ਡਿੰਪੀ ਢਿੱਲੋਂ ਅਕਾਲੀ ਦਲ ਛੱਡਣ ਬਾਰੇ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ : ਸੁਖਬੀਰ ਸਿੰਘ ਬਾਦਲ

ਗਿੱਦੜਬਾਹਾ, 26 ਅਗਸਤ, 2024 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਕ ਵਾਰ ਫ਼ਿਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਸਤਿਕਾਰ ਸਹਿਤ ਬੇਨਤੀ ਕੀਤੀ ਕਿ ਉਹ ਅਕਾਲੀ ਦਲ ਛੱਡਣ ਬਾਰੇ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ। ਗਿੱਦੜਬਾਹਾ ਤੋਂ ਵੱਡੀ ਗਿਣਤੀ ਵਿਚ ਆਈ ਸੰਗਤ ਦੀਆਂ ਭਾਵਨਾਵਾਂ ਤੇ ਵਿਚਾਰ ਸੁਣਨ ਤੋਂ ਬਾਅਦ ਉਹਨਾ ਨੂੰ ਮੁਖ਼ਾਤਿਬ ਹੁੰਦੇ ਹੋਏ, ਬਾਦਲ ਨੇ ਸਪੱਸ਼ਟ ਕੀਤਾ ਕਿ ਮਨਪ੍ਰੀਤ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣ ਅਤੇ ਗਿੱਦੜਬਾਹਾ ਤੋਂ ਪਾਰਟੀ ਟਿਕਟ 'ਤੇ ਚੋਣ ਲੜਣ ਸਬੰਧੀ ਉਡਾਈਆਂ ਜਾ ਰਹੀਆਂ ਸਾਰੀਆਂ ਗੱਲਾਂ ਮਨਘੜੰਤ ਅਤੇ ਬੇਬੁਨਿਆਦ ਹਨ। ਸਰਦਾਰ ਬਾਦਲ ਨੇ ਸਪਸ਼ਟ ਕੀਤਾ ਕਿ ਪਾਰਟੀ ਉਹਨਾਂ ਲਈ ਕੀ ਮਹੱਤਤਾ ਰੱਖਦੀ ਹੈ ਤੇ ਕਿਹਾ ਕਿ ਮੇਰੇ ਲਈ ਮੇਰੇ ਪਰਿਵਾਰ ਨਾਲੋਂ ਜ਼ਿਆਦਾ ਮੇਰੀ ਪਾਰਟੀ ਅਤੇ ਇਸਦੇ ਸਿਧਾਂਤ ਜ਼ਿਆਦਾ ਅਹਿਮੀਅਤ ਰੱਖਦੇ ਹਨ। ਉਹਨਾਂ ਕਿਹਾ ਕਿ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਗਿੱਦੜਬਾਹਾ ਹਲਕੇ ਦੀ ਜ਼ਿਮਨੀ ਚੋਣ ਵਾਸਤੇ ਹਰਦੀਪ ਸਿੰਘ ਢਿੱਲੋਂ ਪਾਰਟੀ ਉਮੀਦਵਾਰ ਹੋਣਗੇ, ਇਸ ਬਾਰੇ ਮੈਨੂੰ ਕੋਈ ਸ਼ੰਕਾ ਹੀ ਨਹੀਂ ਹੈ। ਸਰਦਾਰ ਬਾਦਲ ਨੈ ਕਿਹਾ ਕਿ ਜੇਕਰ ਸਰਦਾਰ ਢਿੱਲੋਂ ਕਿਸੇ ਨਾ ਕਿਸੇ ਕਾਰਣ ਪਾਰਟੀ ਤੇ ਪਾਰਟੀ ਕੇਡਰ ਤੋਂ ਆਪਣਾ ਮੂੰਹ ਮੋੜ ਲੈਂਦੇ ਹਨ ਤਾਂ ਫਿਰ ਅਕਾਲੀ ਦਲ ਅਗਲੇ 10 ਦਿਨਾਂ ਵਿਚ ਗਿੱਦੜਬਾਹਾ ਹਲਕੇ ਤੋਂ ਪਾਰਟੀ ਉਮੀਦਵਾਰ ਬਾਰੇ ਫੈਸਲਾ ਲਵੇਗਾ। ਉਹਨਾਂ ਕਿਹਾ ਕਿ ਅਸੀਂ 10 ਦਿਨਾਂ ਤੱਕ ਸਰਦਾਰ ਢਿੱਲੋਂ ਦੇ ਫੈਸਲੇ ਦੀ ਉਡੀਕ ਕਰਾਂਗੇ। ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਪਾਰਟੀ ਦੇ ਉਮੀਦਵਾਰ ਬਾਰੇ ਫੈਸਲਾ ਹਲਕੇ ਤੋਂ ਪਾਰਟੀ ਦੇ ਵਰਕਰਾਂ ਤੇ ਆਗੂਆਂ ਨਾਲ ਰਾਇ ਮਸ਼ਵਰਾਂ ਕਰਨ ਤੋਂ ਬਾਅਦ ਹੀ ਲਿਆ ਜਾਵੇਗਾ। ਉਹਨਾਂ ਕਿਹਾ ਕਿ ਮੈਂ ਗਿੱਦੜਬਾਹਾ ਹਲਕੇ ਦੀ ਸੰਗਤ ਦੀ ਮਰਜ਼ੀ ਮੁਤਾਬਕ ਹੀ ਕੰਮ ਕਰਾਂਗੇ ਤੇ ਇਸ ਵਾਸਤੇ ਬਹੁਤ ਨਿਮਰਤਾ ਤੇ ਦ੍ਰਿੜ੍ਹਤਾ ਨਾਲ ਆਪਣੇ ਫਰਜ਼ ਨਿਭਾਉਣ ਲਈ ਵਚਨਬੱਧ ਹਾਂ।