
ਫਰੀਦਕੋਟ 20 ਮਾਰਚ 2025 : ਡਾ. ਕੁਲਵੰਤ ਸਿੰਘ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਤੇ ਪਿੰਡ ਪੰਜਗਰਾਈਂ ਕਲਾਂ ਵਿਖੇ ਕਿਸਾਨ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਲਗਭਗ 50 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਖੇਤੀਬਾੜੀ ਵਿਕਾਸ ਅਫਸਰ ਡਾ. ਨਿਸ਼ਾਨ ਸਿੰਘ ਵੱਲੋਂ ਕਿਸਾਨਾਂ ਨੂੰ ਕਣਕ, ਸਰੋਂ ਅਤੇ ਆਉਣ ਵਾਲੀ ਸਾਉਣੀ ਦੀਆਂ ਫਸਲਾਂ ਸਬੰਧੀ ਜਾਣਕਾਰੀ ਦਿੱਤੀ ਗਈ। ਕਿਸਾਨਾਂ ਨੂੰ ਆਪਣੀ ਕਣਕ ਅਤੇ ਸਰੋਂ ਦੀ ਫਸਲ ਦਾ ਲਗਾਤਾਰ ਸਰਵੇਖਣ ਕਰਨ ਲਈ ਪ੍ਰੇਰਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਕਿਤੇ ਫਸਲ ਤੇ ਤੇਲੇ, ਚੇਪੇ ਅਤੇ ਪੀਲੀ ਕੁੰਗੀ ਦਾ ਹਮਲਾ ਨਜ਼ਰ ਆਉਂਦਾ ਹੈ ਤਾਂ ਸਿਫਾਰਸ਼ ਅਨੁਸਾਰ ਸਪਰੇ ਕੀਤੀ ਜਾਵੇ ਅਤੇ ਹਮਲਾ ਨਜ਼ਰ ਨਹੀਂ ਆਉਂਦਾ ਤਾਂ ਸਪਰੇ ਨਾ ਕੀਤੀ ਜਾਵੇ। ਡਾ. ਫਤਿਹਜੀਤ ਸਿੰਘ ਸੇਖੋਂ, ਜਿਲਾ ਪਸਾਰ ਵਿਗੀਆਨੀ, ਪੀ.ਏ.ਯੂ ਫਾਰਮ ਸਲਾਹਕਾਰ ਕੇਂਦਰ ਫਰੀਦਕੋਟ ਵੱਲੋਂ ਕਿਸਾਨਾਂ ਨਾਲ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ ਤਾਂ ਜੋ ਕਿਸਾਨ ਸਾਉਣੀ ਦੇ ਸੀਜਨ ਵਿੱਚ ਪਾਣੀ ਦੀ ਬੱਚਤ ਕਰ ਸਕਣ । ਇਸ ਦੇ ਨਾਲ ਹੀ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਦੀ ਲਵਾਈ ਦੇ ਸਹੀ ਸਮੇਂ, ਪਨੀਰੀ ਦੀ ਸਹੀ ਉਮਰ ਬਾਰੇ ਜਾਣੂ ਕਰਵਾਇਆ ਗਿਆ। ਡਾ. ਨਿਸ਼ਾਨ ਸਿੰਘ ਖੇਤੀਬਾੜੀ ਵਿਕਾਸ ਅਫਸਰ ਵੱਲੋਂ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਮੂੰਗੀ,ਜੰਤਰ ਦੀ ਕਾਸ਼ਤ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਗਈ ਕਿਸਾਨਾਂ ਨੂੰ ਦੱਸਿਆ ਗਿਆ ਕਿ ਜਮੀਨ ਵਿੱਚ ਇਹਨਾਂ ਦੀ ਕਾਸ਼ਤ ਕਰਕੇ ਉਪਜਾਊ ਸਕਤੀ ਵਧਾਈ ਜਾ ਸਕਦੀ ਹੈ।ਕਿਸਾਨਾਂ ਨੂੰ ਝੋਨੇ ਦੀ ਨਵੀਂ ਕਿਸਮ ਪੀਆਰ 132 ਸਬੰਧੀ ਜਾਣਕਾਰੀ ਦਿੱਤੀ ਗਈ। ਕਿਸਾਨਾਂ ਨੂੰ ਖੇਤੀਬਾੜੀ ਦਫਤਰ ਵਿੱਚ ਈ ਕੇ ਵਾਈ ਸੀ ਕਰਨ ਸਬੰਧੀ ਵੀ ਜਾਣੂ ਕਰਾਇਆ ਗਿਆ ਤਾਂ ਜੋ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਸਨਮਾਨ ਸਕੀਮ ਅਧੀਨ ਪੈਸੇ ਆ ਸਕਣ।ਇਸ ਕੈਂਪ ਵਿੱਚ ਆਰ ਜੀ ਆਰ ਸੈੱਲ ਫਰੀਦਕੋਟ ਵੱਲੋਂ ਰਮਨਪ੍ਰੀਤ ਸਿੰਘ, ਸੁਖਵੀਰ ਸਿੰਘ, ਕਰਨਵੀਰ ਕੌਸਲ ਵੱਲੋਂ ਵੀ ਸ਼ਿਰਕਤ ਕੀਤੀ ਗਈ। ਇਸ ਤੋਂ ਇਲਾਵਾ ਇਸ ਕੈਂਪ ਵਿੱਚ ਸਰਬਣ ਸਿੰਘ ਏਐਸਆਈ ਅਤੇ ਰਣਜੀਤ ਸਿੰਘ ਫੀਲਡ ਵਰਕਰ ਆਦਿ ਹਾਜ਼ਰ ਸਨ।