ਲੁਧਿਆਣਾ 8 ਜੂਨ : ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਨੇ ਪੰਜਾਬ ਦੇ ਕਾਰੋਬਾਰ ਉੱਦਮੀਆਂ ਲਈ ਵਿਸ਼ੇਸ਼ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਅਨੁਸਾਰ ਜ਼ਮੀਨੀ ਪੱਧਰ ਦੇ ਖੇਤੀ ਕਾਰੋਬਾਰ ਖੋਜੀਆਂ ਲਈ ਇਕ ਮੰਚ ਮੁਹਈਆ ਕਰਵਾਇਆ ਜਾਵੇਗਾ। ਇਸ ਪ੍ਰੋਗਰਾਮ ਲਈ ਪੀ ਏ ਯੂ ਦੇ ਪੰਜਾਬ ਐਗਰੀ ਬਿਜ਼ਨਸ ਇਨਕਿਊਬੇਟਰ ਦੇ 5 ਵਿੱਚੋਂ 2 ਕਾਰੋਬਾਰੀ ਚੁਣੇ ਗਏ। ਸ. ਗੁਰਵਿੰਦਰ ਸਿੰਘ ਸੋਹੀ (ਆਰ.ਟੀ.ਐਸ. ਫਲਾਵਰਜ਼) ਜਿਨ੍ਹਾਂ ਨੇ ਫਲੋਰੀਕਲਚਰ ਵਿੱਚ ਮਸ਼ੀਨੀ ਵਰਤੋਂ ਵਧਾਈ ਹੈ ਅਤੇ ਦੂਜੇ ਹਨ ਸ.ਜਸਵੰਤ ਸਿੰਘ ਟਿਵਾਣਾ (ਬੋਟੈਨਿਕ ਹਨੀ) ਜਿਨ੍ਹਾਂ ਨੇ ਸ਼ਹਿਦ ਦੇ ਖੇਤਰ ਵਿਚ ਮਸ਼ੀਨ ਤਿਆਰ ਕੀਤੀ ਹੈ। ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਇਨ੍ਹਾਂ ਕਾਰੋਬਾਰੀਆਂ ਨੂੰ ਸਨਮਾਨਿਤ ਕੀਤਾ। ਅਪਰ ਨਿਰਦੇਸ਼ਕ ਸੰਚਾਰ ਡਾ: ਤੇਜਿੰਦਰ ਸਿੰਘ ਰਿਆੜ ਨੇ ਇਨ੍ਹਾਂ ਕਾਰੋਬਾਰੀਆਂ ਨੂੰ ਵਧਾਈ ਦਿੱਤੀ ਅਤੇ ਗੁਰਵਿੰਦਰ ਸਿੰਘ ਸੋਹੀ ਅਤੇ ਜਸਵੰਤ ਸਿੰਘ ਟਿਵਾਣਾ ਦੀ ਭਵਿੱਖ ਵਿਚ ਸਫਲਤਾ ਦੀ ਕਾਮਨਾ ਕੀਤੀ।