ਜਗਰਾਓ, 08 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਇੱਥੋਂ ਨੇੜਲੇ ਪਿੰਡ ਭੰਮੀਪੁਰਾ ਦੀ ਕਿਰਨਜੋਤ ਕੌਰ (22) ਲੜਕੀ ਦੀ ਹਾਂਗਕਾਂਗ ਵਿੱਚ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਲੜਕੀ ਇੱਕ ਮਾਲ ਵਿੱਚ ਕੰਮ ਕਰਦੀ ਸੀ, ਉਹ ਬਿਨ੍ਹਾ ਸੇਫਟੀ ਬੈਲਟ ਮਾਲ ਦੇ ਸ਼ੀਸ਼ੇ ਸਾਫ਼ ਕਰ ਰਹੀ ਸੀ ਕਿ ਅਚਾਨਕ ਉਸਦਾ ਸੰਤੁਲਨ ਵਿਗੜ ਗਿਆ ਕਿ ਉਹ 22ਵੀਂ ਮੰਜ਼ਿਲ ਤੋਂ ਹੇਠਾਂ ਆ ਡਿੱਗੀ, ਲੜਕੀ ਦੇ ਹੇਠਾਂ ਡਿੱਗਦੇ ਹੀ ਉੱਥੇ ਮੌਜ਼ੂਦ ਲੋਕਾਂ ਨੇ ਪੁਲਿਸ ਨੂੰ ਫੋਨ ਕੀਤਾ, ਪੁਲਿਸ ਨੇ ਪਹੁੰਚਦਿਆਂ ਹੀ ਲੜਕੀ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ, ਪਰ ਲੜਕੀ ਜਖ਼ਮਾਂ ਦੀ ਤਾਬ ਨਾ ਝੱਲਦੀ ਹੋਈ ਰਸਤੇ ਵਿੱਚ ਦਮ ਤੋੜ ਗਈ। ਆਪਣੇ ਚੰਗੇ ਭਵਿੱਖ ਲਈ 5 ਮਹੀਨੇ ਪਹਿਲਾਂ ਹੀ ਹਾਂਗਕਾਂਗ ਗਈ ਸੀ। ਕਿਰਨਜੋਤ ਕੌਰ ਦੀ ਮੌਤ ਦੀ ਖ਼ਬਰ ਸੁਣ ਕੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਇਸ ਦੇ ਨਾਲ ਹੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਪਰਿਵਾਰ ਲਗਾਤਾਰ ਸੰਘਰਸ਼ ਕਰ ਰਿਹਾ ਹੈ। ਪਰਿਵਾਰ ਵੱਲੋਂ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਧੀ ਦੀ ਮ੍ਰਿਤਕ ਦੇਹ ਭਾਰਤ ਆ ਸਕੇ।