- ਡਿਪਟੀ ਕਮਿਸ਼ਨਰ ਰਾਕੇਸ਼ ਤ੍ਰਿਪਾਠੀ ਵੱਲੋਂ ਮੇਲੇ ਦਾ ਦੌਰਾ
ਭਲਾਈਆਣਾ, 29 ਅਗਸਤ 2024 : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡ ਭਲਾਈਆਣਾ ਵਿਖੇ ਕਰਵਾਏ ਜਾ ਰਹੇ ਤੀਆਂ ਦੇ ਮੇਲੇ ਵਿੱਚ ਪੰਜਾਬ ਦੀਆਂ ਵਿਰਾਸਤੀ ਵਸਤਾਂ ਦੀ ਪ੍ਰਦਰਸ਼ਨੀ ਅਤੇ ਪਿੰਡ ਦੇ ਦ੍ਰਿਸ਼ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ। ਵੱਡੀ ਗਿਣਤੀ ਵਿੱਚ ਨੌਜਵਾਨ ਪੀੜੀ ਦੇ ਮੁੰਡੇ ਕੁੜੀਆਂ ਜਿੱਥੇ ਇਹਨਾਂ ਵਸਤਾਂ ਨੂੰ ਗੌਰ ਨਾਲ ਵੇਖ ਕੇ ਇਹਨਾਂ ਸਬੰਧੀ ਜਾਣਕਾਰੀ ਹਾਸਿਲ ਕਰ ਰਹੇ ਹਨ ਉੱਥੇ ਹੀ ਬਜ਼ੁਰਗ ਇਹਨਾਂ ਵਸਤਾਂ ਰਾਹੀਂ ਆਪਣੇ ਅਤੀਤ ਨੂੰ ਆਪਣੇ ਚੇਤਿਆਂ ਵਿੱਚ ਤਾਜ਼ਾ ਕਰਦੇ ਵਿਖਾਈ ਦਿੱਤੇ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਇਹਨਾਂ ਪ੍ਰਦਰਸ਼ਨੀਆਂ ਦਾ ਦੌਰਾ ਕਰਦਿਆਂ ਕਿਹਾ ਕਿ ਇਸ ਪ੍ਰਦਰਸ਼ਨੀ ਲਗਾਉਣ ਦਾ ਇਹੀ ਉਦੇਸ਼ ਹੈ ਕਿ ਅਸੀਂ ਆਪਣੀ ਨਵੀਂ ਪੀੜੀ ਨੂੰ ਸਾਡੀ ਗੌਰਵਸ਼ਾਲੀ ਵਿਰਾਸਤ ਤੋਂ ਜਾਣੂ ਕਰਵਾ ਸਕੀਏ। ਜਿਕਰਯੋਗ ਹੈ ਕਿ ਇੱਥੇ ਹਰਮੀਤ ਸਿੰਘ ਦੂਹੇ ਵਾਲੇ ਵੱਲੋਂ ਜਿੱਥੇ ਅਨੇਕਾਂ ਪੁਰਾਤਨ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਉੱਥੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਵੀ ਰਵਾਇਤੀ ਪੋਸ਼ਾਕਾਂ, ਚਰਖਿਆਂ, ਤ੍ਰਿੰਜਣ ਅਤੇ ਪੁਰਾਤਨ ਵਰਤੋਂ ਦੇ ਕੱਪੜੇ ਅਤੇ ਭਾਂਡੇ ਪ੍ਰਦਰਸ਼ਿਤ ਕੀਤੇ ਗਏ ਹਨ। ਨਵੀਂ ਪੀੜੀ ਲਈ ਬਹੁਤ ਸਾਰੀਆਂ ਅਜਿਹੀਆਂ ਵਸਤਾਂ ਹਨ ਜਿਹੜੀ ਨਵੇਂ ਬੱਚਿਆਂ ਨੇ ਪਹਿਲੀ ਵਾਰ ਵੇਖੀਆਂ ਹਨ। ਇਸ ਮੌਕੇ ਪਰਦਰਸ਼ਨੀ ਵੇਖਦਿਆਂ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਉਹੀ ਕੌਮਾਂ ਤਰੱਕੀ ਕਰਦੀਆਂ ਹਨ ਜੋ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੁੜੀਆਂ ਰਹਿੰਦੀਆਂ ਹਨ। ਇਸ ਮੌਕੇ ਪਾਈਆਂ ਗਈਆਂ ਪੀਘਾਂ ਵੀ ਮੁਟਿਆਰਾਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ ਅਤੇ ਤੀਆਂ ਦੇ ਰੂਪਮਾਨ ਹੋਏ ਦ੍ਰਿਸ਼ ਨਾਲ ਭਲਾਈਆਣਾ ਦੀ ਅਨਾਜ ਮੰਡੀ ਪੂਰੀ ਤਰਾਂ ਸੱਭਿਆਚਾਰਕ ਪਿੰਡ ਦਾ ਦ੍ਰਿਸ਼ ਪੇਸ਼ ਕਰਦੀ ਵਿਖਾਈ ਦਿੰਦੀ ਹੈ। ਪਿੰਡ ਦੇ ਦ੍ਰਿਸ਼ ਅਤੇ ਪੁਰਾਤਨ ਸਮਾਨ ਨਾਲ ਨਵੀਂ ਪੀੜੀ ਦੇ ਨੌਜਵਾਨਾਂ ਦੇ ਨਾਲ-ਨਾਲ ਬਜ਼ੁਰਗ ਵੀ ਸੈਲਫੀਆਂ ਲੈਂਦੇ ਵਿਖਾਈ ਦਿੱਤੇ ਹਨ। ਮੇਲੇ ਦੇ ਇੰਚਾਰਜ ਐਸ.ਡੀ.ਐਮ. ਡਾ. ਸੰਜੀਵ ਕੁਮਾਰ ਨੇ ਕਿਹਾ ਕਿ ਇਸ ਮੇਲੇ ਵਿੱਚ ਵੱਖ-ਵੱਖ ਸਵੈ ਸਹਾਇਤਾ ਸਮੂਹਾਂ ਵੱਲੋਂ ਵੀ ਆਪਣੇ ਸਮਾਨ ਦੀ ਪ੍ਰਦਰਸ਼ਨ ਲਗਾਈ ਗਈ ਹੈ । ਉਹਨਾਂ ਕਿਹਾ ਕਿ ਇਸ ਦਾ ਉਦੇਸ਼ ਹੈ ਕਿ ਇਹ ਸਵੈ ਸਹਾਇਤਾ ਸਮੂਹ ਵੀ ਆਪਣੇ ਸਮਾਨ ਦੀ ਵਿਕਰੀ ਕਰਕੇ ਇੱਕ ਸਮਾਜਿਕ ਅਰਥ ਵਿਵਸਥਾ ਵਿੱਚ ਆਪਣਾ ਯੋਗਦਾਨ ਪਾਉਣ।