- ਭਾਰਤੀ ਕਿਸਾਨ ਯੂਨੀਅਨ ਦੇ ਅਹੁਦੇਦਾਰਾਂ ਨਾਲ ਫਸਲੀ ਰਹਿੰਦ ਖੂੰਹਦ ਦੀ ਸੁਚੱਜੀ ਸੰਭਾਲ ਸੰਬੰਧੀ ਵਿਚਾਰ ਚਰਚਾ ਕੀਤੀ
- ਕੰਬਾਈਨ ਹਾਰਵੈਸਟਰ ਉੱਪਰ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਲਗਾ ਕੇ ਝੋਨੇ ਦੀ ਕਟਾਈ ਕਰਨੀ ਜ਼ਰੂਰੀ
ਫ਼ਰੀਦਕੋਟ 18 ਅਕਤੂਬਰ 2024 : ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ,ਜ਼ਿਲਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹਾ ਫਰੀਦਕੋਟ ਵਿੱਚ ਪਰਾਲੀ ਨੁੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਲਈ ਆਰੰਭੀ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਜੈਤੋ ਸਥਿਤ ਖੇਤੀਬਾੜੀ ਦਫ਼ਤਰ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਕਰਕੇ ਕਿਸਾਨਾਂ ਆਗੂਆਂ ਨੂੰ ਫਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਕਾਰਨ ਹੋਣ ਵਾਲੇ ਨੁਕਸਾਨਾਂ ਦੇ ਮਦੇਨਜ਼ਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਪਰਾਲੀ ਪ੍ਰਬੰਧਨ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਕਿਸਾਨ ਆਗੂਆਂ ਨੂੰ ਇਸ ਮੁਹਿੰਮ ਦੀ ਕਾਮਯਾਬੀ ਲਈ ਸਹਿਯੋਗ ਕਰਨ ਦੀ ਬੇਨਤੀ ਕੀਤੀ ਗਈ। ਇਸ ਮੌਕੇ ਮੁੱਖ ਖੇਤੀਬਾੜ੍ਹੀ ਅਫ਼ਸਰ ਡਾ. ਅਮਰੀਕ ਸਿੰਘ ਨੇ ਕਿਹਾ ਕਿ ਸਾਲ 2023-24 ਦੌਰਾਨ ਜ਼ਿਲ੍ਹਾ ਫ਼ਰੀਦਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੇ 2022 ਵਾਕਿਆ ਦਰਜ ਕੀਤੇ ਗਏ ਸਨ । ਉਨ੍ਹਾਂ ਕਿਹਾ ਕਿ ਸਾਲ 2024-25 ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਲਈ ਸਮੂਹ ਜਥੇਬੰਦੀਆਂ ਦੇ ਸਹਿਯੋਗ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਬਹੁਤਾਤ ਰਕਬੇ ਵਿੱਚ ਪੀ ਆਰ 131 ਅਤੇ 126 ਕਿਸਮਾਂ ਦੀ ਬਿਜਾਈ ਕੀਤੀ ਗਈ ,ਜਿਸ ਦਾ ਪਰਾਲ ਘੱਟ ਹੁੰਦਾ ਹੈ ਜਿਸ ਕਾਰਨ ਪਰਾਲੀ ਨੂੰ ਸੜੇ ਬਗੈਰ ਨਵੀਨਤਮ ਤਕਨੀਕਾਂ/ਮਸ਼ੀਨਾਂ ਜਿਵੇਂ ਮਲਚਰ,ਹੈਪੀ ਸੀਡਰ,ਸੁਪਰ ਸੀਡਰ,ਸਮਾਰਟ ਸੀਡਰ,ਕਟਰ ਕਮ ਸ਼ਰੈਡਰ, ਉਲਟਾਵਾਂ ਹੱਲ, ਸਰਫੇਸ ਸੀਡਰ ਦੀ ਵਰਤੋਂ ਨਾਲ ਪਰਾਲੀ ਦੀ ਸੰਭਾਲ ਕਰਕੇ ਨਾ ਕੇਵਲ ਕਣਕ ਦੀ ਫ਼ਸਲ ਤੋਂ ਵਧੇਰੇ ਪੈਦਾਵਾਰ ਹੀ ਲਈ ਜਾ ਸਕਦੀ ਹੈ ਬਲਕਿ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਕੰਬਾਈਨ ਹਾਰਵੈਸਟਰ ਉੱਪਰ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਲਗਾ ਕੇ ਝੋਨੇ ਦੀ ਕਟਾਈ ਕਰਨੀ ਜ਼ਰੂਰੀ ਕਰ ਦਿੱਤੀ ਗਈ ਹੈ । ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾਵਾਂ ਤੋਂ ਖੇਤੀ ਮਸ਼ੀਨਰੀ ਵਰਤ ਕੇ ਕਣਕ ਦੀ ਬਿਜਾਈ ਕਰਨ ਵਾਲੇ ਛੋਟੇ ਕਿਸਾਨਾਂ ਤੋਂ ਕੋਈ ਕਿਰਾਇਆ ਨਹੀਂ ਵਸੂਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਅਜਿਹੀ ਮਸ਼ੀਨ ਹੈ ਜਿਸ ਨੂੰ ਕੰਬਾਈਨ ਹਾਰਵੈਸਟਰ ਦੇ ਪਿੱਛੇ ਫਿਟ ਕਰਕੇ ਡਿੱਗ ਰਹੀ ਪਰਾਲੀ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਖੇਤ ਵਿੱਚ ਇਕਸਾਰ ਖਿਲਾਰਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੁਪਰ ਐਸ.ਐਮ.ਐਸ ਲੱਗੀ ਕੰਬਾਈਨ ਨਾਲ ਕਟਾਈ ਨਹੀਂ ਹੋਈ ਤਾਂ ਕਟਰ-ਕਮ- ਸਪਰੈਡਰ/ਸ਼ਲੇਡਾ/ਰੀਪਰ ਦੀ ਵਰਤੋਂ ਕਰਕੇ ਵੀ ਲਾਈਨਾਂ ਵਿੱਚ ਪਏ ਫੁਸ ਖਿਲਾਰਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਟਰੈਕਟਰ ਦੀ ਲਿਫਟ ਲਾਈਨਾਂ ਵਿੱਚ ਪਏ ਫੂਸ ਦੀ ਉਚਾਈ ਤੱਕ ਚੁੱਕ ਕੇ ਰੀਪਰ/ਕਟਰ-ਕਮ- ਸਪਰੇਡਰ ਨੂੰ ਚਲਾ ਕੇ ਫੂਸ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਕੇ ਇਕਸਾਰ ਖਿਲਾਰਿਆ ਜਾ ਸਕਦਾ ਹੈ, ਜਿਸ ਉਪਰੰਤ ਸੁਪਰ ਸੀਡਰ,ਹੈਪੀ ਸੀਡਰ,ਸਮਾਰਟ ਸੀਡਰ ਜਾਂ ਸਰਫੇਸ ਸੀਡਿੰਗ ਤਕਨੀਕ ਵਰਤ ਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਕਿਸਾਨ ਆਗੂਆਂ ਨੇ ਵਿਸ਼ਵਾਸ਼ ਦਿਵਾਇਆ ਕਿ ਜ਼ਿਲ੍ਹਾ ਫਰੀਦਕੋਟ ਨੂੰ ਪ੍ਰਦੂਸ਼ਣ ਮੁਕਤ ਜ਼ਿਲ੍ਹਾ ਬਣਾਉਣ ਵਿਚ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਪੂਰਨ ਤੌਰ ਤੇ ਸਹਿਯੋਗ ਕੀਤਾ ਜਾਵੇਗਾ। ਉਨਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਸਬਸਿਡੀ ਦੇਣ ਦੀ ਬਿਜਾਏ ਪ੍ਰਤੀ ਏਕੜ 2500/- ਰੁਪਏ ਦਿੱਤੇ ਜਾਣ । ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਦੀ ਰੋਕਥਾਮ ਅਤੇ ਨਵੀਨਤਮ ਮਸ਼ੀਨਰੀ ਦੀ ਯੋਗ ਵਰਤੋਂ ਬਾਰੇ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਡਾ.ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ,ਬੂਟਾ ਰਾਮ ਖੇਤੀ ਉਪ ਨਿਰੀਖਕ ਅਤੇ ਕਿਸਾਨ ਆਗੂ ਹਾਜ਼ਰ ਸਨ।