- ਨੌਜਵਾਨਾ ਵਲੋਂ ਸੰਭਾਲੀਆਂ ਜਿੰਮੇਵਾਰੀਆਂ ਨਾਲ ਦੇਸ਼ ਦੀ ਤਰੱਕੀ ਅਤੇ ਵਿਕਾਸ ਸੰਭਵ : ਜਸਵੰਤ ਸਿੰਘ
ਕੋਟਕਪੂਰਾ, 11 ਜੂਨ : ਬੱਚੇ ਸਮਾਜ ਦਾ ਭਵਿੱਖ ਹੀ ਨਹੀਂ ਬਲਕਿ ਉਹਨਾਂ ਵਲੋਂ ਸੰਭਾਲੀਆਂ ਜਿੰਮੇਵਾਰੀਆਂ ਨਾਲ ਦੇਸ਼ ਦੀ ਤਰੱਕੀ ਅਤੇ ਵਿਕਾਸ ਵੀ ਸੰਭਵ ਹੈ। ‘ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ’ ਵਲੋਂ ਅੱਠਵੀਂ, 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਮੁਤਾਬਿਕ ਪੰਜਾਬ ਭਰ ’ਚ ਪੁਜੀਸ਼ਨਾ ਹਾਸਲ ਕਰਨ ਅਰਥਾਤ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਵਾਉਣ ਵਾਲੀਆਂ ਵਿਦਿਆਰਥਣਾ ਦੇ ਸਨਮਾਨ ਸਮਾਰੋਹ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਅਸ਼ੌਕ ਕੌਸ਼ਲ ਸਮੇਤ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ, ਬਲਦੇਵ ਸਿੰਘ ਸਹਿਦੇਵ, ਪਿ੍ਰੰਸੀਪਲ ਗੋਪਾਲ ਕਿ੍ਰਸ਼ਨ, ਕੁਲਵੰਤ ਸਿੰਘ ਚਾਨੀ, ਐੱਚ.ਐੱਸ ਪਦਮ, ਗੁਰਿੰਦਰ ਸਿੰਘ ਮਹਿੰਦੀਰੱਤਾ ਆਦਿਕ ਬੁਲਾਰਿਆਂ ਨੇ ਆਖਿਆ ਕਿ ਸੁਸਾਇਟੀ ਵਲੋਂ ਸਰਕਾਰੀ ਸਕੂਲਾਂ ’ਚ ਪੜਦੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਅਜਿਹੇ ਪੋ੍ਰਗਰਾਮ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਉਹਨਾਂ ਦਾਅਵਾ ਕਰਦਿਆਂ ਕਿਹਾ ਕਿ ਕਿਸੇ ਸਮੇਂ ਲੜਕੀ ਨੂੰ ਪੜਨ ਜਾਂ ਘਰੋਂ ਨਿਕਲਣ ਦੀ ਇਜਾਜਤ ਨਹੀਂ ਸੀ l ਪਰ ਉਹਨਾ ਮਾਣ ਮਹਿਸੂਸ ਕੀਤਾ ਕਿ ਅੱਜ ਵਾਲੇ ਸਨਮਾਨ ਸਮਾਰੋਹ ਵਿੱਚ ਚੰਗੀਆਂ ਪੁਜੀਸ਼ਨਾ ਹਾਸਲ ਕਰਨ ਵਾਲੇ ਬੱਚਿਆਂ ’ਚ ਸਾਰੀਆਂ ਲੜਕੀਆਂ ਹੀ ਹਨ। ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਜਸਵੰਤ ਸਿੰਘ ਚੀਫ ਮੈਨੇਜਰ ਐਸਬੀਆਈ ਅਤੇ ਵਿਸ਼ੇਸ਼ ਮਹਿਮਾਨ ਜਸਵਿੰਦਰ ਸਿੰਘ ਬਰਾੜ ਸੇਵਾਮੁਕਤ ਪੇਂਡੂ ਵਿਕਾਸ ਅਫਸਰ ਨੇ ਉਹਨਾ ਨੂੰ ਪੜਾਈ ਦਰਮਿਆਨ ਆਈਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਦੀ ਸਾਂਝ ਪਾਉਂਦਿਆਂ ਆਖਿਆ ਕਿ ਜਿੰਦਗੀ ’ਚ ਕੁਝ ਵੀ ਮੁਸ਼ਕਿਲ ਜਾਂ ਨਾਮੁਮਕਿਨ ਨਹੀਂ ਹੁੰਦਾ, ਸਿਰਫ ਦਿ੍ਰੜ ਇਰਾਦੇ ਅਤੇ ਵਿਸ਼ਵਾਸ਼ ਦੀ ਜਰੂਰਤ ਹੈ। ਉਹਨਾਂ ਨਰਸਰੀ ਤੋਂ 12ਵੀਂ ਜਮਾਤ ਤੱਕ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਵਾਉਣ ਉਪਰੰਤ ਬੀਏਐਲਐਲਬੀ ਕਰ ਰਹੀ ਵਿਦਿਆਰਥਣ ਹਰਕਿਰਨ ਕੌਰ ਵਲੋਂ ਐਲਐਲਬੀ ਦੇ ਛੇ ਸਮੈਸਟਰਾਂ ਵਿੱਚ ਵੀ ਹਰ ਵਾਰ ਮੈਰਿਟ ਸੂਚੀ ਵਿੱਚ ਨਾਮ ਦਰਜ ਕਰਵਾਉਣ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਸਾਰੀਆਂ ਵਿਦਿਆਰਥਣਾ ਇਸ ਲੜਕੀ ਦੇ ਜਜਬੇ ਤੋਂ ਪ੍ਰੇਰਨਾ ਜਰੂਰ ਲੈਣ। ਜਸਵੰਤ ਸਿੰਘ ਮੈਨੇਜਰ ਨੇ ਦੱਸਿਆ ਕਿ ਕਿਸੇ ਸਮੇਂ ਮੇਰੇ ਮਾਪੇ ਮੇਰੀ ਫੀਸ ਭਰਨ ਤੋਂ ਵੀ ਅਸਮਰੱਥ ਸਨ l ਪਰ ਉਸ ਨੇ ਹੌਂਸਲਾ ਨਹੀਂ ਹਾਰਿਆ, ਮਿਹਨਤ ਅਤੇ ਇਮਾਨਦਾਰੀ ਦਾ ਪੱਲਾ ਨਹੀਂ ਛੱਡਿਆ, ਹੁਣ ਮੈਂ ਵਿਦੇਸ਼ ਅਰਥਾਤ 13 ਵੱਖ ਵੱਖ ਦੇਸ਼ਾਂ ਦੀ ਸੈਰ ਕਰ ਚੁੱਕਾ ਹਾਂ ਤੇ ਮੇਰਾ ਬੇਟਾ ਕੈਨੇਡਾ ਵਿਖੇ ਸਟੱਡੀ ਕਰ ਰਿਹਾ ਹੈ। ਉਹਨਾਂ ਮਾਣਮੱਤੀਆਂ ਪੁਜੀਸ਼ਨਾ ਹਾਸਲ ਕਰਨ ਵਾਲੀਆਂ ਹੁਸ਼ਿਆਰ ਤੇ ਹੋਣਹਾਰ ਵਿਦਿਆਰਥਣਾ ਨੂੰ ਮਾੜੀ ਸੁਸਾਇਟੀ ਤੋਂ ਬਚਣ ਦੇ ਨੁਕਤੇ ਸਮਝਾਉਂਦਿਆਂ ਆਖਿਆ ਕਿ ਜਿੰਦਗੀ ਵਿੱਚ ਵੱਡੇ ਅਫਸਰ ਬਣਨ ਦੇ ਨਾਲ ਨਾਲ ਚੰਗੇ ਇਨਸਾਨ ਬਣਨਾ ਵੀ ਜਰੂਰੀ ਹੈ। ਮਾ. ਸੋਮਨਾਥ ਅਰੋੜਾ, ਜਗਵੰਤ ਸਿੰਘ ਬਰਾੜ, ਪ੍ਰੇਮ ਚਾਵਲਾ, ਇਕਬਾਲ ਸਿੰਘ ਮੰਘੇੜਾ, ਤਰਸੇਮ ਨਰੂਲਾ, ਮੁਖਤਿਆਰ ਸਿੰਘ ਮੱਤਾ, ਮਨਦੀਪ ਸਿੰਘ ਮਿੰਟੂ ਗਿੱਲ, ਪਿ੍ਰੰਸੀਪਲ ਦਰਸ਼ਨ ਸਿੰਘ, ਗੁਰਚਰਨ ਸਿੰਘ ਮਾਨ, ਅਮਰਜੀਤ ਕੌਰ ਛਾਬੜਾ ਆਦਿ ਨੇ ਦੱਸਿਆ ਕਿ ਹੁਸ਼ਿਆਰ ਵਿਦਿਆਰਥਣਾ ਨੂੰ ਸਨਮਾਨ ਚਿੰਨ, ਸਰਟੀਫਿਕੇਟ ਅਤੇ 1100-1100 ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਦਲਜਿੰਦਰ ਸਿੰਘ ਸੰਧੂ, ਸੁਰਿੰਦਰ ਸਿੰਘ ਸਦਿਉੜਾ, ਜਗਜੀਤ ਸਿੰਘ ਸੁਪਰਡੈਂਟ, ਮਦਨ ਲਾਲ ਸ਼ਰਮਾ, ਵਰਿੰਦਰ ਕਟਾਰੀਆ, ਹਰਦੀਪ ਸਿੰਘ ਫਿੱਡੂ ਭਲਵਾਨ, ਗੁਰਮੀਤ ਸਿੰਘ ਮੀਤਾ, ਗੇਜ ਰਾਮ ਭੌਰਾ, ਬਿੱਟੂ ਧੀਂਗੜਾ, ਰਜਿੰਦਰ ਸਿੰਘ ਡੋਡ ਆਦਿ ਵੀ ਹਾਜਰ ਸਨ।