ਲੁਧਿਆਣਾ, 27 ਅਗਸਤ 2024 : ਪੰਜਾਬ ਵਿੱਚ ਮੌਸਮ ਅਗਸਤ ਮਹੀਨੇ ਵਿੱਚ ਖੁਸ਼ਨੂਮਾ ਹੋ ਰਿਹਾ ਹੈ। ਹਾਲਾਂਕਿ, ਗਰਮੀ ਵੀ ਵੱਧ ਰਹੀ ਹੈ, ਪਰ ਗਰਮੀ ਵਧਣ ਦੇ ਨਾਲ ਹੀ ਬਾਰਿਸ਼ ਹੋ ਜਾਂਦੀ ਹੈ ਜਿਸ ਨਾਲ ਟੈਂਪਰੇਚਰ ਵੀ ਹੇਠਾਂ ਜਾਂਦੇ ਹਨ। ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ, ਤਾਂ ਜੂਨ ਜੁਲਾਈ ਵਿੱਚ ਕਾਫੀ ਘੱਟ ਬਾਰਿਸ਼ ਰਹੀ ਸੀ, ਪਰ ਅਗਸਤ ਮਹੀਨੇ ਵਿੱਚ ਕਈ ਜ਼ਿਲ੍ਹਿਆਂ ਅੰਦਰ ਆਮ ਜਿੰਨੀ ਬਾਰਿਸ਼ ਹੋ ਗਈ ਹੈ। ਮੌਜੂਦਾ ਟੈਂਪਰੇਚਰ ਦਿਨ ਰਾਤ 33 ਡਿਗਰੀ ਅਤੇ ਰਾਤ ਦਾ 25 ਡਿਗਰੀ ਦੇ ਨੇੜੇ ਚੱਲ ਰਿਹਾ ਹੈ। 29 ਅਤੇ 30 ਅਗਸਤ ਨੂੰ ਵੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਤੇਜ਼ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਸਭ ਤੋਂ ਵੱਧ ਬਾਰਿਸ਼ ਤਰਨ ਤਾਰਨ ਅਤੇ ਪਠਾਨਕੋਟ ਜ਼ਿਲ੍ਹੇ ਵਿੱਚ ਪਈ ਹੈ, ਜਦਕਿ ਮੁਹਾਲੀ ਬਠਿੰਡਾ ਅਤੇ ਫਤਿਹਗੜ੍ਹ ਸਾਹਿਬ ਆਦਿ ਜ਼ਿਲ੍ਹਿਆਂ ਵਿੱਚ 20 ਫੀਸਦੀ ਘੱਟ ਬਾਰਿਸ਼ ਵੇਖਣ ਨੂੰ ਮਿਲੀ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਕਿਸਾਨਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਆਪਣੀਆਂ ਫਸਲਾਂ ਵਿੱਚ ਜਿਆਦਾ ਪਾਣੀ ਖੜਾ ਨਾ ਰਹਿਣ ਦੇਣ। ਸਾਉਣੀ ਦੀਆਂ ਫਸਲਾਂ ਲਈ ਬਾਰਿਸ਼ ਦਾ ਪਾਣੀ ਕਾਫੀ ਲਾਹੇਵੰਦ ਹੈ। ਉੱਥੇ ਉਨ੍ਹਾਂ ਲਗਾਤਾਰ ਵੱਧ ਰਹੀ ਵਾਤਾਵਰਣ ਵਿੱਚ ਨਮੀ ਨੂੰ ਲੈ ਕੇ ਵੀ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਜ਼ਿਆਦਾ ਸਫਰ ਨਾ ਕਰਨ ਸ਼ਹਿਰ 'ਤੇ ਨਿਕਲਣ ਵੇਲੇ ਵੀ ਜ਼ਰੂਰ ਮੌਸਮ ਦਾ ਧਿਆਨ ਰੱਖ ਲੈਣ, ਕਿਉਂਕਿ ਇਸ ਤਰ੍ਹਾਂ ਜਦੋਂ ਵਾਤਾਵਰਨ ਵਿੱਚ ਜਿਆਦਾ ਨਮੀ ਹੁੰਦੀ ਹੈ, ਤਾਂ ਇਸ ਦੀ ਲਪੇਟ ਵਿੱਚ ਆਉਣ ਦੇ ਖ਼ਤਰੇ ਜ਼ਿਆਦਾ ਵੱਧ ਜਾਂਦੇ ਹਨ। ਪੀਏਯੂ ਮਾਹਿਰ ਨੇ ਦੱਸਿਆ ਕਿ ਅਗਸਤ ਮਹੀਨੇ ਵਿੱਚ 190 ਐਮਐਮ ਤੱਕ ਆਮ ਬਾਰਿਸ਼ ਹੁੰਦੀ ਹੈ ਅਤੇ ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਹੁਣ ਤੱਕ 190 ਐਮਐਮ ਬਾਰਿਸ਼ ਪੂਰੀ ਹੋ ਚੁੱਕੀ ਹੈ। ਜੇਕਰ ਅਗਸਤ ਮਹੀਨੇ ਦੇ ਵਿੱਚ ਹੋਰ ਬਾਰਿਸ਼ ਆਖਰ ਦੇ ਦਿਨਾਂ ਅੰਦਰ ਹੋ ਜਾਂਦੀ ਹੈ, ਤਾਂ ਇਹ ਆਮ ਨਾਲੋਂ ਜਿਆਦਾ ਬਾਰਿਸ਼ ਹੋਵੇਗੀ ਜੋ ਕਿ ਜੂਨ ਅਤੇ ਜੁਲਾਈ ਦੇ ਵਿੱਚ ਘੱਟ ਹੋਈ ਬਾਰਿਸ਼ ਦੀ ਪੂਰਤੀ ਕਰੇਗੀ। ਉਨ੍ਹਾਂ ਨੇ ਕਿਹਾ ਕਿ ਲੁਧਿਆਣੇ ਦੇ ਵਿੱਚ ਆਮ ਜਿੰਨੀ ਬਾਰਿਸ਼ ਹੋ ਗਈ ਹੈ, ਪਰ ਜੂਨ ਜੁਲਾਈ ਵਿੱਚ ਬਾਰਿਸ਼ ਘੱਟ ਰਹੀ।