ਸਬਸਿਡੀ ਵਾਲੀ ਖੇਤੀ ਮਸ਼ੀਨਰੀ ਕਿਰਾਏ ਤੇ ਨਾ ਦੇਣ ਵਾਲੇ ਕਿਸਾਨਾਂ ਖਿਲਾਫ ਹੋਵੇਗੀ ਕਾਰਵਾਈ :ਡਿਪਟੀ ਕਮਿਸ਼ਨਰ

  • ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਸੀਟੂ ਤਕਨੀਕਾਂ ਅਪਣਾਉਣ ਦਾ ਸੱਦਾ

ਫਰੀਦਕੋਟ : 18 ਅਕਤੂਬਰ 2024 : ਝੋਨੇ ਬਾਸਮਤੀ ਫਸਲ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਲਗਾਤਾਰ ਉਪਰਾਲਿਆਂ ਤਹਿਤ ਫਰੀਦਕੋਟ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵੱਲੋਂ ਅੱਜ ਜਿਲ੍ਹਾ ਫਰੀਦੋਕਟ ਦੇ ਪ੍ਰਸਾਸ਼ਨਿਕ ਅਧਿਕਾਰੀਆਂ, ਪੁਲਿਸ ਵਿਭਾਗ ਦੇ ਅਧਿਕਾਰੀਆਂ ਅਤੇ ਸਮੂਹ ਕਲੱਸਟਰ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਇਸ ਮੀਟਿੰਗ ਵਿੱਚ ਦੱਸਿਆ ਕਿ ਕਿਸਾਨ ਘੱਟ ਰੇਟਾਂ ਤੇ ਕਿਰਾਏ ਵਾਲੀ ਮਸ਼ੀਨਰੀ ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਪ੍ਰਾਈਵੇਟ ਗਰੁੱਪਾਂ ਤੋਂ ਕਿਰਾਏ ਤੇ ਲੈ ਕੇ ਆਪਣੀ ਕਣਕ ਦੀ ਬਿਜਾਈ ਕਰ ਸਕਦੇ ਹਨ। ਉਨ੍ਹਾਂ ਵੱਲੋਂ ਮੀਟਿੰਗ ਵਿੱਚ ਹਾਜ਼ਰ ਸਮੂਹ ਉਪ ਮੰਡਲ ਮੈਜਿਸਟ੍ਰੇਟ ਨੂੰ ਹੁਕਮ ਜਾਰੀ ਕੀਤੇ ਗਏ ਕਿ ਜੇਕਰ ਕੋਈ ਕਿਸਾਨ ਸਬਸਿਡੀ ਵਾਲੀ ਮਸ਼ੀਨ ਕਿਰਾਏ ਤੇ ਦੇਣ ਤੋਂ ਮਨ੍ਹਾਂ ਕਰਦਾ ਹੈ ਤਾਂ ਉਸ ਖਿਲਾਫ ਨੋਟਿਸ ਜਾਰੀ ਕੀਤਾ ਜਾਵੇ ਅਤੇ ਮਸ਼ੀਨਰੀ ਤੇ ਦਿੱਤੀ ਗਈ ਸਬਸਿਡੀ ਸਮੇਤ ਵਿਆਜ ਵਾਪਿਸ ਲਈ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਬਸਿਡੀ ਵਾਲੀ ਖੇਤੀ ਮਸ਼ੀਨਰੀ ਦੀਆਂ ਲਿਸਟਾਂ ਪਿੰਡਾਂ ਵਿੱਚ ਸਾਂਝੀਆਂ ਥਾਵਾਂ ਤੇ ਲਗਵਾ ਦਿੱਤੀ ਗਈਆਂ ਹਨ,ਲੋੜਵੰਦ ਕਿਸਾਨ ਖੇਤੀ ਮਸ਼ੀਨਰੀ ਸਬੰਧੀ ਜਾਣਕਾਰੀ ਇਹਨਾਂ ਲਿਸਟਾਂ ਤੋਂ ਲੈ ਸਕਦੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਇੱਕ (ਕਿਊ-ਆਰ) ਕੋਡ ਜਾਰੀ ਕੀਤਾ ਗਿਆ, ਜਿਸ ਨੂੰ ਸਕੈਨ ਕਰਨ ਨਾਲ ਜਿਲ੍ਹਾ ਫਰੀਦੋਕਟ ਦੀ ਵੈਬਸਾਈਟ ਤੇ ਅਪਲੋਡ ਕੀਤੀਆਂ ਗਈਆਂ ਖੇਤੀ ਮਸ਼ੀਨਰੀ ਦੀਆਂ ਪਿੰਡ ਵਾਈਜ਼ ਲਿਸਟਾਂ ਖੁੱਲ ਜਾਣਗੀਆਂ ਅਤੇ ਕੋਈ ਵੀ ਕਿਸਾਨ ਆਪਣੇ ਨੇੜੇ ਦੀ ਮਸ਼ੀਨਰੀ ਬਾਰੇ ਜਾਣਕਾਰੀ ਇਨ੍ਹਾਂ ਲਿਸਟਾਂ ਵਿੱਚੋਂ ਲੈ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਇੰਨ ਸੀਟੂ ਤਕਨੀਕਾਂ ਅਪਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਕਿਸਾਨ ਨਵੀਨਤਮ ਤਕਨੀਕਾਂ ਦੀ ਵਰਤੋਂ ਕਰਕੇ ਪਰਾਲੀ ਨੂੰ ਆਸਾਨੀ ਨਾਲ ਖੇਤਾਂ ਵਿੱਚ ਹੀ ਮਿਲਾ ਸਕਦੇ ਹਨ। ਉਨ੍ਹਾਂ ਕਿਸਾਨਾਂ ਨੂੰ 'ਉੱਨਤ ਕਿਸਾਨ' ਮੋਬਾਇਲ ਐਪ ਦੀ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਰਾਹੀਂ ਕਿਸਾਨ ਆਪਣੇ ਨੇੜੇ ਮੌਜੂਦ ਪਰਾਲੀ ਪ੍ਰਬੰਧਨ ਵਾਲੀ ਮਸ਼ੀਨਰੀ ਦੀ ਆਸਾਨੀ ਨਾਲ ਬੁਕਿੰਗ ਕਰਵਾ ਸਕਦੇ ਹਨ। ਇਸ ਮੌਕੇ ਸ੍ਰੀ ਸੂਰਜ ਉਪ ਮੰਡਲ ਮੈਜਿਸਟ੍ਰੇਟ ਜੈਤੋ, ਸ੍ਰੀ ਵਰਿੰਦਰ ਸਿੰਘ ਉਪ ਮੰਡਲ ਮੈਜਿਸਟ੍ਰੇਟ ਕੋਟਕਪੂਰਾ,ਡਾ.ਅਮਰੀਕਸਿੰਘ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ,ਸ੍ਰੀ ਰਵੀਪਾਲ ਵਾਤਾਰਣ ਇੰਜੀਨਅਰ,ਸ੍ਰੀ ਬਲਜੀਤ ਸਿੰਘ ਐਸ.ਪੀ ਹੈਡਕੁਆਟਰ, ਸ੍ਰੀ ਜਸਮੀਤ ਸਿੰਘ ਐਸ.ਪੀ (ਡੀ), ਸ੍ਰੀ ਅਭਿਨਵ ਗੋਇਲ ਬੀ.ਡੀ.ਪੀ.ਓ.ਕੋਟਕਪੂਰਾ, ਸ੍ਰੀ ਰਣਵੀਰ ਸਿੰਘ ਤਹਿਸੀਲਦਾਰ ਅਤੇ ਸਮੂਹ ਕਲੱਸਟਰ ਅਫਸਰ ਹਾਜ਼ਿਰ ਸਨ।