- 05 ਨਵੰਬਰ ਤੱਕ ਪੇਂਡੂ ਯੂਥ ਕਲੱਬ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾਉਣ, -ਡਿਪਟੀ ਕਮਿਸ਼ਨਰ
ਫ਼ਰੀਦਕੋਟ 18 ਅਕਤੂਬਰ 2024 : ਯੁਵਕ ਸੇਵਾਵਾਂ ਵਿਭਾਗ ਵੱਲੋਂ ਵਿਭਾਗ ਨਾਲ ਐਫੀਲੀਏਟਿਡ ਪੇਂਡੂ ਖੇਤਰ ਦੇ ਯੂਥ ਕਲੱਬਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਇਹ ਗ੍ਰਾਂਟ ਕੇਵਲ ਪਿਛਲੇ ਤਿੰਨ ਸਾਲ ਤੋਂ ਪਿੰਡ ਪੱਧਰ 'ਤੇ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੇ ਆਧਾਰ 'ਤੇ ਯੁਵਕ ਸੇਵਾਵਾਂ ਵਿਭਾਗ ਨਾਲ ਐਫਲੀਏਟਿਡ ਪੇਂਡੂ ਯੂਥ ਕਲੱਬਾਂ ਨੂੰ ਹੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇੱਕ ਐਕਟਿਵ ਯੂਥ ਕਲੱਬ (ਪਿਛਲੇ 2 ਸਾਲ ਦੀ ਜਮੀਨੀ ਪੱਧਰ ਦੀਆਂ ਗਤੀਵਿਧੀਆਂ ਦਾ ਆਧਾਰ) ਨੂੰ ਵੱਧ ਤੋਂ ਵੱਧ 50,000 ਰੁਪਏ ਦੀ ਹੀ ਗ੍ਰਾਂਟ ਜਾਰੀ ਕੀਤੀ ਜਾਵੇਗੀ। ਗ੍ਰਾਂਟ ਹਾਸਲ ਕਰਨ ਵਾਲੇ ਲਾਭਪਾਤਰੀ (ਕਲੱਬ) ਦੀ ਸਹੀ ਸ਼ਨਾਖਤ/ਫੋਟੋ ਆਈ.ਡੀ. ਕਾਰਡ/ ਐਫਲੀਏਸ਼ਨ ਨੰਬਰ ਦਾ ਸਹੀ ਰਿਕਾਰਡ ਰੱਖਿਆ ਜਾਵੇਗਾ। ਗ੍ਰਾਂਟ ਜਾਰੀ ਕਰਨ ਉਪਰੰਤ ਕਲੱਬਾਂ ਤੋਂ ਗਰਾਂਟ ਦੀ ਪ੍ਰਾਪਤੀ ਦੀ ਰਸੀਦ ਲੈ ਕੇ ਨਾਲ ਹੀ ਅੰਡਰਟੇਕਿੰਗ ਲਈ ਜਾਵੇਗੀ ਕਿ ਰਾਸ਼ੀ ਜਾਰੀ ਹੋਣ ਦੀ ਮਿਤੀ ਤੋਂ ਇੱਕ ਮਹੀਨੇ ਦੇ ਅੰਦਰ-ਅੰਦਰ ਜਿਸ ਮੰਤਵ ਲਈ ਰਾਸ਼ੀ ਜਾਰੀ ਹੋਈ ਹੈ, ਉਹ ਉਸੇ ਮੰਤਵ ਲਈ ਰਾਸ਼ੀ ਵਰਤਣਗੇ। ਇਸ ਮੌਕੇ ਸਹਾਇਕ ਡਾਇਰੇਕਟਰ ਯੁਵਕ ਸੇਵਾਵਾਂ ਸ਼੍ਰੀ ਅਰੁਣ ਨੇ ਦੱਸਿਆ ਕਿ ਐਕਟਿਵ ਯੂਥ ਕਲੱਬਾਂ ਨੂੰ ਜਾਰੀ ਕੀਤੀ ਜਾਣ ਵਾਲੀ ਗ੍ਰਾਂਟ ਵਿਚੋਂ ਖਰੀਦ ਜ਼ਿਲ੍ਹਾ ਪੱਧਰੀ ਕਮੇਟੀ ਦੀ ਨਿਗਰਾਨੀ ਹੇਠ ਨਿਯਮਾਂ ਅਤੇ ਪਾਰਦਰਸ਼ੀ ਤਰੀਕੇ ਨਾਲ ਕੀਤੀ ਜਾਵੇਗੀ।ਜ਼ਿਲ੍ਹਾ ਪੱਧਰ 'ਤੇ ਜਾਰੀ ਕੀਤੀ ਗਈ ਗ੍ਰਾਂਟ ਦੀ ਘੱਟੋਂ-ਘੱਟ 32 ਫ਼ੀਸਦੀ ਰਾਸ਼ੀ ਦੇ ਲਾਭਪਾਤਰੀ ਅਨੁਸੂਚਿਤ ਜਾਤੀ ਤੋਂ ਹੋਣੇ ਯਕੀਨੀ ਬਣਾਏ ਜਾਣਗੇ। ਇਹ ਗ੍ਰਾਂਟ ਦਾ ਲਾਭ ਕੇਵਲ ਉਨ੍ਹਾਂ ਕਲੱਬਾਂ ਨੂੰ ਹੀ ਦਿੱਤਾ ਜਾਵੇ ਜਿਨ੍ਹਾਂ ਨੂੰ ਪਿਛਲੇ ਦੋ ਸਾਲਾਂ ਦੌਰਾਨ ਇਸ ਸਕੀਮ ਤਹਿਤ ਕੋਈ ਲਾਭ ਨਾ ਮਿਲਿਆ ਹੋਵੇ।