਼ੀ ਨੇ ਦੋਸ਼ ਲਗਾਇਆ ਕਿ ਦੋਸ਼ੀਆਂ ਦੇ ਦਬਾਅ ਅਧੀਨ ਪੁਲਿਸ ਅਧਿਕਾਰੀ ਮੁਕੱਦਮੇ 'ਚ ਨਾਮਜ਼ਦ ਮੁਲਜ਼ਮਾਂ ਨੂੰ ਬਚਾਉਣ ਲਈ ਸਾਜਿਸ਼ ਰਚ ਰਹੇ ਹਨ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਤਫਤੀਸ਼ੀ ਅਧਿਕਾਰੀਆਂ ਨੇ ਦੋਸ਼ੀਆਂ ਨਾਲ ਮਿਲੀ ਭੁਗਤ ਕਰਕੇ ਤਿਆਰ ਕੀਤੀ ਗਈ ਅਖਰਾਜ਼ ਰਿਪੋਰਟ ਪੂਰੀ ਤਰ੍ਹਾਂ ਪੱਖਪਾਤੀ ਤੇ ਗੈਰਕਾਨੂੰਨੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਗਰੀਬ ਪਰਿਵਾਰ 'ਤੇ ਅੱਤਿਆਚਾਰ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਉਣ ਲਈ ਹਰ ਸੰਭਵ ਲੜ੍ਹਾਈ ਲੜੀ ਜਾਵੇਗੀ। ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਸਾਲ 2004-05 ਥਾਣਾ ਸਿਟੀ ਹੋਂਦ ਵਿੱਚ ਹੀ ਨਹੀਂ ਸੀ ਅਤੇ ਨਾਂ ਹੀ ਆਪਣੇ ਆਪ ਨੂੰ ਥਾਣੇਦਾਰ ਕਹਾਉਂਦੇ ਗੁਰਿੰਦਰ ਸਿੰਘ ਬੱਲ ਕੋਲ ਅੈਸ.ਆਈ. ਰੈੰਕ ਸੀ ਪਰ ਵੀ ਉਸ ਨੇ ਬਤੌਰ ਅੈਸ.ਆਈ./ਅੈਸ.ਅੈਚ.ਓ. ਥਾਣਾ ਸਿਟੀ ਜਗਰਾਉਂ ਦੋ ਦਰਜਨ ਮੁਕੱਦਮੇ ਦਰਜ ਕਰਵਾਏ ਅਤੇ ਬਤੌਰ ਤਫਤੀਸ਼ੀ ਅਦਾਲਤਾਂ ਵਿੱਚ ਵੀ ਭੁਗਤਿਆ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਅਜਿਹਾ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਬਿਨਾਂ ਸੰਭਵ ਨਹੀਂ ਸੀ।